ਸਹਾਰਾ ਨੇ ਰੱਖਿਆ ਇਲੈਕਟ੍ਰਿਕ ਵਾਹਨ ਖੇਤਰ ''ਚ ਕਦਮ
Wednesday, Jun 05, 2019 - 08:09 PM (IST)

ਲਖਨਊ-ਵਿੱਤੀ ਸੇਵਾਵਾਂ ਦੇਣ ਵਾਲੀ ਕੰਪਨੀ ਸਹਾਰਾ ਇੰਡੀਆ ਨੇ ਇਲੈਕਟ੍ਰਿਕ ਵਾਹਨ ਖੇਤਰ 'ਚ ਕਦਮ ਰੱਖਣ ਦਾ ਐਲਾਨ ਕੀਤਾ। ਸਮੂਹ ਨੇ ਸਹਾਰਾ ਇਵੋਲਸ ਬ੍ਰਾਂਡ ਤਹਿਤ ਇਲੈਕਟ੍ਰਿਕ ਵਾਹਨਾਂ ਦੀ ਆਧੁਨਿਕ ਲੜੀ ਪੇਸ਼ ਕੀਤੀ ਹੈ। ਇਨ੍ਹਾਂ 'ਚ ਇਲੈਕਟ੍ਰਿਕ ਸਕੂਟਰ, ਮੋਟਰਸਾਈਕਲ, ਤਿੰਨ ਪਹੀਆ ਵਾਹਨ ਅਤੇ ਮਾਲਵਾਹਕ ਵਾਹਨ ਸ਼ਾਮਲ ਹਨ। ਇਸ ਦੇ ਨਾਲ ਹੀ ਕੰਪਨੀ ਬੈਟਰੀ ਚਾਰਜਿੰਗ ਅਤੇ ਸਵੈਪਿੰਗ ਸਟੇਸ਼ਨ ਦਾ ਨੈੱਟਵਰਕ ਵੀ ਉਪਲੱਬਧ ਕਰਵਾਏਗੀ।
ਸਹਾਰਾ ਇੰਡੀਆ ਪ੍ਰਮੁੱਖ ਸੁਬਰਤ ਰਾਏ ਨੇ ਕਿਹਾ ਕਿ ਇਲੈਕਟ੍ਰਿਕ ਵਾਹਨ ਵਾਤਾਵਰਣ ਦੇ ਅਨੁਕੂਲ ਹੋਣ ਦੇ ਨਾਲ-ਨਾਲ ਸਾਡੀ ਭਵਿੱਖ ਦੀਆਂ ਪੀੜ੍ਹੀਆਂ ਲਈ ਲਾਭਦਾਇਕ ਹਨ। ਪੈਟਰੋਲ, ਡੀਜ਼ਲ ਦੇ ਪੁਰਾਣੇ ਵਾਹਨਾਂ ਤੋਂ ਨਿਕਲਣ ਵਾਲਾ ਧੂੰਆਂ ਹਵਾ ਪ੍ਰਦੂਸ਼ਣ ਦਾ ਪ੍ਰਮੁੱਖ ਕਾਰਨ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਪੱਧਰ 'ਤੇ ਜ਼ਿਆਦਾ ਸਵੱਛ ਅਤੇ ਜ਼ਿਆਦਾ ਤੰਦਰੁਸਤ ਵਿਸ਼ਵ ਵੱਲ ਵਾਪਸ ਜਾਣ ਦੇ ਉਪਾਅ ਖੋਜੇ ਜਾ ਰਹੇ ਹਨ। ਇਸ ਦਿਸ਼ਾ 'ਚ ਸਹਾਰਾ ਇਵੋਲਸ ਸਾਡਾ ਯੋਗਦਾਨ ਹੈ। ਰਾਏ ਨੇ ਦੱਸਿਆ ਕਿ ਸਹਾਰਾ ਇਵੋਲਸ ਵਾਹਨ ਜਰਮਨ ਇੰਜੀਨੀਅਰਿੰਗ ਵੱਲੋਂ ਡਿਜ਼ਾਈਨ ਅਤੇ ਵਿਕਸਿਤ ਕੀਤੇ ਗਏ ਹਨ।
ਆਮ ਵਾਹਨਾਂ ਦੇ ਮੁਕਾਬਲੇ ਇਵੋਲਸ ਇਲੈਕਟ੍ਰਿਕ ਵਾਹਨ ਤਕਨੀਕ, ਡਿਜ਼ਾਈਨ ਅਤੇ ਪਿੱਕਅਪ ਦੇ ਮਾਮਲੇ 'ਚ ਕਿਤੇ ਅੱਗੇ ਹਨ ਅਤੇ ਉਨ੍ਹਾਂ ਦੇ ਰੱਖ-ਰਖਾਅ ਦਾ ਖਰਚ ਵੀ 5 ਗੁਣਾ ਘੱਟ ਹੈ। ਇਸ ਦੀ ਬੈਟਰੀ ਵੀ ਤੇਜ਼ੀ ਨਾਲ ਚਾਰਜ ਹੁੰਦੀ ਹੈ। ਇਕ ਵਾਰ ਪੂਰੀ ਤਰ੍ਹਾਂ ਚਾਰਜ ਹੋਣ 'ਤੇ ਇਹ ਵਾਹਨ ਆਪਣੀ ਸ਼੍ਰੇਣੀ ਦੇ ਆਧਾਰ 'ਤੇ 55 ਤੋਂ 150 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰਦੇ ਹਨ।