14 ਸਤੰਬਰ ਨੂੰ ਖੁੱਲ੍ਹੇਗਾ ਸਾਂਸੇਰਾ ਇੰਜੀਨੀਅਰਿੰਗ ਦਾ ਆਈ. ਪੀ. ਓ., ਜਾਣੋ ਮੁੱਲ

09/08/2021 2:50:30 PM

ਨਵੀਂ ਦਿੱਲੀ- ਵਾਹਨ ਕਲਪੁਰਜਾ ਕੰਪਨੀ ਸਾਂਸੇਰਾ ਇੰਜੀਨੀਅਰਿੰਗ ਦਾ ਆਈ. ਪੀ. ਓ. 14 ਸਤੰਬਰ ਨੂੰ ਖੁੱਲ੍ਹਣ ਜਾ ਰਿਹਾ ਹੈ। ਇਸ ਆਈ. ਪੀ. ਓ. ਵਿਚ 16 ਸਤੰਬਰ ਤੱਕ ਨਿਵੇਸ਼ ਕੀਤਾ ਜਾ ਸਕਦਾ ਹੈ।

ਇਸ ਕੰਪਨੀ ਨੇ ਆਪਣੇ 1,283 ਕਰੋੜ ਰੁਪਏ ਦੇ ਆਈ. ਪੀ. ਓ. ਲਈ 734-744 ਰੁਪਏ ਪ੍ਰਤੀ ਸ਼ੇਅਰ ਦਾ ਮੁੱਲ ਦਾਇਰਾ ਨਿਰਧਾਰਤ ਕੀਤਾ ਹੈ। 

ਉੱਥੇ ਹੀ, ਐਂਕਰ ਨਿਵੇਸ਼ਕ 13 ਸਤੰਬਰ ਨੂੰ ਇਸ ਆਈ. ਪੀ. ਓ. ਦੇ ਸ਼ੇਅਰਾਂ ਦੀ ਬੋਲੀ ਲਾ ਸਕਣਗੇ, ਰਿਟੇਲ ਨਿਵੇਸ਼ਕਾਂ ਲਈ ਇਹ 14 ਤਾਰੀਖ਼ ਨੂੰ ਖੁੱਲ੍ਹ ਜਾਏਗਾ। ਇਸ ਆਈ. ਪੀ. ਓ. ਵਿਚ ਸ਼ੇਅਰਾਂ ਦੀ ਵਿਕਰੀ ਪੂਰੀ ਤਰ੍ਹਾਂ ਪ੍ਰਮੋਟਰਾਂ ਅਤੇ ਨਿਵੇਸ਼ਕਾਂ ਵੱਲੋਂ ਓ. ਐੱਫ. ਐੱਸ. ਤਹਿਤ ਕੀਤੀ ਜਾਵੇਗੀ। ਇਸ ਵਿਚ ਕੁੱਲ 1,72,44,328 ਇਕੁਇਟੀ ਸ਼ੇਅਰਾਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਉੱਪਰਲੇ ਮੁੱਲ 'ਤੇ ਕੰਪਨੀ ਦੀ ਯੋਜਨਾ 1,283 ਕਰੋੜ ਰੁਪਏ ਜੁਟਾਉਣ ਦੀ ਹੈ। ਇਸ ਆਈ. ਪੀ. ਓ. ਦਾ 50 ਫ਼ੀਸਦੀ ਯੋਗ ਸੰਸਥਾਗਤ ਖ਼ਰੀਦਦਾਰਾਂ (ਕਿਊ. ਆਈ. ਬੀ.) ਲਈ ਰਾਖਵਾਂ ਹੈ, ਜਦੋਂ ਕਿ 35 ਫ਼ੀਸਦੀ ਪ੍ਰਚੂਨ ਨਿਵੇਸ਼ਕਾਂ ਲਈ ਅਤੇ ਬਾਕੀ 15 ਫ਼ੀਸਦੀ ਗੈਰ-ਸੰਸਥਾਗਤ ਨਿਵੇਸ਼ਕਾਂ (ਐੱਨ. ਆਈ. ਆਈ.) ਲਈ ਹੈ। ਪੀ. ਟੀ. ਆਈ. ਦੀ ਰਿਪੋਰਟ ਮੁਤਾਬਕ, ਬੇਂਗਲੁਰੂ ਸਥਿਤ ਸਾਂਸੇਰਾ ਇੰਜੀਨੀਅਰਿੰਗ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਲਈ ਇਹ ਦੂਜੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਅਗਸਤ 2018 ਵਿਚ ਸੇਬੀ ਕੋਲ ਆਈ. ਪੀ. ਓ. ਲਈ ਦਸਤਾਵੇਜ਼ ਜਮ੍ਹਾ ਕਰਾਏ ਸਨ ਅਤੇ ਇਸ ਨੂੰ ਇਸ ਦੀ ਇਜਾਜ਼ਤ ਵੀ ਮਿਲ ਗਈ ਸੀ। ਹਾਲਾਂਕਿ, ਕੰਪਨੀ ਨੇ ਆਈ. ਪੀ. ਓ. ਲਾਂਚ ਨਹੀਂ ਕੀਤਾ ਸੀ।


Sanjeev

Content Editor

Related News