ਮਈ ’ਚ ਵਾਹਨ ਕੰਪਨੀਆਂ ਦੀ ਵਿਕਰੀ ਨੇ ਫੜੀ ਰਫਤਾਰ, ਹੁੰਡਈ ਨੂੰ ਪਛਾੜ ਕੇ ਟਾਟਾ ਦੂਸਰੇ ਨੰਬਰ ’ਤੇ

Thursday, Jun 02, 2022 - 12:44 PM (IST)

ਮਈ ’ਚ ਵਾਹਨ ਕੰਪਨੀਆਂ ਦੀ ਵਿਕਰੀ ਨੇ ਫੜੀ ਰਫਤਾਰ, ਹੁੰਡਈ ਨੂੰ ਪਛਾੜ ਕੇ ਟਾਟਾ ਦੂਸਰੇ ਨੰਬਰ ’ਤੇ

ਨਵੀਂ ਦਿੱਲੀ (ਭਾਸ਼ਾ) - ਮਾਰੂਤੀ ਸੁਜ਼ੂਕੀ, ਹੁੰਡਈ ਅਤੇ ਟਾਟਾ ਮੋਟਰਸ ਵਰਗੀਆਂ ਪ੍ਰਮੁੱਖ ਵਾਹਨ ਨਿਰਮਾਤਾ ਕੰਪਨੀਆਂ ਦੀ ਵਿਕਰੀ ’ਚ ਮਈ ’ਚ ਉਛਾਲ ਦਰਜ ਕੀਤਾ ਗਿਆ ਹੈ। ਕੌਮਾਂਤਰੀ ਪੱਧਰ ’ਤੇ ਸੈਮੀਕੰਡਕਟਰ ਦੀ ਕਮੀ ਦੇ ਬਾਵਜੂਦ ਸਾਰੇ ਖੇਤਰਾਂ ’ਚ ਯਾਤਰੀ ਵਾਹਨਾਂ ਦੀ ਮਜ਼ਬੂਤ ਮੰਗ ਕਾਰਨ ਕੰਪਨੀਆਂ ਨੇ ਡੀਲਰਾਂ ਨੂੰ ਚੋਖੀ ਗਿਣਤੀ ’ਚ ਵਾਹਨਾਂ ਦੀ ਸਪਲਾਈ ਕੀਤੀ।

ਇਹ ਵੀ ਪੜ੍ਹੋ :  1 ਜੂਨ ਤੋਂ ਬਦਲਣਗੇ ਇਹ ਵੱਡੇ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ

ਮਹਿੰਦਰਾ ਐਂਡ ਮਹਿੰਦਰਾ, ਕੀਆ ਇੰਡੀਆ, ਟੋਯੋਟਾ ਕਿਰਲੋਸਕਰ ਮੋਟਰ, ਹੌਂਡਾ ਕਾਰਸ ਅਤੇ ਸਕੋਡਾ ਨੇ ਵੀ ਪਿਛਲੇ ਮਹੀਨੇ ਬਾਜ਼ਾਰ ’ਚ ਆਪਣੇ ਵਾਹਨਾਂ ਦੀ ਮਜ਼ਬੂਤ ਮੰਗ ਵੇਖੀ। ਘਰੇਲੂ ਥੋਕ ਵਿਕਰੀ ਦੇ ਮਾਮਲੇ ’ਚ ਮਈ, 2022 ਦੌਰਾਨ ਟਾਟਾ ਮੋਟਰਸ ਦੇ ਵਾਹਨਾਂ ਦੀ ਵਿਕਰੀ ਹੁੰਡਈ ਨਾਲੋਂ ਜ਼ਿਆਦਾ ਰਹੀ।

ਟਾਟਾ ਮੋਟਰਸ ਦੀ ਵਿਕਰੀ ’ਚ ਮਈ ਮਹੀਨੇ ’ਚ ਜਬਰਦਸਤ ਵਾਧਾ ਦੇਖਣ ਨੂੰ ਮਿਲਿਆ ਹੈ। ਮਈ 2022 ’ਚ ਭਾਰਤ ਅਤੇ ਵਿਦੇਸ਼ੀ ਬਾਜ਼ਾਰ ’ਚ ਟਾਟਾ ਮੋਟਰਸ ਦੀ ਵਿਕਰੀ 76,210 ਵਾਹਨਾਂ ਦੀ ਰਹੀ, ਜੋ ਮਈ 2021 ’ਚ ਇਸ ਸਮੇਂ ਦੇ ਦੌਰਾਨ 26,661 ਯੂਨਿਟ ਦੀ ਸੀ।

