ਰੂਸ ਨੇ ਵਿਆਜ ਦਰਾਂ ’ਚ ਕੀਤੀ 150 ਪੁਆਇੰਟਸ ਦੀ ਕਟੌਤੀ
Friday, Jul 22, 2022 - 09:16 PM (IST)
ਬਿਜ਼ਨੈੱਸ ਡੈਸਕ : ਰੂਸ ਨੇ ਯੂਕ੍ਰੇਨ ਨਾਲ ਚੱਲ ਰਹੀ ਜੰਗ ਦਰਮਿਆਨ ਆਪਣੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਰੂਸ ਦੇ ਕੇਂਦਰੀ ਬੈਂਕ ਨੇ ਸ਼ੁੱਕਰਵਾਰ ਨੂੰ ਵਿਆਜ ਦਰਾਂ ’ਚ ਕਟੌਤੀ ਕੀਤੀ ਹੈ। ਰੂਸ ਦੇ ਸੈਂਟਰਲ ਬੈਂਕ ਨੇ ਵਿਆਜ ਦਰਾਂ ’ਚ 150 ਪੁਆਇੰਟਸ ਦੀ ਕਟੌਤੀ ਕੀਤੀ ਹੈ, ਜੋ ਉਮੀਦ ਤੋਂ ਕਿਤੇ ਵੱਧ ਹੈ। ਹੁਣ ਰੂਸ ’ਚ ਵਿਆਜ ਦਰਾਂ 9.5 ਫੀਸਦੀ ਤੋਂ ਘੱਟ ਕੇ 8 ਫੀਸਦੀ ’ਤੇ ਆ ਜਾਣਗੀਆਂ। ਰਾਇਟਰਜ਼ ਦੇ ਅਨੁਸਾਰ ਵਿਸ਼ਲੇਸ਼ਕਾਂ ਨੂੰ 50 ਅਾਧਾਰ ਅੰਕਾਂ ਦੀ ਕਮੀ ਦੀ ਉਮੀਦ ਸੀ।
ਬੈਂਕ ਨੇ ਇਕ ਬਿਆਨ ’ਚ ਕਿਹਾ, ‘‘ਰੂਸੀ ਅਰਥਵਿਵਸਥਾ ਲਈ ਬਾਹਰੀ ਮਾਹੌਲ ਚੁਣੌਤੀਪੂਰਨ ਬਣਿਆ ਹੋਇਆ ਹੈ ਅਤੇ ਆਰਥਿਕ ਗਤੀਵਿਧੀਆਂ ’ਚ ਮਹੱਤਵਪੂਰਨ ਤੌਰ ’ਤੇ ਰੁਕਾਵਟ ਪਾ ਰਿਹਾ ਹੈ, ਇਹ ਦੇਖਦਿਆਂ ਕਿ ਵਪਾਰਕ ਗਤੀਵਿਧੀ ’ਚ ਗਿਰਾਵਟ ਜੂਨ ’ਚ ਉਮੀਦ ਨਾਲੋਂ ਹੌਲੀ ਹੈ। ਯੂਕ੍ਰੇਨ ’ਤੇ ਰੂਸ ਦੇ ਹਮਲੇ ਤੋਂ ਬਾਅਦ ਫਰਵਰੀ ਦੇ ਅੰਤ ’ਚ ਵਿਆਜ ਦਰਾਂ ਨੂੰ 9.5 ਫੀਸਦੀ ਤੋਂ ਵਧਾ ਕੇ 20 ਫੀਸਦੀ ਕਰ ਦਿੱਤਾ ਗਿਆ ਸੀ। ਇਸ ਸਾਲ ਹੁਣ ਤੱਕ ਰੂਸ ਦੇ ਸੈਂਟਰਲ ਬੈਂਕ ਵੱਲੋਂ ਪੰਜਵੀਂ ਦਰ ’ਚ ਕਟੌਤੀ ਕੀਤੀ ਗਈ ਹੈ। ਜੂਨ ’ਚ ਬੈਂਕ ਨੇ ਵਿਆਜ ਦਰਾਂ ਨੂੰ 150 ਆਧਾਰ ਅੰਕਾਂ ਤੋਂ ਘਟਾ ਕੇ 9.5 ਫੀਸਦੀ ਕਰ ਦਿੱਤਾ।
ਬੈਂਕ ਨੇ ਕਿਹਾ ਕਿ ਮੁੱਖ ਦਰ ’ਤੇ ਉਸ ਦੇ ਭਵਿੱਖ ਦਾ ਫੈਸਲੇ ਆਪਣੇ ਟੀਚੇ ਅਤੇ ‘‘ਆਰਥਿਕ ਪਰਿਵਰਤਨ ਪ੍ਰਕਿਰਿਆਵਾਂ’’ ਦੇ ਮੁਕਾਬਲੇ ਮੁਦਰਸਫਿਤੀ ਦੀ ਗਤੀਸ਼ੀਲਤਾ ਜ਼ਰੀਏ ਨਿਰਦੇਸ਼ਿਤ ਹੋਵੇਗਾ ਕਿਉਂਕਿ ਇਹ ਪੱਛਮੀ ਸ਼ਕਤੀਆਂ ਤੋਂ ਲੰਬੇ ਸਮੇਂ ਲਈ, ਗੰਭੀਰ ਆਰਥਿਕ ਪਾਬੰਦੀਆਂ ਦੇ ਅਨੁਕੂਲ ਹੋਣ ਲਈ ਆਪਣੀ ਆਰਥਿਕਤਾ ਨੂੰ ਓਵਰਹਾਲ ਕਰਨਾ ਚਾਹੁੰਦਾ ਹੈ। ਸੀ.ਬੀ.ਆਰ. ਨੇ ਕਿਹਾ ਕਿ ਉਹ 2022 ਦੇ ਦੂਜੇ ਅੱਧ ’ਚ ਇਕ ਹੋਰ ਮਹੱਤਵਪੂਰਨ ਦਰ ’ਚ ਕਟੌਤੀ ਦੀ ਜ਼ਰੂਰਤ ’ਤੇ ਵਿਚਾਰ ਕਰੇਗਾ।