ਕੋਵਿਡ-19: ਆਕਸੀਜਨ ਨਾਲ ਲੈੱਸ 2,500 ਬੈੱਡਾਂ ਦਾ ਪ੍ਰਬੰਧ ਕਰੇਗੀ SAIL

Saturday, May 01, 2021 - 03:28 PM (IST)

ਕੋਵਿਡ-19: ਆਕਸੀਜਨ ਨਾਲ ਲੈੱਸ 2,500 ਬੈੱਡਾਂ ਦਾ ਪ੍ਰਬੰਧ ਕਰੇਗੀ SAIL

ਨਵੀਂ ਦਿੱਲੀ- ਭਾਰਤੀ ਸਟੀਲ ਅਥਾਰਟੀ ਲਿਮਟਿਡ (ਸੇਲ) ਆਪਣੇ ਹਸਪਤਾਲਾਂ ਵਿਚ ਢਾਈ ਹਜ਼ਾਰ ਵਾਧੂ ਬੈੱਡਾਂ ਦਾ ਪ੍ਰਬੰਧ ਕਰਨ ਜਾ ਰਹੀ ਹੈ। ਇਹ ਸਾਰੇ ਬੈੱਡ ਆਕਸੀਜਨ ਦੀ ਵਿਵਸਥਾ ਨਾਲ ਲੈੱਸ ਹੋਣਗੇ। ਇਨ੍ਹਾਂ ਬੈੱਡਾਂ ਦਾ ਇੰਤਜ਼ਾਮ ਵੱਖ-ਵੱਖ ਸੂਬਾ ਸਰਕਾਰਾਂ ਨਾਲ ਤਾਲਮੇਲ ਕਰਕੇ ਕੀਤਾ ਜਾ ਰਿਹਾ ਹੈ। ਸੇਲ ਹੁਣ ਤੱਕ ਦੇਸ਼ ਵਿਚ ਵੱਖ-ਵੱਖ ਜਗ੍ਹਾ ਕੁੱਲ ਮਿਲਾ ਕੇ 40,000 ਟਨ ਆਕਸੀਜਨ ਵੀ ਉਪਲਬਧ ਕਰਾ ਚੁੱਕੀ ਹੈ। ਮਹਾਮਾਰੀ ਦੌਰਾਨ ਹਸਪਤਾਲਾਂ ਵਿਚ ਆਈ. ਸੂ. ਯੂ. ਬੈੱਡਾਂ ਤੇ ਆਕਸੀਜਨ ਦੀ ਘਾਟ ਜਾਨਲੇਵਾ ਸਾਬਤ ਹੋ ਰਹੀ ਹੈ।

ਭਾਰਤੀ ਸਟੀਲ ਅਥਾਰਟੀ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੋਵਿਡ-19 ਨਾਲ ਸੰਕ੍ਰਮਿਤ ਲੋਕਾਂ ਦੇ ਇਲਾਜ ਲਈ ਆਕਸੀਜਨ ਦੀ ਸੁਵਿਧਾ ਨਾਲ ਲੈੱਸ 2,500 ਬੈੱਡ ਸਥਾਪਤ ਕਰਨ ਦੀ ਯੋਜਨਾ ਤਿਆਰ ਹੋ ਗਈ ਹੈ। ਸਟੀਲ ਪਲਾਂਟਾਂ ਤੋਂ ਪਾਈਪਲਾਈਨ ਲਾਈਨ ਜ਼ਰੀਏ ਆਕਸੀਜਨ ਪਹੁੰਚੇਗੀ।

ਇਹ ਸੁਵਿਧਾ ਸੇਲ ਦੇ ਪੰਜ ਸਟੀਲ ਪਲਾਂਟਾਂ- ਛੱਤੀਸਗੜ੍ਹ ਦੇ ਭਿਲਾਈ, ਓਡੀਸ਼ਾ ਦੇ ਰਾਊਰੇਲਾ, ਝਾਰਖੰਡ ਦੇ ਬੇਕਾਰੋ ਅਤੇ ਪੱਛਮੀ ਬੰਗਾਲ ਦੇ ਦੁਰਗਾਪੁਰ ਅਤੇ ਬਰਨਪੁਰ ਵਿਚ ਉਪਲਬਧ ਮੌਜੂਦਾ ਸੁਵਿਧਾ ਤੋਂ ਇਲਾਵਾ ਹੋਵੇਗੀ। ਪਹਿਲੇ ਗੇੜ ਵਿਚ ਕੰਪਨੀ ਲਗਭਗ 700 ਬੈੱਡਾਂ ਦੀ ਸੁਵਿਧਾ ਤਿਆਰ ਕਰੇਗੀ, ਜਿਨ੍ਹਾਂ ਨੂੰ 2,500 ਤੱਕ ਵਧਾਇਆ ਜਾਵੇਗਾ। ਇਸ ਸਮੇਂ ਸੇਲ ਦੇ ਪੰਜ ਹਸਪਤਾਲਾਂ ਵਿਚ ਲਗਭਗ 3,000 ਬੈੱਡ ਹਨ। ਇਨ੍ਹਾਂ ਵਿਚੋਂ 45 ਫ਼ੀਸਦੀ ਕੋਵਿਡ ਮਰੀਜ਼ਾਂ ਲਈ ਰੱਖੇ ਗਏ ਹਨ। ਸੇਲ ਗੈਸੀਅਸ ਆਕਸੀਜਨ ਦੀ ਵਿਵਸਥਾ ਕਰ ਰਹੀ ਹੈ। ਹੁਣ ਤੱਕ ਸੇਲ ਦੇ ਹਸਪਤਾਲਾਂ ਵਿਚ ਤਰਲ ਮੈਡੀਕਲ ਆਕਸੀਜਨ ਤੋਂ ਗੈਸੀਅਸ ਆਕਸੀਜਨ ਕੱਢ ਕੇ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ।


author

Sanjeev

Content Editor

Related News