ਲਗਾਤਾਰ ਵਧਦੀ ਮਹਿੰਗਾਈ ਅਰਥਵਿਵਸਥਾ ’ਤੇ ਪੈ ਰਹੀ ਭਾਰੀ , RBI ਲੈ ਸਕਦਾ ਹੈ ਕਈ ਮਹੱਤਵਪੂਰਨ ਫ਼ੈਸਲੇ

Monday, Oct 04, 2021 - 10:42 AM (IST)

ਮੁੰਬਈ (ਭਾਸ਼ਾ) - ਕੌਮਾਂਤਰੀ ਪੱਧਰ ’ਤੇ ਜਿਣਸ ਕੀਮਤਾਂ ’ਚ ਵਾਧੇ ਦਰਮਿਆਨ ਮਹਿੰਗਾਈ ਨੂੰ ਕਾਬੂ ’ਚ ਰੱਖਣ ਦੇ ਉਦੇਸ਼ ਨਾਲ ਭਾਰਤੀ ਰਿਜ਼ਰਵ ਬੈਂਕ ਅਗਲੀ ਦੋ-ਮਾਹੀ ਕਰੰਸੀ ਨੀਤੀ ਸਮੀਖਿਆ ’ਚ ਲਗਾਤਾਰ 8ਵੀਂ ਵਾਰ ਨੀਤੀਗਤ ਦਰਾਂ ਦੇ ਮੋਰਚੇ ’ਤੇ ਸਥਿਤੀ ਜਿਓਂ ਦੀ ਤਿਓਂ ਕਾਇਮ ਰੱਖ ਸਕਦਾ ਹੈ। ਮਾਹਿਰਾਂ ਨੇ ਇਹ ਰਾਏ ਪ੍ਰਗਟਾਈ ਹੈ।

ਦੋ-ਮਾਹੀ ਕਰੰਸੀ ਸਮੀਖਿਆ ਬੈਠਕ ਇਸ ਹਫ਼ਤੇ ਹੋਣੀ ਹੈ। ਰਿਜ਼ਰਵ ਬੈਂਕ ਨੇ ਆਖਰੀ ਵਾਰ ਮਈ, 2020 ’ਚ ਰੇਪੋ ਦਰ ਨੂੰ 0.40 ਫ਼ੀਸਦੀ ਘਟਾ ਕੇ 4 ਫ਼ੀਸਦੀ ਕੀਤਾ ਸੀ। ਉਸ ਸਮੇਂ ਦੇਸ਼ ਦੀ ਅਰਥਵਿਵਸਥਾ ਕੋਵਿਡ-19 ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੀ। ਉਸ ਤੋਂ ਬਾਅਦ ਕੇਂਦਰੀ ਬੈਂਕ ਨੇ ਵਿਆਜ ਦਰਾਂ ਨੂੰ ਸਥਿਰ ਰੱਖਿਆ ਹੈ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਾਲੀ 6 ਮੈਂਬਰੀ ਕਰੰਸੀ ਨੀਤੀ ਕਮੇਟੀ (ਐੱਮ. ਪੀ. ਸੀ.) ਦੀ 3 ਦਿਨ ਦੀ ਬੈਠਕ 6 ਅਕਤੂਬਰ ਤੋਂ ਸ਼ੁਰੂ ਹੋਣੀ ਹੈ। ਬੈਠਕ ਦੇ ਨਤੀਜਿਆਂ ਦਾ ਐਲਾਨ 8 ਅਕਤੂਬਰ ਨੂੰ ਕੀਤਾ ਜਾਵੇਗਾ। ਮਾਰਗਨ ਸਟੇਨਲੀ ਦੀ ਇਕ ਖੋਜ ਰਿਪੋਰਟ ਅਨੁਸਾਰ, ‘‘ਰਿਜ਼ਰਵ ਬੈਂਕ ਅਗਲੀ ਕਰੰਸੀ ਨੀਤੀ ਸਮੀਖਿਆ ’ਚ ਵਿਆਜ ਦਰਾਂ ਨੂੰ ਸਥਿਰ ਰੱਖੇਗਾ ਅਤੇ ਨਾਲ ਹੀ ਆਪਣੇ ਨਰਮ ਰੁਖ਼ ਨੂੰ ਵੀ ਜਾਰੀ ਰੱਖੇਗਾ।