ਇਸ ਤੋਂ ਇਲਾਵਾ ਕੰਪਨੀ ਨੇ ਮਈ 2022 ’ਚ ਪੈਸੰਜਰ ਵ੍ਹੀਕਲ ਸੈਗਮੈਂਟ ’ਚ 43,341 ਕਾਰਾਂ ਦੀ ਵਿਕਰੀ ਕੀਤੀ ਹੈ, ਜਿਸ ’ਚ 185 ਫ਼ੀਸਦੀ ਦੀ ਵਿਕਰੀ ’ਚ ਵਾਧਾ ਹੋਇਆ ਹੈ। ਕੰਪਨੀ ਨੇ ਪਿਛਲੇ ਸਾਲ ਇਸ ਮਹੀਨੇ ’ਚ 15,181 ਪੈਸੰਜਰ ਵਾਹਨ ਵੇਚੇ ਸਨ। ਇਸ ਤੋਂ ਇਲਾਵਾ ਹੁੰਡਈ ਮੋਟਰ ਇੰਡੀਆ ਦੀ ਘਰੇਲੂ ਥੋਕ ਵਿਕਰੀ ਮਈ ’ਚ ਸਾਲਾਨਾ ਆਧਾਰ ’ਤੇ ਵਧ ਕੇ 42,293 ਇਕਾਈ ’ਤੇ ਪਹੁੰਚ ਗਈ।

ਇਹ ਵੀ ਪੜ੍ਹੋ : ਸਭ ਤੋਂ ਜ਼ਿਆਦਾ ਸੈਲਰੀ ਲੈਣ ਵਾਲੇ CEO ਬਣੇ Elon Musk, ਲਕਸ਼ਮੀ ਮਿੱਤਲ ਨੂੰ ਵੀ ਛੱਡਿਆ ਪਿੱਛੇ

ਮਾਰੂਤੀ ਸੁਜ਼ੂਕੀ ਨੇ ਵੇਚੇ 1,61,413 ਵਾਹਨ

ਓਧਰ ਦੇਸ਼ ਦੀ ਸਭ ਤੋਂ ਵੱਡੀ ਕਾਰ ਬਣਾਉਣ ਵਾਲੀ ਕੰਪਨੀ ਮਾਰੂਤੀ ਸੁਜ਼ੂਕੀ ਦੀ ਮਈ ’ਚ ਵਾਹਨਾਂ ਦੀ ਵਿਕਰੀ 1,61,413 ਇਕਾਈ ਰਹੀ, ਜਦੋਂ ਕਿ ਮਈ 2021 ’ਚ 46,555 ਇਕਾਈਆਂ ਦੀ ਵਿਕਰੀ ਹੋਈ ਸੀ। ਪਿਛਲੇ ਮਹੀਨੇ, ਕੰਪਨੀ ਦੀ ਘਰੇਲੂ ਵਾਹਨਾਂ ਦੀ ਵਿਕਰੀ ਵਧ ਕੇ 1,34,222 ਇਕਾਈ ਹੋ ਗਈ, ਜਦੋਂ ਕਿ ਮਈ 2021 ’ਚ 35,293 ਇਕਾਈ ਸੀ। ਕੰਪਨੀ ਦਾ ਕਹਿਣਾ ਹੈ ਕਿ ਮਈ 2021 ’ਚ ਲਾਕਡਾਊਨ ਦੀ ਵਜ੍ਹਾ ਨਾਲ ਇਸ ਦੀ ਵਿਕਰੀ ਘੱਟ ਰਹੀ, ਇਸ ਲਈ ਇਸ ਦੀ ਤੁਲਣਾ ਮਈ 2022 ਤੋਂ ਕਰਨਾ ਠੀਕ ਨਹੀਂ ਹੋਵੇਗਾ।

