ਕਾਰ ਖਰੀਦਣ ਵਾਲਿਆਂ ਲਈ ਵੱਡੀ ਖਬਰ, ਹੋਣਗੇ ਇਹ ਬਦਲਾਅ

Sunday, Oct 29, 2017 - 03:32 PM (IST)

ਕਾਰ ਖਰੀਦਣ ਵਾਲਿਆਂ ਲਈ ਵੱਡੀ ਖਬਰ, ਹੋਣਗੇ ਇਹ ਬਦਲਾਅ

ਨਵੀਂ ਦਿੱਲੀ— ਹੁਣ ਕਾਰਾਂ ਦੀ ਸਪੀਡ 'ਤੇ ਬ੍ਰੇਕ ਲੱਗਣ ਜਾ ਰਹੀ ਹੈ। ਸੜਕਾਂ 'ਤੇ ਤੇਜ਼ ਰਫਤਾਰ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਕਾਰਾਂ 'ਚ ਸਪੀਡ ਵਾਰਨਿੰਗ ਸਿਸਟਮ ਲਾਏ ਜਾਣਗੇ। ਜਾਣਕਾਰੀ ਮੁਤਾਬਕ, ਜੁਲਾਈ 2019 ਤੋਂ ਬਣਨ ਵਾਲੀਆਂ ਸਾਰੀਆਂ ਕਾਰਾਂ 'ਚ ਏਅਰਬੈਗ, ਸੀਟ ਬੈਲਟ ਰੀਮਾਈਂਡਰ, 80 ਕਿਲੋਮੀਟਰ ਪ੍ਰਤੀ ਘੰਟੇ ਤੋਂ ਵਧ ਸਪੀਡ 'ਤੇ ਅਲਰਟ ਦੇਣ ਵਾਲਾ ਸਪੀਡ ਵਾਰਨਿੰਗ ਸਿਸਟਮ, ਪਿੱਛੇ ਵੱਲ ਗੱਡੀ ਪਾਰਕ ਕਰਨ 'ਤੇ ਅਲਰਟ ਆਦਿ ਫੀਚਰ ਦੇਣਾ ਜ਼ਰੂਰੀ ਹੋ ਜਾਵੇਗਾ। ਸੜਕ ਅਤੇ ਆਵਾਜਾਈ ਮੰਤਰਾਲੇ ਵੱਲੋਂ ਇਸ 'ਤੇ ਮੋਹਰ ਲਾ ਦਿੱਤੀ ਗਈ ਹੈ। ਫਿਲਹਾਲ ਮਹਿੰਗੀ ਲਗਜ਼ਰੀ ਕਾਰ 'ਚ ਹੀ ਇਹ ਫੀਚਰ ਹੁੰਦੇ ਹਨ ਪਰ ਕਾਰ ਕੰਪਨੀਆਂ ਨੂੰ ਹੁਣ ਲਗਜ਼ਰੀ ਕਾਰਾਂ 'ਚ ਦਿੱਤੇ ਜਾਣ ਵਾਲੇ ਸੇਫਟੀ ਫੀਚਰ ਸਾਰੀਆਂ ਕਾਰਾਂ 'ਚ ਦੇਣੇ ਹੋਣਗੇ।

