‘ਸੋਧੀ ਹੋਈ ਆਮਦਨ ਕਰ ਵਿਵਸਥਾ ਨੂੰ ‘ਸ਼ਾਨਦਾਰ’ ਪ੍ਰਤੀਕਿਰਿਆ ਮਿਲਣ ਦੀ ਉਮੀਦ’

Saturday, Feb 04, 2023 - 10:56 AM (IST)

‘ਸੋਧੀ ਹੋਈ ਆਮਦਨ ਕਰ ਵਿਵਸਥਾ ਨੂੰ ‘ਸ਼ਾਨਦਾਰ’ ਪ੍ਰਤੀਕਿਰਿਆ ਮਿਲਣ ਦੀ ਉਮੀਦ’

ਨਵੀਂ ਦਿੱਲੀ (ਭਾਸ਼ਾ) – ਸਰਕਾਰ ਨੂੰ ਸੋਧੀ ਹੋਈ ਆਮਦਨ ਕਰ ਵਿਵਸਥਾ ਲਈ ‘ਸ਼ਾਨਦਾਰ’ ਪ੍ਰਤੀਕਿਰਿਆ ਮਿਲਣ ਦੀ ਉਮੀਦ ਹੈ ਅਤੇ ਉਸ ਦਾ ਮੰਨਣਾ ਹੈ ਕਿ ਇਸ ਦਾ ਲਾਭ ਟੈਕਸਦਾਤਾ ਦੇ ਹਰ ਵਰਗ ਤੱਕ ਪਹੁੰਚੇਗਾ। ਇਕ ਚੋਟੀ ਦੇ ਆਮਦਨ ਕਰ ਅਧਿਕਾਰੀ ਨੇ ਇਹ ਸੰਭਾਵਨਾ ਪ੍ਰਗਟਾਈ। ਆਮ ਬਜਟ 2023-24 ’ਚ ਨਵੀਂ ਬਦਲ ਟੈਕਸ ਵਿਵਸਥਾ ’ਚ ਬਦਲਾਅ ਦੀ ਪੇਸ਼ਕਸ਼ ਕੀਤੀ ਗਈ ਹੈ, ਜਿਸ ’ਚ 7 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ’ਤੇ ਕੋਈ ਟੈਕਸ ਨਾ ਲਾਉਣ ਦੀ ਵਿਵਸਥਾ ਕੀਤੀ ਗਈ ਹੈ।

ਸੋਧੀ ਹੋਈ ਵਿਵਸਥਾ ’ਚ ਟੈਕਸਦਾਤਿਆਂ ਨੂੰ 50,000 ਰੁਪਏ ਦੀ ਮਿਆਰੀ ਕਟੌਤੀ ਦਾ ਦਾਅਵਾ ਕਰਨ ਦੀ ਇਜਾਜ਼ਤ ਵੀ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਪਹਿਲ ਰਾਹੀਂ ਸਰਕਾਰ ਤਨਖਾਹ ਲੈਣ ਵਾਲੇ ਵਰਗ ਨੂੰ ਨਵੀਂ ਟੈਕਸ ਵਿਵਸਥਾ ਅਪਣਾਉਣ ਲਈ ਲੁਭਾ ਰਹੀ ਹੈ। ਹਾਲਾਂਕਿ ਇਸ ’ਚ ਨਿਵੇਸ਼ ’ਤੇ ਕੋਈ ਟੈਕਸ ਛੋਟ ਨਹੀਂ ਦਿੱਤੀ ਜਾਂਦੀ ਹੈ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (ਸੀ. ਬੀ. ਡੀ. ਟੀ.) ਦੇ ਚੇਅਰਮੈਨ ਨਿਤਿਨ ਗੁਪਤਾ ਨੇ ਕਿਹਾ ਕਿ ਟੈਕਸਦਾਤਾ ਦੇ ਹਰ ਵਰਗ ਤੱਕ ਲਾਭ ਪਹੁੰਚ ਰਿਹਾ ਹੈ...ਇਹ ਦੇਖਦੇ ਹੋਏ ਕਿ ਨਵੀਂ ਵਿਵਸਥਾ ’ਚ ਤਨਖਾਹਦਾਰ ਟੈਕਸਦਾਤਿਆਂ ਨੂੰ ਮਿਆਰੀ ਕਟੌਤੀ ਮਿਲੇਗੀ, ਪ੍ਰਭਾਵੀ ਤੌਰ ’ਤੇ 7.50 ਲੱਖ ਰੁਪਏ ਤੱਕ ਆਮਦਨ ਵਾਲੇ ਤਨਖਾਹਦਾਰ ਕਰਮਚਾਰੀ ਨੂੰ ਕਿਸੇ ਵੀ ਤਰ੍ਹਾਂ ਦਾ ਟੈਕਸ ਦੇਣ ਦੀ ਲੋੜ ਨਹੀਂ ਹੋਵੇਗੀ। ਬਜਟ ’ਚ ਮਿਆਰੀ ਕਟੌਤੀ ਦਾ ਵਿਸਤਾਰ ਕਰਨ ਤੋਂ ਇਲਾਵਾ ਛੋਟ ਦੀ ਲਿਮਿਟ ਵੀ ਵਧਾ ਦਿੱਤੀ ਗਈ ਹੈ।

