ਬੈਂਕ ਗਾਹਕਾਂ ਲਈ RBI ਦੀ ਗੁੱਡ ਨਿਊਜ਼, 26 ਤੋਂ ਲਾਗੂ ਹੋਵੇਗਾ ਇਹ ਨਿਯਮ

08/22/2019 12:25:04 PM

ਮੁੰਬਈ— ਹੁਣ ਵੱਡੀ ਰਾਸ਼ੀ ਟਰਾਂਸਫਰ ਕਰਨ ਲਈ ਆਰ. ਟੀ. ਜੀ. ਐੱਸ. ਸਿਸਟਮ ਸਵੇਰੇ 7 ਵਜੇ ਤੋਂ ਖੁੱਲ੍ਹਣ ਜਾ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇਸ ਦੀ ਜਾਣਕਾਰੀ ਦਿੱਤੀ। 

ਹੁਣ ਤਕ ਗਾਹਕਾਂ ਦੇ ਲੈਣ-ਦੇਣ ਲਈ ਇਹ ਸੁਵਿਧਾ ਸਵੇਰੇ 8 ਵਜੇ ਖੁੱਲ੍ਹਦੀ ਸੀ ਅਤੇ ਸ਼ਾਮ 6 ਵਜੇ ਤੱਕ ਉਪਲਬੱਧ ਰਹਿੰਦੀ ਸੀ, ਜਦੋਂ ਕਿ ਬੈਂਕਾਂ ਵਿਚਕਾਰ ਲੈਣ-ਦੇਣ ਲਈ ਸਵੇਰੇ 8 ਵਜੇ ਤੋਂ ਸ਼ਾਮ 7.45 ਵਜੇ ਤਕ ਉਪਲੱਬਧ ਹੁੰਦੀ ਹੈ। ਨਵੀਂ ਸੁਵਿਧਾ 26 ਤਰੀਕ ਤੋਂ ਲਾਗੂ ਹੋ ਜਾਵੇਗੀ।

 

ਉੱਥੇ ਹੀ, ਇਸ ਸਾਲ ਦਸੰਬਰ ਤੋਂ ਨੈਸ਼ਨਲ ਇਲੈਕਟ੍ਰਾਨਿਕ ਫੰਡ ਟਰਾਂਸਫਰ(ਐੱਨ. ਈ. ਐੱਫ. ਟੀ.) ਸੁਵਿਧਾ ਵੀ ਰੋਜ਼ਾਨਾ 24 ਘੰਟੇ ਹੋਣ ਜਾ ਰਹੀ ਹੈ, ਯਾਨੀ ਇਕ ਬੈਂਕ ਦੇ ਖਾਤੇ 'ਚੋਂ ਦੂਜੇ ਖਾਤੇ 'ਚ ਪੈਸੇ ਟਰਾਂਸਫਰ ਜਿਸ ਸਮੇਂ ਚਾਹੋ ਕਰ ਸਕੋਗੇ।ਫਿਲਹਾਲ ਐੱਨ. ਈ. ਐੱਫ. ਟੀ. ਸੁਵਿਧਾ ਦੂਜੇ ਤੇ ਚੌਥੇ ਸ਼ਨੀਵਾਰ ਨੂੰ ਛੱਡ ਕੇ ਗਾਹਕਾਂ ਲਈ ਸਵੇਰੇ 8 ਵਜੇ ਤੋਂ ਸ਼ਾਮ 7 ਵਜੇ ਤਕ ਲਈ ਉਪਲੱਬਧ ਹੁੰਦੀ ਹੈ। ਇਸ ਸੁਵਿਧਾ ਤਹਿਤ ਜਿੱਥੇ ਦੋ ਲੱਖ ਰੁਪਏ ਤਕ ਦੀ ਰਾਸ਼ੀ ਭੇਜੀ ਜਾਂਦੀ ਹੈ, ਉੱਥੇ ਹੀ ਇਸ ਤੋਂ ਵੱਧ ਰਾਸ਼ੀ ਟਰਾਂਸਫਰ ਕਰਨ ਲਈ ਆਰ. ਟੀ. ਜੀ. ਐੱਸ. ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

ਆਰ. ਟੀ. ਜੀ. ਐੱਸ. ਸਿਸਟਮ ਮੁੱਖ ਤੌਰ 'ਤੇ ਵੱਡੇ ਮੁੱਲ ਦੇ ਲੈਣ-ਦੇਣ ਲਈ ਹੁੰਦਾ ਹੈ। ਆਰ. ਟੀ. ਜੀ. ਐੱਸ. ਤਹਿਤ ਘੱਟੋ-ਘੱਟ 2 ਲੱਖ ਰੁਪਏ ਟਰਾਂਸਫਰ ਕੀਤੇ ਜਾ ਸਕਦੇ ਹਨ, ਜਦੋਂ ਕਿ ਵੱਧ ਤੋਂ ਵੱਧ ਲਿਮਟ 10 ਲੱਖ ਰੁਪਏ ਪ੍ਰਤੀ ਦਿਨ ਹੈ। ਇੰਟਰਨੈੱਟ ਤੇ ਮੋਬਾਇਲ ਬੈਂਕਿੰਗ ਜ਼ਰੀਏ ਆਰ. ਟੀ. ਜੀ. ਐੱਸ. ਲਈ ਬੈਂਕਾਂ ਨੇ ਹਾਲ ਹੀ 'ਚ ਚਾਰਜ ਸਮਾਪਤ ਕੀਤੇ ਹਨ।


Related News