ਪਿਛਲੇ ਮਹੀਨੇ ਆਲਟੋ ਅਤੇ ਐੱਸ-ਪ੍ਰੇਸੋ ਵਾਲੀਆਂ ਮਿਨੀ ਕਾਰਾਂ ਦੀ ਵਿਕਰੀ 17,408 ਯੂਨਿਟ ਰਹੀ। ਪਿਛਲੇ ਸਾਲ ਦੇ ਇਸੇ ਮਹੀਨੇ ’ਚ ਇਹ 4,760 ਸੀ। ਕੰਪਨੀ ਨੇ ਕਿਹਾ ਕਿ ਸਵਿਫਟ, ਸੇਲੇਰਿਓ, ਇਗਨਿਸ, ਬਲੇਨੋ ਅਤੇ ਡਿਜ਼ਾਇਰ ਵਰਗੇ ਮਾਡਲਾਂ ਸਮੇਤ ਕੰਪੈਕਟ ਸੈਗਮੈਂਟ ’ਚ ਵਿਕਰੀ ਇਸ ਸਾਲ ਮਈ ’ਚ 67,947 ਯੂਨਿਟਸ ਸੀ।

ਇਹ ਵੀ ਪੜ੍ਹੋ : PM ਮੋਦੀ ਨੇ 10 ਕਰੋੜ ਤੋਂ ਵੱਧ ਕਿਸਾਨਾਂ ਲਈ ਜਾਰੀ ਕੀਤੇ 21 ਹਜ਼ਾਰ ਕਰੋੜ ਰੁਪਏ

ਮਹਿੰਦਰਾ ਨੇ ਵੇਚੀਆਂ 53,726 ਇਕਾਈਆਂ

ਵਾਹਨ ਕੰਪਨੀ ਮਹਿੰਦਰਾ ਐਂਡ ਮਹਿੰਦਰਾ (ਐੱਮ. ਐਂਡ ਐੱਮ.) ਦੀ ਵਿਕਰੀ ਮਈ, 2022 ’ਚ ਕੁਲ 53,726 ਇਕਾਈ ਰਹੀ ਹੈ। ਕੰਪਨੀ ਨੇ ਇਸ ਤੋਂ ਪਿਛਲੇ ਸਾਲ ਦੇ ਇਸ ਮਹੀਨੇ ’ਚ ਕੁਲ 17,447 ਵਾਹਨ ਵੇਚੇ ਸਨ। ਘਰੇਲੂ ਵਾਹਨ ਨਿਰਮਾਤਾ ਕੰਪਨੀ ਨੇ ਕਿਹਾ ਕਿ ਘਰੇਲੂ ਬਾਜ਼ਾਰ ’ਚ ਉਸ ਦੇ ਯਾਤਰੀ ਵਾਹਨਾਂ ਦੀ ਵਿਕਰੀ ਪਿਛਲੇ ਮਹੀਨੇ ਵਧ ਕੇ 26,904 ਇਕਾਈ ਹੋ ਗਈ ਹੈ, ਜਦੋਂ ਕਿ ਇਕ ਸਾਲ ਪਹਿਲਾਂ ਦੇ ਇਸੇ ਮਹੀਨੇ ’ਚ ਇਹ 8,004 ਇਕਾਈ ਸੀ। ਕੰਪਨੀ ਦੇ ਵਪਾਰਕ ਵਾਹਨਾਂ ਦੀ ਵਿਕਰੀ ਵੀ ਬੀਤੇ ਮਹੀਨੇ ’ਚ ਵਧ ਕੇ 24,794 ਇਕਾਈ ’ਤੇ ਪਹੁੰਚ ਗਈ। ਮਈ, 2021 ’ਚ ਇਹ 7,508 ਇਕਾਈ ਰਹੀ ਸੀ। ਕੰਪਨੀ ਨੇ ਕਿਹਾ ਕਿ ਮਈ, 2022 ’ਚ ਉਸ ਦੀ ਬਰਾਮਦ ਵੀ ਵਧ ਕੇ 2,028 ਇਕਾਈ ਦੀ ਹੋ ਗਈ।