ਇਹ ਵੀ ਪੜ੍ਹੋ : Jeff Bezos 'ਤੇ ਲੱਗੇ ਗੰਭੀਰ ਦੋਸ਼, 21 ਸੀਨੀਅਰ ਅਧਿਕਾਰੀਆਂ ਨੇ ਦਿੱਤਾ ਇਹ ਬਿਆਨ

ਰਿਪੋਰਟ ’ਚ ਕਿਹਾ ਗਿਆ ਹੈ ਕਿ ਚਾਲੂ ਵਿੱਤੀ ਸਾਲ ’ਚ ਖਪਤਕਾਰ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ 5 ਫ਼ੀਸਦੀ ਦੇ ਆਸਪਾਸ ਰਹੇਗੀ। ਭਾਰਤੀ ਸਟੇਟ ਬੈਂਕ ਦੇ ਚੇਅਰਮੈਨ ਦਿਨੇਸ਼ ਖਾਰਾ ਨੇ ਹਾਲ ’ਚ ਕਿਹਾ ਸੀ ਕਿ ਅਜਿਹਾ ਲੱਗਦਾ ਹੈ ਕਿ ਵਿਆਜ ਦਰਾਂ ਸਥਿਰ ਰਹਿਣਗੀਆਂ। ਉਨ੍ਹਾਂ ਨੇ ਕਿਹਾ ਸੀ, ‘‘ਵਾਧੇ ’ਚ ਕੁਝ ਸੁਧਾਰ ਹੈ। ਅਜਿਹੇ ’ਚ ਮੈਨੂੰ ਲੱਗਦਾ ਹੈ ਕਿ ਵਿਆਜ ਦਰਾਂ ਨਹੀਂ ਵਧਣਗੀਆਂ। ਹਾਲਾਂਕਿ, ਕੇਂਦਰੀ ਬੈਂਕ ਦੀ ਟਿੱਪਣੀ ’ਚ ਮਹਿੰਗਾਈ ਦਾ ਜ਼ਿਕਰ ਹੋਵੇਗਾ। ਕੋਲਿਅਰਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.), ਭਾਰਤ ਅਤੇ ਨਿਰਦੇਸ਼ਕ ਬਾਜ਼ਾਰ ਵਿਕਾਸ (ਏਸ਼ੀਆ) ਰਮੇਸ਼ ਨਾਇਰ ਨੇ ਕਿਹਾ ਕਿ ਅਗਲੀ ਕਰੰਸੀ ਨੀਤੀ ਸਮੀਖਿਆ ਬੈਠਕ ’ਚ ਵਿਆਜ ਦਰਾਂ ’ਚ ਬਦਲਾਅ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ਾਸ ਖ਼ਬਰ, ਇਹ ਏਅਰਲਾਇਨ ਦੇ ਰਿਹੈ 50 ਫ਼ੀਸਦੀ ਸਸਤੇ 'ਚ ਟਿਕਟ ਬੁੱਕ ਕਰਨ ਦਾ ਮੌਕਾ

