ਰੂਸ-ਯੂਕ੍ਰੇਨ ਜੰਗ ਕਾਰਨ ਖਾਦ ਦੀਆਂ ਕੀਮਤਾਂ ਵਧਣ ਦਾ ਖਦਸ਼ਾ
Saturday, Mar 05, 2022 - 02:43 PM (IST)
ਨਵੀਂ ਦਿੱਲੀ– ਰੂਸ ਅਤੇ ਯੂਕ੍ਰੇਨ ਦਰਮਿਆਨ ਜਾਰੀ ਜੰਗ ਦਾ ਅਸਰ ਖੇਤੀਬਾੜੀ ਖੇਤਰ ’ਤੇ ਵੀ ਪੈ ਸਕਦਾ ਹੈ। ਦੇਸ਼ ’ਚ ਖਾਦ ਲਈ ਹੁਣ ਪਹਿਲਾਂ ਨਾਲੋਂ ਵਧੇਰੇ ਕੀਮਤ ਅਦਾ ਕਰਨੀ ਪੈ ਸਕਦੀ ਹੈ। ਖਾਦ ਦੇ ਉਤਪਾਦਨ ਲਈ ਪੋਟਾਸ਼ ਜ਼ਰੂਰੀ ਹੁੰਦਾ ਹੈ ਅਤੇ ਭਾਰਤ ਭਾਰੀ ਮਾਤਰਾ ’ਚ ਪੋਟਾਸ਼ ਦੀ ਦਰਾਮਦ ਕਰਦਾ ਹੈ। ਰੂਸ ਅਤੇ ਬੇਲਾਰੂਸ ਪੋਟਾਸ਼ ਦੇ ਸਭ ਤੋਂ ਵੱਡੇ ਬਰਾਮਦਕਾਰ ਹਨ ਪਰ ਯੂਕ੍ਰੇਨ ਨਾਲ ਜਾਰੀ ਜੰਗ ਕਾਰਨ ਪੋਟਾਸ਼ ਦੀ ਸਪਲਾਈ ਸੰਕਟ ’ਚ ਪੈ ਗਈ ਹੈ। ਯੂਕ੍ਰੇਨ ਵੀ ਪੋਟਾਸ਼ ਦੀ ਬਰਾਮਦ ਕਰਦਾ ਹੈ। ਭਾਰਤ ਦੀ ਕੁੱਲ ਖਾਦ ਦਰਾਮਦ ਦਾ 10 ਤੋਂ 12 ਫੀਸਦੀ ਹਿੱਸਾ ਰੂਸ, ਯੂਕ੍ਰੇਨ ਅਤੇ ਬੇਲਾਰੂਸ ਦਾ ਹੈ। ਇਸ ਜੰਗ ਤੋਂ ਪਹਿਲਾਂ ਭਾਰਤ-ਰੂਸ ਦੀਆਂ ਬੰਦਰਗਾਹਾਂ ਰਾਹੀਂ ਬੇਲਾਰੂਸ ਦਾ ਪੋਟਾਸ਼ ਲਿਆਉਣ ਦੀ ਯੋਜਨਾ ਬਣਾ ਰਿਹਾ ਸੀ ਪਰ ਪਾਬੰਦੀਆਂ ਕਾਰਨ ਇਹ ਯੋਜਨਾ ਠੰਡੇ ਬਸਤੇ ’ਚ ਪੈਂਦੀ ਦਿਖਾਈ ਦੇ ਰਹੀ ਹੈ।
ਇਸ ਤੋਂ ਇਲਾਵਾ ਪੋਟਾਸ਼ ਉਤਪਾਦਨ ਕਰਨ ਵਾਲੇ ਹੋਰ ਦੇਸ਼ ਜਿਵੇਂ ਕੈਨੇਡਾ ਆਪਣਾ ਉਤਪਾਦਨ ਵਧਾਉਣ ਨੂੰ ਸਹਿਮਤ ਨਹੀਂ ਹੈ ਅਤੇ ਇਸੇ ਕਾਰਨ ਕੌਮਾਂਤਰੀ ਬਾਜ਼ਾਰ ’ਚ ਇਸ ਦੇ ਰੇਟ ਵਧੇਰੇ ਹਨ। ਖਾਦ ਦੀ ਵਧੇਰੇ ਕੀਮਤ ਕਾਰਨ ਕੇਂਦਰ ਸਰਕਾਰ ਨੂੰ ਵਧੇਰੇ ਗ੍ਰਾਂਟ ਦੇਣੀ ਪੈ ਸਕਦੀ ਹੈ। ਚਾਲੂ ਵਿੱਤੀ ਸਾਲ ’ਚ ਪੋਟਾਸ਼ ਦੀ ਦਰਾਮਦ ਕਰੀਬ 280 ਡਾਲਰ ਪ੍ਰਤੀ ਮੀਟ੍ਰਿਕ ਟਨ ਦੇ ਰੇਟ ’ਤੇ ਕੀਤੀ ਜਾਂਦੀ ਰਹੀ ਪਰ ਸਪਲਾਈ ਸੰਕਟ ਕਾਰਨ ਇਸ ਦੇ ਰੇਟ 500 ਤੋਂ 600 ਡਾਲਰ ਪ੍ਰਤੀ ਮੀਟ੍ਰਿਕ ਟਨ ਹੋ ਸਕਦੇ ਹਨ।
ਇਕਰਾ ਦੇ ਖੋਜ ਮੁਖੀ ਰੋਹਿਤ ਆਹੂਜਾ ਨੇ ਕਿਹਾ ਕਿ ਰੂਸ ਅਤੇ ਬੇਲਾਰੂਸ ’ਤੇ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਸਪਲਾਈ ਸੰਕਟ ਵਧੇਗਾ। ਕਿਸਾਨਾਂ ਨੂੰ ਘੱਟ ਕੀਮਤ ’ਤੇ ਖਾਦ ਮੁਹੱਈਆ ਕਰਵਾਉਣ ਲਈ ਸਰਕਾਰ ਨੂੰ ਹੁਣ ਵਧੇਰੇ ਗ੍ਰਾਂਟ ਦੇਣੀ ਪਵੇਗੀ। ਕ੍ਰਿਸਿਲ ਰੇਟਿੰਗ ਦੇ ਡਾਇਰੈਕਟਰ ਨੀਤੇਸ਼ ਜੈਨ ਨੇ ਕਿਹਾ ਕਿ ਰੂਸ-ਯੂਕ੍ਰੇਨ ਜੰਗ ਦਾ ਖਾਦ ਦੀ ਦਰਾਮਦ ’ਤੇ ਕਾਫੀ ਅਸਰ ਦਿਖਾਈ ਦੇਵੇਗਾ। ਭੁਗਤਾਨ ਅਤੇ ਲਾਜਿਸਟਿਕ ਇਸ ਦੀ ਦਰਾਮਦ ਲਈ ਰੁਕਾਵਟ ਬਣਨਗੇ। ਇੰਡੀਆ ਰੇਟਿੰਗ ਐਂਡ ਰਿਸਰਚ ਦੀ ਸੀਨੀਅਰ ਵਿਸ਼ਲੇਸ਼ਕ ਪੱਲਵੀ ਭਾਟੀ ਨੇ ਕਿਹਾ ਕਿ ਰੂਸ ਖਾਦ ਦਾ ਬਹੁਤ ਵੱਡਾ ਬਰਾਮਦਕਾਰ ਹੈ ਅਤੇ ਇਸ ਕਾਰਨ ਦਰਾਮਦ ਮੁੱਲ ’ਚ ਤੇਜ਼ ਵਾਧੇ ਦੀ ਪੂਰੀ ਸੰਭਾਵਨਾ ਹੈ। ਇਸ ਤੋਂ ਇਲਾਵਾ ਯੂਰੀਆ ਦੇ ਉਤਪਾਦਨ ਲਈ ਜ਼ਰੂਰੀ ਗੈਸ ਦੀਆਂ ਕੀਮਤਾਂ ਵੀ ਵਧੀਆਂ ਹਨ, ਜਿਸ ਦਾ ਅਸਰ ਵੀ ਖਾਦ ਦੀਆਂ ਕੀਮਤਾਂ ’ਤੇ ਪਵੇਗਾ।