ਸਾਊਦੀ ਅਰਬ ਨੇ ਕਿਹਾ, ਬਾਜ਼ਾਰ ’ਚ ਸਥਿਰਤਾ ਲਈ ਓਪੇਕ ਕਰ ਰਿਹਾ ਹੈ ਕੰਮ
Saturday, Oct 22, 2022 - 11:03 AM (IST)
ਨਵੀਂ ਦਿੱਲੀ–ਸਾਊਦੀ ਅਰਬ ਨੇ ਸ਼ੁੱਕਰਵਾਰ ਨੂੰ ਤੇਲ ਐਕਸਪੋਰਟਰ ਦੇਸ਼ਾਂ ਦੇ ਸੰਗਠਨ ਓਪੇਕ ਅਤੇ ਉਸ ਦੇ ਸਹਿਯੋਗੀ ਦੇਸ਼ਾਂ (ਓਪੇਕ ਪਲੱਸ) ਵਲੋਂ ਕੱਚੇ ਤੇਲ ਦੇ ਉਤਪਾਦਨ ’ਚ ਕਟੌਤੀ ਦੇ ਫੈਸਲੇ ਦਾ ਬਚਾਅ ਕੀਤਾ। ਸਾਊਦੀ ਅਰਬ ਨੇ ਕਿਹਾ ਕਿ ਕਟੌਤੀ ਦਾ ਫੈਸਲਾ ਬਾਜ਼ਾਰ ਨੂੰ ਸੁਰੱਖਿਅਤ ਅਤੇ ਸਥਿਰ ਕਰਨ ਲਈ ਸਹੀ ਹੈ। ਸਾਊਦੀ ਊਰਜਾ ਮੰਤਰੀ ਅਬਦੁਲ ਅਜੀਜ ਬਿਨ ਸਲਮਾਨ ਨੇ ਇੱਥੇ ਕਿਹਾ ਕਿ ਓਪੇਕ ਅਤੇ ਸਹਿਯੋਗੀ ਦੇਸ਼ ‘‘ਸਹੀ ਕੰਮ ਕਰ ਰਹੇ ਹਨ।’’ ਉਹ ਸਾਊਦੀ ਪ੍ਰਧਾਨ ਮੰਤਰੀ ਅਤੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਅਗਲੇ ਮਹੀਨੇ ਪ੍ਰਸਤਾਵਿਤ ਭਾਰਤ ਯਾਤਰਾ ਲਈ ਜ਼ਮੀਨ ਤਿਆਰ ਕਰਨ ਲਈ ਇਕ ਦਿਨਾਂ ਯਾਤਰਾ ’ਤੇ ਹਨ।
ਓਪੇਕ ਅਤੇ ਸਹਿਯੋਗੀ ਦੇਸ਼ਾਂ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਫੈਸਲਾ ਕੀਤਾ ਸੀ ਕਿ ਨਵੰਬਰ ਤੋਂ ਕੱਚੇ ਤੇਲ ਦੇ ਉਤਪਾਦਨ ਕੋਟਾ ’ਚ 20 ਲੱਖ ਬੈਰਲ ਰੋਜ਼ਾਨਾ ਦੀ ਕਟੌਤੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਓਪੇਕ ਅਤੇ ਸਹਿਯੋਗੀ ਦੇਸ਼ਾਂ ਵਲੋਂ ਕੀਤੇ ਗਏ ਇਸ ਫੈਸਲੇ ਦਾ ਮਕਸਦ ਬਾਜ਼ਾਰ ਨੂੰ ਸੁਰੱਖਿਅਤ ਅਤੇ ਸਥਿਰ ਬਣਾਈ ਰੱਖਣਾ ਹੈ। ਇਸ ਫੈਸਲੇ ਤੋਂ ਬਾਅਦ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਦੇਖੀ ਗਈ। ਭਾਰਤ ਦੀ ਯਾਤਰਾ ’ਤੇ ਆਏ ਸਾਊਦੀ ਅਰਬ ਦੇ ਊਰਜਾ ਮੰਤਰੀ ਨੇ ਵਪਾਰ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ, ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਬਿਜਲੀ ਮੰਤਰੀ ਆਰ. ਕੇ. ਸਿੰਘ ਸਮੇਤ ਚੋਟੀ ਦੇ ਮੰਤਰੀਆਂ ਨਾਲ ਚਰਚਾ ਕੀਤੀ।