ਨਾਇਰ ਨੇ ਕਿਹਾ, ‘‘ਇਸ ਨਾਲ ਰਹਾਇਸ਼ ਬਾਜ਼ਾਰ ਨੂੰ ਰਫਤਾਰ ਮਿਲੇਗੀ। ਘਰਾਂ ਦੀਆਂ ਕੀਮਤਾਂ ’ਚ ਸਥਿਰਤਾ, ਕੁਝ ਸੂਬਿਆਂ ’ਚ ਅਸ਼ਟਾਮ ਫੀਸ ’ਚ ਭਾਰੀ ਕਟੌਤੀ ਅਤੇ ਆਪਣਾ ਘਰ ਖਰੀਦਣ ਦੀ ਇੱਛਾ ਦੀ ਵਜ੍ਹਾ ਨਾਲ 2020 ਦੀ ਚੌਥੀ ਤਿਮਾਹੀ ਤੋਂ ਮੰਗ ’ਚ ਸੁਧਾਰ ਹੋਇਆ ਹੈ। ਡੇਲਾਈਟ ਇੰਡੀਆ ਦੀ ਅਰਥਸ਼ਾਸਤਰੀ ਰੁਮਕੀ ਮਜ਼ੂਮਦਾਰ ਨੇ ਕਿਹਾ ਕਿ ਰਿਜ਼ਰਵ ਬੈਂਕ ’ਤੇ ਆਪਣੇ ਰੁਖ਼ ’ਚ ਬਦਲਾਅ ਦਾ ਦਬਾਅ ਹੈ। ਇਸ ਦੀ ਵਜ੍ਹਾ ਇਹ ਹੈ ਕਿ ਕੁਝ ਉਦਯੋਗਿਕ ਦੇਸ਼ਾਂ ’ਚ ਕਰੰਸੀ ਨੀਤੀ ਰੁਖ਼ ਦੀ ਵਜ੍ਹਾ ਨਾਲ ਮਹਿੰਗਾਈ ਵਧ ਰਹੀ ਹੈ ਅਤੇ ਜਿਣਸਾਂ ਦੀਆਂ ਕੀਮਤਾਂ ’ਚ ਵਾਧਾ ਹੋ ਰਿਹਾ ਹੈ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਕੇਂਦਰੀ ਬੈਂਕ ਸੰਭਵ ਹੈ ਕਿ ਨੀਤੀਗਤ ਦਰਾਂ ਨੂੰ ਸਥਿਰ ਰੱਖਣ ਦਾ ਫ਼ੈਸਲਾ ਲੈ ਸਕਦਾ ਹੈ। ਈ. ਵਾਈ. ਇਕਨਾਮੀ ਵਾਚ ਦੇ ਸਤੰਬਰ ਐਡੀਸ਼ਨ ’ਚ ਡੀ. ਕੇ. ਸ਼੍ਰੀਵਾਸਤਵ ਨੇ ਲਿਖਿਆ ਹੈ ਕਿ ਖਪਤਕਾਰ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਦਬਾਅ ’ਚ ਹੈ। ਅਜਿਹੇ ’ਚ ਨੇੜ ਭਵਿੱਖ ’ਚ ਕੇਂਦਰੀ ਬੈਂਕ ਰੇਪੋ ਦਰਾਂ ਨੂੰ ਘਟਾ ਸਕਦਾ ਹੈ। ਕੇਂਦਰੀ ਬੈਂਕ ਜੇਕਰ ਸ਼ੁੱਕਰਵਾਰ ਨੂੰ ਵੀ ਵਿਆਜ ਦਰਾਂ ਨੂੰ ਸਥਿਰ ਰੱਖਦਾ ਹੈ ਤਾਂ ਇਹ ਲਗਾਤਾਰ 8ਵਾਂ ਮੌਕੇ ਹੋਵੇਗਾ ਜਦੋਂ ਕਿ ਵਿਆਜ ਦਰਾਂ ’ਚ ਬਦਲਾਅ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ Retrospective Tax ਲਿਆ ਵਾਪਸ, ਕੇਅਰਨ-ਵੋਡਾਫੋਨ ਨੂੰ ਹੋਵੇਗਾ ਵੱਡਾ ਫਾਇਦਾ

ਨੋਟ - ਇਸ ਖ਼ਬਰ ਬਾਰੇ ਆਪਣੇ  ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News