Royal Enfield: 650cc ਵਾਲੀਆਂ ਬਾਈਕਸ ਦੀ ਬੁਕਿੰਗ ਸ਼ੁਰੂ, ਜਲਦੀ ਹੋਣਗੀਆਂ ਲਾਂਚ
Monday, Oct 22, 2018 - 03:37 PM (IST)

ਨਵੀਂ ਦਿੱਲੀ– ਰਾਇਲ ਐਨਫੀਲਡ ਦੀਆਂ ਨਵੀਆਂ ਬਾਈਕਸ Interceptor 650 ਅਤੇ Continental GT 650 ਦੀ ਬੁਕਿੰਗ ਭਾਰਤ ’ਚ ਸ਼ੁਰੂ ਹੋ ਗਈ ਹੈ। ਇਨ੍ਹਾਂ ਦੋਵਾਂ ਬਾਈਕਸ ਦੀ ਬੁਕਿੰਗ ਰਾਇਲ ਐਨਫੀਲਡ ਦੇ ਡੀਲਰਸ਼ਿੱਪ ’ਤੇ ਕੀਤੀ ਜਾ ਸਕਦੀ ਹੈ। ਇਛੁੱਕ ਗਾਹਕ 5000 ਰੁਪਏ ਦੇ ਕੇ ਬੁਕਿੰਗ ਕਰਵਾ ਸਕਦੇ ਹਨ। ਕੰਪਨੀ ਇਨ੍ਹਾਂ ਦੋਵਾਂ ਬਾਈਕਸ ਨੂੰ ਨਵੰਬਰ ’ਚ ਭਾਰਤੀ ਬਾਜ਼ਾਰ ’ਚ ਲਾਂਚ ਕਰਨ ਵਾਲੀ ਹੈ। ਇਨ੍ਹਾਂ ਦੀ ਕੀਮਤ 3 ਲੱਖ ਰੁਪਏ ਦੀ ਰੇਂਜ ’ਚ ਹੋਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਰਾਇਲ ਐਨਫੀਲਡ ਆਪਣੀਆਂ ਇਨ੍ਹਾਂ ਦੋਵਾਂ 650cc ਬਾਈਕਸ ਨੂੰ ਅਮਰੀਕੀ ਬਾਜਡਾਰ ’ਚ ਲਾਂਚ ਕਰ ਚੁੱਕੀ ਹੈ।
Interceptor 650 ਨੂੰ ਲੰਬੀ ਦੂਰੀ ਨੂੰ ਧਿਆਨ ’ਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ। ਉਥੇ ਹੀ Continental GT 650 ਕੈਫੇ ਰੇਸਰ ਬਾਈਕ ਹੈ। ਇੰਟਰਸੈਪਟਰ 650 ’ਚ 13.7 ਲੀਟਰ ਦਾ ਫਿਊਲ ਟੈਂਕ ਹੈ, ਜਦੋਂ ਕਿ ਕਾਂਟਿਨੈਂਟਲ ਜੀ.ਟੀ. 650 ’ਚ ਇਸ ਤੋਂ ਥੋੜ੍ਹਾ ਛੋਟਾ 12.5 ਲੀਟਰ ਦਾ ਫਿਊਲ ਟੈਂਕ ਦਿੱਤਾ ਗਿਆ ਹੈ। ਕੰਪਨੀ ਨੇ ਇੰਟਰਸੈਪਟਰ ’ਚ 804mm ਉੱਚੀ ਸੀਟ ਦਿੱਤੀ ਹੈ ਜਦੋਂ ਕਿ ਕਾਂਟਿਨੈਂਟਲ ’ਚ 789mm ਦੀ ਸੀਟ ਹੈ।
ਰਾਇਲ ਐਨਫੀਲਡ ਦੀ ਇੰਟਰਸੈਪਟਰ 650 ਦਾ ਭਾਰ 198 ਕਿਲੋਗ੍ਰਾਮ ਅਤੇ ਕਾਂਟਿਨੈਂਟਲ ਜੀ.ਟੀ. 650 ਦਾ ਭਾਰ 202 ਕਿਲੋਗ੍ਰਾਮ ਹੈ। ਦੋਵਾਂ ਬਾਈਕਸ ’ਚ 648cc ਆਈਲਕੂਲਡ, ਪੈਰਲਲ-ਟਵਿਨ ਇੰਜਣ ਹੈ। ਇਹ ਇੰਜਣ 47bhp ਦੀ ਪਾਵਰ ਅਤੇ 52Nm ਦਾ ਟਾਰਕ ਪੈਦਾ ਕਰਦਾ ਹੈ। ਬਾਈਕ 6-ਸਪੀਡ ਮੈਨੁਅਲ ਗਿਅਰਬਾਕਸ ਅਤੇ ਸਲਿਪਰ ਕਲੱਚ ਨਾਲ ਲੈਸ ਹੈ।
ਯੂ.ਐੱਸ. ਮਾਰਕੀਟ ’ਚ Interceptor 650 ਅਤੇ Continental GT 650 ਦੇ ਸਟੈਂਡਰਡ ਵੇਰੀਐਂਟ ਦੀਆਂ ਕੀਮਤਾਂ 5799 ਡਾਲਰ (ਕਰੀਬ 4.21 ਲੱਖ ਰੁਪਏ)ਅਤੇ 5999 ਡਾਲਰ (ਕਰੀਬ 4.36 ਲੱਖ ਰੁਪਏ) ਹਨ।