ਵੱਡੀ ਰਾਹਤ! ਗੱਡੀ ਦੀ ਮਾਲਕੀ ਟਰਾਂਸਫਰ ਨਾਲ ਜੁੜੇ ਨਿਯਮਾਂ 'ਚ ਤਬਦੀਲੀ
Sunday, May 02, 2021 - 03:56 PM (IST)
ਨਵੀਂ ਦਿੱਲੀ- ਹੁਣ ਸਕੂਟਰ, ਮੋਟਰਸਾਈਕਲ ਅਤੇ ਹੋਰ ਗੱਡੀਆਂ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ. ਸੀ.) 'ਚ 'ਉਤਰਾਧਿਕਾਰੀ' ਦਾ ਨਾਂ ਸ਼ਾਮਲ ਕੀਤਾ ਜਾ ਸਕੇਗਾ, ਜਿਵੇਂ ਕਿ ਬੈਂਕ ਖਾਤੇ 'ਚ ਹੁੰਦਾ ਹੈ। ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲਾ ਨੇ ਵਾਹਨ ਦੀ ਰਜਿਸਟਰੀ ਸਮੇਂ 'ਉਤਰਾਧਿਕਾਰੀ' ਨੂੰ ਸ਼ਾਮਲ ਕਰਨ ਦੀ ਹਰੀ ਝੰਡੀ ਦੇ ਕੇ ਮਾਲਕੀ ਟਰਾਂਸਫਰ ਨੂੰ ਸੌਖਾ ਕਰ ਦਿੱਤਾ ਹੈ।
ਮੰਤਰਾਲਾ ਨੇ ਕੇਂਦਰੀ ਮੋਟਰ ਵਾਹਨ ਨਿਯਮ, 1989 ਵਿਚ ਤਬਦੀਲੀ ਕੀਤੀ ਹੈ। ਹੁਣ ਵਾਹਨ ਮਾਲਕ ਰਜਿਸਟ੍ਰੇਸ਼ਨ ਸਮੇਂ ਉਤਰਾਧਿਕਾਰੀ ਨੂੰ ਨਾਮਜ਼ਦ ਕਰ ਸਕਦੇ ਹਨ ਅਤੇ ਬਾਅਦ ਵਿਚ ਵੀ ਅਪਡੇਟ ਕਰਵਾ ਸਕਦੇ ਹਨ। ਹੁਣ ਵਾਹਨ ਮਾਲਕ ਦੀ ਮੌਤ ਤੋਂ ਬਾਅਦ ਵਾਹਨ ਟਰਾਂਸਫਰ ਕਰਾਉਣ ਵਿਚ ਮੁਸ਼ਕਲ ਨਹੀਂ ਆਵੇਗੀ।
ਇਹ ਵੀ ਪੜ੍ਹੋ- ਇਨਕਮ ਟੈਕਸ ਨਿਯਮ, ਘਰ 'ਚ ਇਸ ਤੋਂ ਵੱਧ ਸੋਨਾ ਰੱਖਣਾ ਪੈ ਜਾਵੇਗਾ ਮਹਿੰਗਾ
ਨੋਟੀਫਾਈਡ ਨਿਯਮਾਂ ਅਨੁਸਾਰ, ਉਤਰਾਧਿਕਾਰੀ ਦਾ ਪਛਾਣ ਪ੍ਰਮਾਣ ਪੱਤਰ ਜਮ੍ਹਾ ਹੋਵੇਗਾ। ਇਸ ਸੁਵਿਧਾ ਨਾਲ ਹੁਣ ਆਰ. ਸੀ. ਵਿਚ ਮਾਲਕ ਦੇ ਨਾਮ ਨਾਲ ਹੀ ਦੂਜਾ ਨਾਮ ਵੀ ਹੋਵੇਗਾ ਜੋ ਉਸ ਦੀ ਮੌਤ ਮਗਰੋਂ ਮਾਲਕੀ ਦਾ ਹੱਕਦਾਰ ਹੋਵੇਗਾ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਮਾਲਕ ਦੀ ਮੌਤ ਦੇ 30 ਦਿਨਾਂ ਦੇ ਅੰਦਰ-ਅੰਦਰ ਉਤਰਾਧਿਕਾਰੀ ਨੂੰ ਸਬੰਧਤ ਆਰ. ਟੀ. ਓ. ਨੂੰ ਸੂਚਨਾ ਦੇਣੀ ਹੋਵੇਗੀ ਕਿ ਵਾਹਨ ਮਾਲਕ ਦੀ ਮੌਤ ਹੋ ਗਈ ਹੈ ਅਤੇ ਉਹ ਇਸ ਦਾ ਇਸਤੇਮਾਲ ਕਰਨਾ ਚਾਹੁੰਦਾ ਹੈ। ਇਸ ਦੇ ਨਾਲ ਹੀ ਉਤਰਾਧਿਕਾਰੀ ਨੂੰ ਵਾਹਨ ਦੀ ਮਾਲਕੀ ਆਪਣੇ ਨਾਮ ਟਰਾਂਸਫਰ ਕਰਾਉਣ ਲਈ ਮਾਲਕ ਦੀ ਮੌਤ ਦੇ ਤਿੰਨ ਮਹੀਨਿਆਂ ਅੰਦਰ ਰਜਿਸਟਰਿੰਗ ਅਥਾਰਟੀ ਨੂੰ ਫਾਰਮ-31 ਭਰ ਕੇ ਜਮ੍ਹਾ ਕਰਾਉਣਾ ਹੋਵੇਗਾ।
ਇਹ ਵੀ ਪੜ੍ਹੋ- ਸਟਾਕ ਮਾਰਕੀਟ 'ਤੇ ਦਿਸੇਗਾ ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਦਾ ਅਸਰ
►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