ਓਧਰ ਸਕੋਡਾ ਆਟੋ ਇੰਡੀਆ ਨੇ ਮਈ ਮਹੀਨੇ ’ਚ 4,604 ਵਾਹਨ ਵੇਚੇ। ਇਸ ਦੇ ਨਾਲ ਕੰਪਨੀ ਦੀ ਸੇਲ ’ਚ ਇਸ ਮਹੀਨੇ 6 ਗੁਣਾ ਦਾ ਵਾਧਾ ਦੇਖਣ ਨੂੰ ਮਿਲਿਆ ਹੈ।

ਕੀਆ ਵ੍ਹੀਕਲਸ ਦੀ ਵਿਕਰੀ ਸਾਲ-ਦਰ-ਸਾਲ 69 ਫ਼ੀਸਦੀ ਵਧ ਕੇ ਮਈ ’ਚ 18,718 ਯੂਨਿਟ ਹੋ ਗਈ।

ਐੱਮ. ਜੀ. ਮੋਟਰ ਇੰਡੀਆ ਦੀ ਮਈ 2022 ’ਚ ਵਿਕਰੀ ਦੁੱਗਣੀ ਹੋ ਕੇ 4,008 ਯੂਨਿਟ ਤੱਕ ਪਹੁੰਚ ਗਈ ਹੈ। ਕੰਪਨੀ ਨੇ ਕਿਹਾ ਕਿ 2021 ’ਚ ਇਸ ਮਹੀਨੇ ਉਸ ਦੀ ਵਿਕਰੀ 1016 ਯੂਨਿਟ ਦੀ ਰਹੀ ਸੀ। ਉੱਥੇ ਹੀ ਅਪ੍ਰੈਲ, 2022 ’ਚ ਐੱਮ. ਜੀ. ਨੇ 2,008 ਵਾਹਨਾਂ ਨੂੰ ਵੇਚਿਆ ਸੀ।

ਇਹ ਵੀ ਪੜ੍ਹੋ : ਸਾਫਟਵੇਅਰ ਦੀ ਮਦਦ ਨਾਲ ਫਲੋਰੀਡਾ ਦੇ ਬ੍ਰੋਕਰ ਨੇ ਅਟਲਾਂਟਾ ’ਚ ਕੀਤੇ ਪ੍ਰਾਪਰਟੀ ਦੇ ਸਭ ਤੋਂ ਜ਼ਿਆਦਾ ਸੌਦੇ

ਬਜਾਜ ਆਟੋ ਦੀ ਕੁੱਲ ਡੋਮੈਸਟਿਕ ਸੇਲ 85 ਫ਼ੀਸਦੀ ਵਧੀ

ਬਜਾਜ ਆਟੋ ਦੇ ਮਈ ਮਹੀਨੇ ਦੀ ਵਿਕਰੀ ’ਚ ਵਾਧਾ ਹੋਇਆ ਹੈ। ਕੰਪਨੀ ਨੇ ਪਿਛਲੇ ਮਹੀਨੇ 2,75,868 ਯੂਨਿਟ ਦੀ ਵਿਕਰੀ ਕੀਤੀ, ਜਦੋਂ ਕਿ ਇਕ ਸਾਲ ਪਹਿਲਾਂ ਦੇ ਇਸੇ ਮਹੀਨੇ ਦੌਰਾਨ ਦੀ ਵਿਕਰੀ 2,71,862 ਯੂਨਿਟ ਸੀ। ਬਜਾਜ ਆਟੋ ਦੀ ਕੁੱਲ ਡੋਮੈਸਟਿਕ ਸੇਲ 85 ਫ਼ੀਸਦੀ ਵਧ ਕੇ 1,12,308 ਯੂਨਿਟਸ ਰਹੀ। ਮਈ, 2021 ’ਚ ਉਸ ਨੇ ਕੁੱਲ 60,830 ਵਾਹਨਾਂ ਦੀ ਵਿਕਰੀ ਕੀਤੀ ਸੀ। ਹਾਲਾਂਕਿ ਮਈ, 2022 ’ਚ ਕੰਪਨੀ ਦੀ ਬਰਾਮਦ 22 ਫ਼ੀਸਦੀ ਘਟ ਕੇ 1,63,560 ਯੂਨਿਟਸ ਰਹੀ।

