ਵਧਦੀ ਮਹਿੰਗਾਈ ਕਾਰਨ ਨਿਰਮਾਣ ਸੈਕਟਰ ਦੀ ਗ੍ਰੋਥ ’ਤੇ ਦਿਖਿਆ ਨਾਂਹਪੱਖੀ ਅਸਰ

Friday, Jul 01, 2022 - 06:43 PM (IST)

ਵਧਦੀ ਮਹਿੰਗਾਈ ਕਾਰਨ ਨਿਰਮਾਣ ਸੈਕਟਰ ਦੀ ਗ੍ਰੋਥ ’ਤੇ ਦਿਖਿਆ ਨਾਂਹਪੱਖੀ ਅਸਰ

ਨਵੀਂ ਦਿੱਲੀ (ਭਾਸ਼ਾ)–ਵਧਦੀ ਮਹਿੰਗਾਈ ਕਾਰਨ ਪਿਛਲੇ ਮਹੀਨੇ ਜੂਨ 2022 ’ਚ ਨਿਰਮਾਣ ਸੈਕਟਰ ਦੀ ਗ੍ਰੋਥ ’ਤੇ ਨਾਂਹਪੱਖੀ ਅਸਰ ਪਿਆ। ਨਿਰਮਾਣ ਸੈਕਟਰ ਦੀਆਂ ਗਤੀਵਿਧੀਆਂ ਜੂਨ ’ਚ 9 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਪਹੁੰਚ ਗਈਆਂ। ਮਹਿੰਗਾਈ ਕਾਰਨ ਮੰਗ ਯਾਨੀ ਕੁੱਲ ਵਿਕਰੀ ਅਤੇ ਉਤਪਾਦਨ ਦੋਵੇਂ ਪ੍ਰਭਾਵਿਤ ਹੋਏ ਹਨ। ਇਹ ਖੁਲਾਸਾ ਐੱਸ. ਐਂਡ ਪੀ. ਗਲੋਬਲ ਇੰਡੀਆ ਮੈਨੂਫੈਕਚਰਿੰਗ ਪਰਚੇਜਿੰਗ ਮੈਨੇਜਰਸ ਇੰਡੈਕਸ (ਪੀ. ਐੱਮ. ਆਈ.) ਦੇ ਸਰਵੇ ਤੋਂ ਹੋਇਆ ਹੈ। ਸਰਵੇ ਮੁਤਾਬਕ ਪਿਛਲੇ ਮਹੀਨੇ ਜੂਨ ’ਚ ਮੈਨੂਫੈਕਚਿੰਗ ਪੀ. ਐੱਮ. ਆਈ. ਮਈ ’ਚ 54.6 ਦੇ ਮੁਕਾਬਲੇ ਡਿੱਗ ਕੇ 53.9 ਰਹਿ ਗਿਆ ਜੋ ਪਿਛਲੇ ਸਾਲ ਸਤੰਬਰ ਦੇ ਮੁਕਾਬਲੇ ਸਭ ਤੋਂ ਘੱਟ ਹੈ।

ਇਹ ਵੀ ਪੜ੍ਹੋ :ਅਮਰੀਕੀ ਸੁਪਰੀਮ ਕੋਰਟ ਦੀ ਪਹਿਲੀ ਗੈਰ-ਗੋਰੀ ਮਹਿਲਾ ਬਣੀ ਜੱਜ

ਲਗਾਤਾਰ 12ਵੇਂ ਮਹੀਨੇ ਫੈਕਟਰੀ ਉਤਪਾਦਨ ’ਚ ਗ੍ਰੋਥ ਦੇ ਸੰਕੇਤ
ਜੂਨ ਦੇ ਪੀ. ਐੱਮ. ਆਈ. ਡਾਟਾ ਮੁਤਾਬਕ ਫੈਕਟਰੀ ਉਤਪਾਦਨ 9 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਡਿੱਗ ਗਿਆ। ਹਾਲਾਂਕਿ ਹਾਲੇ ਵੀ ਇਹ 50 ਤੋਂ ਉੱਪਰ ਹੈ ਯਾਨੀ ਕਿ ਫੈਕਟਰੀ ਉਤਪਾਦਨ ਦੀ ਗ੍ਰੋਥ ਬਿਹਤਰ ਹੈ। ਇਹ ਲਗਾਤਾਰ 12ਵਾਂ ਮਹੀਨਾ ਰਿਹਾ ਜਦੋਂ ਓਵਰਆਲ ਆਪ੍ਰੇਟਿੰਗ ਕੰਡੀਸ਼ਨ ’ਚ ਸੁਧਾਰ ਨਜ਼ਰ ਆਇਆ ਹੈ। ਪੀ. ਐੱਮ. ਆਈ. ਦੀ ਭਾਸ਼ਾ ’ਚ ਕਹੀਏ ਤਾਂ ਜੇ ਇਹ 50 ਤੋਂ ਉੱਪਰ ਰਹਿੰਦਾ ਹੈ ਤਾਂ ਇਸ ਦਾ ਮਤਲਬ ਹੋਇਆ ਕਿ ਵਿਸਤਾਰ ਹੋ ਰਿਹਾ ਹੈ ਜਦ ਕਿ ਇਹ 50 ਤੋਂ ਹੇਠਾਂ ਹੈ ਤਾਂ ਇਸ ਦਾ ਮਤਲਬ ਹੈ ਕਿ ਉਤਪਾਦਨ ਘੱਟ ਰਿਹਾ ਹੈ। ਐੱਸ. ਐਂਡ ਪੀ. ਗਲੋਬਲ ਮਾਰਕੀਟ ਇੰਟੈਲੀਜੈਂਸ ਦੀ ਇਕਨੌਮਿਕ ਐਸੋਸੀਏਟ ਡਾਇਰੈਕਟਰ ਪਾਲੀਆਨਾ ਡੀ ਲੀਮਾ ਮੁਤਾਬਕ ਵਧਦੀ ਮਹਿੰਗਾਈ, ਵਿਆਜ ਦਰਾਂ ’ਚ ਵਾਧਾ, ਰੁਪਏ ਦੀ ਕਮਜ਼ੋਰੀ ਅਤੇ ਭੂ-ਸਿਆਸੀ ਤਣਾਅ ਦੇ ਬਾਵਜੂਦ ਚਾਲੂ ਵਿੱਤੀ ਸਾਲ 2022-23 ਦੀ ਪਹਿਲੀ ਤਿਮਾਹੀ ’ਚ ਨਿਰਮਾਣ ਇੰਡਸਟਰੀ ਦਾ ਪ੍ਰਦਰਸ਼ਨ ਬਿਹਤਰ ਰਿਹਾ।

