ਵੱਖ-ਵੱਖ ਮੰਤਰਾਲਿਆਂ ’ਚ PM ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ ’ਚ ਤਰੱਕੀ ਨੂੰ ਲੈ ਕੇ ਸਮੀਖਿਆ
Sunday, Feb 05, 2023 - 06:46 PM (IST)
ਨਵੀਂ ਦਿੱਲੀ (ਭਾਸ਼ਾ) – ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (ਡੀ. ਪੀ. ਆਈ. ਆਈ. ਟੀ.) ਨੇ ਪੀ. ਐੱਮ. ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ (ਐੱਨ. ਐੱਮ. ਪੀ.) ਨੂੰ ਅਪਣਾਉਣ ’ਚ ਸਮਾਜਿਕ ਖੇਤਰ ਦੇ ਮੰਤਰਾਲਿਆਂ ਦੀ ਤਰੱਕੀ ਦੀ ਸਮੀਖਿਆ ਕੀਤੀ ਹੈ। ਇਕ ਅਧਿਕਾਰਕ ਬਿਆਨ ’ਚ ਸ਼ਨੀਵਾਰ ਨੂੰ ਕਿਹਾ ਗਿਆ ਕਿ ਸਮੀਖਿਆ ਬੈਠਕ ’ਚ ਡੀ. ਪੀ. ਆਈ. ਆਈ. ਟੀ. ਨੇ ਐੱਨ. ਐੱਮ. ਪੀ. ਨੂੰ ਅਪਣਾਉਣ ਦੇ ਮਹੱਤਵ ਨੂੰ ਦੱਸਿਆ। ਵਿਭਾਗ ਨੇ ਏਕੀਕ੍ਰਿਤ ਯੋਜਨਾ ਅਤੇ ਬੁਨਿਆਦੀ ਢਾਂਚੇ ਅਤੇ ਸਮਾਜਿਕ ਖੇਤਰ ਦੀਆਂ ਯੋਜਨਾਵਾਂ ਨੂੰ ਲਾਗੂ ਕਰਨ ’ਚ ਇਸ ਵਲੋਂ ਨਿਭਾਈ ਜਾ ਸਕਣ ਵਾਲੀ ਪਰਿਵਰਤਨਕਾਰੀ ਭੂਮਿਕਾ ’ਤੇ ਜ਼ੋਰ ਦਿੱਤਾ। ਵਪਾਰ ਅਤੇ ਉਦਯੋਗ ਮੰਤਰਾਲਾ ਨੇ ਕਿਹਾ ਕਿ ਬਿਹਤਰ ਫੈਸਲੇ ਲੈਣ ਅਤੇ ਸਕੂਲਾਂ, ਹਸਪਤਾਲਾਂ, ਸੇਵਾਵਾਂ ਅਤੇ ਜਨਤਕ ਯੂਜ਼ਰਸ ਦੀ ਵਿਆਪਕ ਮੈਪਿੰਗ ਵਰਗੀਆਂ ਯੋਜਨਾਵਾਂ ਲਈ ਸਮੁੱਚੇ ਨਜ਼ਰੀਏ ਨੂੰ ਅਪਣਾਇਆ ਜਾ ਿਰਹਾ ਹੈ। ਬਿਆਨ ਮੁਤਾਬਕ ਸਮਾਜਿਕ ਖੇਤਰ ਦੇ ਮੰਤਰਾਲਿਆਂ/ਵਿਭਾਗਾਂ ਨੂੰ ਆਪਣੀ ਜਾਇਦਾਦ ਦੀ ਬਿਹਤਰ ਵਰਤੋਂ ਕਰਨ ਅਤੇ ਦੇਸ਼ ਭਰ ’ਚ ਸਮੁੱਚੇ ਵਿਕਾਸ ਲਈ ਪੀ. ਐੱਮ. ਗਤੀਸ਼ਕਤੀ ਐੱਨ. ਐੱਮ. ਪੀ. ਨੂੰ ਅਪਣਾਉਣ ਦੀ ਲੋੜ ਹੈ। ਬੈਠਕ ’ਚ ਪੰਚਾਇਤੀ ਰਾਜ, ਸਿਹਤ ਅਤੇ ਪਰਿਵਾਰ ਕਲਿਆਣ, ਡਾਕ, ਮੁੱਢਲੀ ਸਿੱਖਿਆ ਅਤੇ ਸਾਖਰਤਾ, ਉੱਚ ਸਿੱਖਿਆ, ਸੰਸਕ੍ਰਿਤੀ ਅਤੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਸਮੇਤ 14 ਮੰਤਰਾਲਿਆਂ ਦੇ 35 ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।