ਟੀ. ਵੀ. ਐੱਸ. ਮੋਟਰ ਕੰਪਨੀ ਦੀ ਮਈ, 2022 ’ਚ ਕੁਲ ਵਿਕਰੀ ਵਧ ਕੇ 3,02,982 ਇਕਾਈ ’ਤੇ ਪਹੁੰਚ ਗਈ। ਪਿਛਲੇ ਸਾਲ ਦੇ ਇਸੇ ਮਹੀਨੇ ’ਚ ਕੰਪਨੀ ਨੇ ਕੁੱਲ 1,66,889 ਵਾਹਨ ਵੇਚੇ ਸਨ।

ਇਹ ਵੀ ਪੜ੍ਹੋ : 2025 ਤੱਕ 150 ਡਰੋਨ ਪਾਇਲਟ ਟਰੇਨਿੰਗ ਸਕੂਲ ਸਥਾਪਤ ਕਰੇਗੀ ਡਰੋਨ ਡੈਸਟੀਨੇਸ਼ਨ

ਅਸ਼ੋਕ ਲੇਲੈਂਡ ਦੀ ਵਿਕਰੀ 4 ਗੁਣਾ ਉੱਛਲੀ

ਹਿੰਦੂਜਾ ਸਮੂਹ ਦੀ ਪ੍ਰਮੁੱਖ ਕੰਪਨੀ ਅਸ਼ੋਕ ਲੇਲੈਂਡ ਦੀ ਕੁਲ ਕਮਰਸ਼ੀਅਲ ਵਾਹਨਾਂ ਦੀ ਵਿਕਰੀ ਮਈ, 2022 ’ਚ 4 ਗੁਣਾ ਉੱਛਲ ਕੇ 13,273 ਇਕਾਈ ’ਤੇ ਪਹੁੰਚ ਗਈ। ਅਸ਼ੋਕ ਲੇਲੈਂਡ ਨੇ ਕਿਹਾ ਕਿ ਕੰਪਨੀ ਨੇ ਪਿਛਲੇ ਸਾਲ ਮਈ ਮਹੀਨੇ ’ਚ ਕੋਵਿਡ ਸੰਕਟ ਦੌਰਾਨ 3,199 ਇਕਾਈਆਂ ਦੀ ਵਿਕਰੀ ਕੀਤੀ ਸੀ। ਕੰਪਨੀ ਦੇ ਦਰਮਿਆਨੇ ਅਤੇ ਭਾਰੀ ਵਪਾਰਕ ਵਾਹਨਾਂ ਦੀ ਵਿਕਰੀ ਪਿਛਲੇ ਮਹੀਨੇ 7,268 ਇਕਾਈ ਰਹੀ, ਜੋ ਮਈ, 2021 ’ਚ 1,513 ਇਕਾਈ ਸੀ।

ਇਸੇ ਤਰ੍ਹਾਂ ਵਾਹਨ ਨਿਰਮਾਣ ਨਾਲ ਜੁਡ਼ੀ ਕੰਪਨੀ ਟੋਯੋਟਾ ਕਿਰਲੋਸਕਰ ਮੋਟਰ (ਟੀ. ਕੇ. ਐੱਮ.) ਦੇ ਵਾਹਨਾਂ ਦੀ ਕੁੱਲ ਵਿਕਰੀ ਮਈ ’ਚ 14 ਗੁਣਾ ਹੋ ਕੇ 10,216 ਇਕਾਈ ’ਤੇ ਪਹੁੰਚ ਗਈ। ਕੰਪਨੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੇ ਦੌਰਾਨ ਪਿਛਲੇ ਸਾਲ ਮਈ ’ਚ ਉਸ ਨੇ ਡੀਲਰਾਂ ਨੂੰ ਸਿਰਫ 707 ਵਾਹਨਾਂ ਦੀ ਹੀ ਸਪਲਾਈ ਕੀਤੀ ਸੀ।

ਇਹ ਵੀ ਪੜ੍ਹੋ : ਭਾਰਤ ਨੇ 2022-23 ਤੱਕ ਸੇਵਾਵਾਂ ਸ਼ੁਰੂ ਕਰਨ ਲਈ 5ਜੀ ਸਪੈਕਟ੍ਰਮ ਨਿਲਾਮੀ ਲਈ ਆਧਾਰ ਕਾਰਜ ਸ਼ੁਰੂ ਕੀਤਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News