ਨਵੀਂ ਟੈਕਸ ਵਿਵਸਥਾ ਦੇ ਤਹਿਤ 3 ਲੱਖ ਰੁਪਏ ਤੱਕ ਦੀ ਆਮਦਨ ’ਤੇ ਕੋਈ ਟੈਕਸ ਨਹੀਂ ਲਗਾਇਆ ਜਾਵੇਗਾ। 3 ਤੋਂ 6 ਲੱਖ ਰੁਪਏ ਦੇ ਦਰਮਿਆਨ ਦੀ ਆਮਦਨ ’ਤੇ 5 ਫੀਸਦੀ ਟੈਕਸ ਲੱਗੇਗਾ। 6 ਤੋਂ 9 ਲੱਖ ਰੁਪਏ ’ਤੇ 10 ਫੀਸਦੀ, 9 ਤੋਂ 12 ਲੱਖ ਰੁਪਏ ’ਤੇ 15 ਫੀਸਦੀ, 12 ਤੋਂ 15 ਲੱਖ ਰੁਪਏ ’ਤੇ 20 ਫੀਸਦੀ ਅਤੇ 15 ਲੱਖ ਰੁਪਏ ਤੋਂ ਵੱਧ ਦੀ ਆਮਦਨ ’ਤੇ 30 ਫੀਸਦੀ ਟੈਕਸ ਲੱਗੇਗਾ। ਇਨ੍ਹਾਂ ਸੋਧਾਂ ਤੋਂ ਬਾਅਦ ਨਵੀਂ ਟੈਕਸ ਵਿਵਸਥਾ ਉਸ ਵਿਅਕਤੀ ਲਈ ਵਧੇਰੇ ਫਾਇਦੇਮੰਦ ਹੋਵੇਗੀ, ਜਿਸ ਕੋਲ ਆਮਦਨ ਕਰ ਕਟੌਤੀ ਦਾ ਦਾਅਵਾ ਕਰਨ ਲਈ ਲੋੜੀਂਦਾ ਨਿਵੇਸ਼ ਨਹੀਂ ਹੈ। ਗੁਪਤਾ ਨੇ ਕਿਹਾ ਕਿ ਅਸੀਂ ਯੋਜਨਾ ਨੂੰ ਵੱਧ ਤੋਂ ਵੱਧ ਆਕਰਸ਼ਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਇਸ ’ਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੈ। ਇਸ ਲਈ ਟੈਕਸਦਾਤਿਆਂ ਨੂੰ ਕੋਈ ਦਸਤਾਵੇਜ਼ ਜਮ੍ਹਾ ਕਰਨ ਦੀ ਵੀ ਲੋੜ ਨਹੀਂ। ਨਾਲ ਹੀ ਟੈਕਸ ਪ੍ਰਸ਼ਾਸਨ ਲਈ ਇਸ ਯੋਜਨਾ ਨੂੰ ਸੰਚਾਲਿਤ ਕਰਨਾ ਸੌਖਾਲਾ ਹੈ। ਗੁਪਤਾ ਨੇ ਉਦਯੋਗ ਮੰਡਲ ਐਸੋਚੈਮ ਦੇ ਇਕ ਪ੍ਰੋਗਰਾਮ ’ਚ ਕਿਹਾ ਕਿ ਸਾਨੂੰ ਉਮੀਦ ਹੈ ਕਿ ਪ੍ਰਸਤਾਵਿਤ ਨਵੀਂ (ਨਿੱਜੀ ਇਨਕਮ ਟੈਕਸ) ਯੋਜਨਾ ਨੂੰ ਸ਼ਾਨਦਾਰ ਪ੍ਰਤੀਕਿਰਿਆ ਮਿਲੇਗੀ।


author

Harinder Kaur

Content Editor

Related News