ਇਹ ਵੀ ਪੜ੍ਹੋ : World Canada Day : ਕੈਨੇਡਾ ਬਾਰੇ ਇਹ ਖਾਸ ਗੱਲਾਂ ਜੋ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ

ਮਹਿੰਗਾਈ ਦਾ ਇੰਝ ਦਿਖਾਈ ਦਿੱਤਾ ਅਸਰ
ਲੀਮਾ ਮੁਤਾਬਕ ਕੈਮੀਕਲਸ, ਇਲੈਕਟ੍ਰਾਨਿਕਸ, ਐਨਰਜੀ, ਮੈਟਲਸ ਅਤੇ ਟੈਕਸਟਾਈਲਸ ਵਰਗੇ ਸੈਕਟਰ ਦੀਆਂ ਕੰਪਨੀਆਂ ਦੀ ਗ੍ਰੋਥ ਬਿਹਤਰ ਰਹੀ, ਜਿਨ੍ਹਾਂ ਨੇ ਵਧੀ ਲਾਗਤ ਕਾਰਨ ਵਿਕਰੀ ਮੁੱਲ ਵਧਾ ਦਿੱਤਾ ਸੀ। ਹਾਲਾਂਕਿ ਸਰਵੇ ਮੁਤਾਬਕ ਫੈਕਟਰੀ ਆਰਡਰ, ਉਤਪਾਦਨ, ਐਕਸਪੋਰਟ, ਇਨਪੁੱਟ ਬਾਇੰਗ ਅਤੇ ਰੁਜ਼ਗਾਰ ਦੀ ਗ੍ਰੋਥ ਸੁਸਤ ਹੋਈ ਕਿਉਂਕਿ ਵਧਦੀ ਮਹਿੰਗਾਈ ਕਾਰਨ ਕਲਾਇੰਟਸ ਅਤੇ ਕਾਰੋਬਾਰੀਆਂ ਨੇ ਖਰਚਾ ਸੀਮਤ ਕਰ ਦਿੱਤਾ।

ਕਾਰੋਬਾਰੀ ਭਰੋਸਾ 27 ਮਹੀਨਿਆਂ ਦੇ ਹੇਠਲੇ ਪੱਧਰ ’ਤੇ
ਮਹਿੰਗਾਈ ਨੇ ਕਾਰੋਬਾਰੀ ਭਰੋਸੇ ’ਤੇ ਨਾਂਹਪੱਖੀ ਅਸਰ ਪਾਇਆ ਹੈ। ਸਰਵੇ ਮੁਤਾਬਕ ਜੂਨ ’ਚ ਕਾਰੋਬਾਰੀ ਭਰੋਸਾ 27 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਡਿੱਗ ਗਿਆ। ਉੱਥੇ ਹੀ ਰੁਜ਼ਗਾਰ ਦੀ ਗੱਲ ਕਰੀਏ ਤਾਂ ਲਗਾਤਾਰ ਚੌਥੇ ਮਹੀਨੇ ਇਸ ’ਚ ਉਛਾਲ ਰਿਹਾ ਪਰ ਪਹਿਲਾਂ ਦੇ ਮੁਕਾਬਲੇ ਇਸ ਦੀ ਰਫਤਾਰ ਹੌਲੀ ਰਹੀ। ਆਰ. ਬੀ. ਆਈ. ਵੱਲੋਂ ਵੀਰਵਾਰ ਨੂੰ ਜਾਰੀ ਰਿਪੋਰਟ ਮੁਤਾਬਕ ਮਹਿੰਗਾਈ ’ਚ ਨਰਮੀ ਦੀ ਉਮੀਦ ਹਾਲੇ ਘੱਟ ਦਿਖਾਈ ਦੇ ਰਹੀ ਹੈ। ਰੂਸ ਅਤੇ ਯੂਕ੍ਰੇਨ ਦਰਮਿਆਨ ਲੜਾਈ, ਕੇਂਦਰੀ ਬੈਂਕਾਂ ਵਲੋਂ ਮੁਦਰਾ ਨੀਤੀਆਂ ਨੂੰ ਸਖਤ ਕਰਨ ਕਾਰਨ ਮਹਿੰਗਾਈ ਦਾ ਦਬਾਅ ਬਣਿਆ ਰਹੇਗਾ।

ਇਹ ਵੀ ਪੜ੍ਹੋ :ਯੂਕ੍ਰੇਨ ਨੂੰ 80 ਕਰੋੜ ਡਾਲਰ ਦੀ ਫੌਜੀ ਸਹਾਇਤਾ ਭੇਜੇਗਾ ਅਮਰੀਕਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News