ਟਰਾਂਸਪੋਰਟ ਮੰਤਰਾਲੇ ਦੇ ਇਕ ਸੂਤਰ ਦੀ ਮੰਨੀਏ ਤਾਂ ਨਵੀਆਂ ਕਾਰਾਂ 'ਚ ਅਜਿਹਾ ਸਿਸਟਮ ਲਾਇਆ ਜਾਵੇਗਾ ਜੋ ਕਿ ਸਪੀਡ 80 ਕਿਲੋਮੀਟਰ ਪ੍ਰਤੀ ਘੰਟੇ ਤੋਂ ਵਧ ਹੋਣ 'ਤੇ ਆਡੀਓ ਅਲਰਟ ਦੇਵੇਗਾ। ਜਿੰਨੀ ਉਪਰ ਸਪੀਡ ਜਾਵੇਗੀ ਓਨੀ ਤੇਜ਼ ਅਲਰਟ ਦੀ ਆਵਾਜ਼ ਹੋ ਜਾਵੇਗੀ। ਜ਼ਿਆਦਾ ਸਪੀਡ ਹੋਣ 'ਤੇ ਇਹ ਲਗਾਤਾਰ ਵੱਜਦਾ ਰਹੇਗਾ। ਇਸ ਦਾ ਮਤਲਬ ਹੋਇਆ ਕਿ ਜੇਕਰ ਕੋਈ ਆਪਣੀ ਕਾਰ ਨੂੰ ਜ਼ਿਆਦਾ ਸਪੀਡ 'ਤੇ ਭਜਾਏਗਾ ਤਾਂ ਉਸ ਦਾ ਚਾਲਾਨ ਮਿੰਟਾਂ 'ਚ ਹੋ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਸਾਲ 2016 'ਚ ਭਾਰਤ 'ਚ ਮਰਨ ਵਾਲੇ ਪ੍ਰਤੀ 1.5 ਲੱਖ ਲੋਕਾਂ 'ਚੋਂ ਤਕਰੀਬਨ 74,000 ਲੋਕ ਸੜਕ ਹਾਦਸੇ 'ਚ ਮਾਰੇ ਗਏ। ਇਨ੍ਹਾਂ ਦੀ ਜ਼ਿੰਦਗੀ ਓਵਰ ਸਪੀਡ ਕਾਰਨ ਖਤਮ ਹੋਈ।

ਉੱਥੇ ਹੀ, ਗੱਡੀ ਪਿੱਛੇ ਵੱਲ ਪਾਰਕ ਕਰਨ ਦੌਰਾਨ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਕਾਰਾਂ 'ਚ ਰਿਵਰਸ ਪਾਰਕਿੰਗ ਅਲਰਟ ਦਿੱਤਾ ਜਾਵੇਗਾ। ਕਾਰ ਜਦੋਂ ਰਿਵਰਸ ਗੇਅਰ 'ਚ ਪਿੱਛੇ ਜਾ ਰਹੀ ਹੋਵੇਗੀ ਤਾਂ ਡਰਾਈਵਰ ਨੂੰ ਇਹ ਪਤਾ ਲੱਗਦਾ ਰਹੇਗਾ ਕਿ ਪਿੱਛੇ ਕੋਈ ਹੈ ਜਾਂ ਨਹੀਂ। ਇਸ ਦੇ ਇਲਾਵਾ ਸੈਂਟਰਲ ਲਾਕਿੰਗ ਸਿਸਟਮ ਨੂੰ ਓਵਰਰਾਈਡ ਕਰਨ ਦਾ ਬਦਲ ਵੀ ਹੋਵੇਗਾ। ਇਸ ਨਾਲ ਇਲੈਕਟ੍ਰਿਕ ਪਾਵਰ ਫੇਲ ਹੋਣ ਦੀ ਸਥਿਤੀ 'ਚ ਕਾਰ ਤੋਂ ਬਾਹਰ ਨਿਕਲਿਆ ਜਾ ਸਕੇਗਾ। ਕਈ ਵਾਰ ਸੈਂਟਰਲ ਲਾਕਿੰਗ ਦੇ ਚੱਲਦੇ ਲੋਕ ਕਾਰ 'ਚ ਹੀ ਫਸ ਜਾਂਦੇ ਹਨ। ਸੂਤਰਾਂ ਮੁਤਾਬਕ, ਕੁਝ ਹੀ ਦਿਨਾਂ 'ਚ ਨਵੇਂ ਨਿਯਮਾਂ ਨੂੰ ਜਾਰੀ ਕਰ ਦਿੱਤਾ ਜਾਵੇਗਾ। 


Related News