ਜਨਵਰੀ ਮਹੀਨੇ ''ਚ ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ 5 ਫੀਸਦੀ ਡਿੱਗੀ : ਫਾਡਾ

Thursday, Feb 20, 2020 - 05:16 PM (IST)

ਜਨਵਰੀ ਮਹੀਨੇ ''ਚ ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ 5 ਫੀਸਦੀ ਡਿੱਗੀ : ਫਾਡਾ

ਨਵੀਂ ਦਿੱਲੀ — ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ ਵਿਚ ਇਸ ਸਾਲ ਜਨਵਰੀ ਮਹੀਨੇ 'ਚ 4.61 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਆਟੋਮੋਬਾਈਲ ਡੀਲਰਜ਼ ਬਾਡੀ ਫਾਡਾ ਦੀ ਇਕ ਰਿਪੋਰਟ ਅਨੁਸਾਰ ਇਸ ਮਿਆਦ ਦੌਰਾਨ ਕੁੱਲ 2,90,879 ਯੂਨਿਟ ਵਾਹਨ ਵਿਕੇ ਹਨ। ਪਿਛਲੇ ਸਾਲ ਜਨਵਰੀ ਵਿਚ 3,04,929 ਯੂਨਿਟ ਯਾਤਰੀ ਵਾਹਨਾਂ ਦੀ ਵਿਕਰੀ ਹੋਈ ਸੀ।

ਦੋਪਹੀਆ ਵਾਹਨਾਂ ਦੀ ਵਿਕਰੀ ਵਿਚ ਗਿਰਾਵਟ

ਦੋਪਹੀਆ ਵਾਹਨਾਂ ਦੀ ਵਿਕਰੀ ਦੀ ਗੱਲ ਕਰੀਏ ਤਾਂ ਇਸ ਸਾਲ ਜਨਵਰੀ ਮਹੀਨੇ ਵਿਚ ਵਿਕਰੀ 8.82 ਫੀਸਦੀ ਡਿੱਗ ਕੇ 12,67,366 ਯੂਨਿਟ ਰਹਿ ਗਈ। ਇਸ ਦੇ ਨਾਲ ਹੀ ਇਸ ਦੌਰਾਨ ਵਪਾਰਕ ਵਾਹਨਾਂ ਦੀ ਵਿਕਰੀ 6.89 ਫੀਸਦੀ ਡਿੱਗ ਕੇ 82,187 ਯੂਨਿਟ ਰਹਿ ਗਈ, ਜਿਹੜੀ ਕਿ ਜਨਵਰੀ 2019 'ਚ 88,271 ਯੂਨਿਟ ਸੀ ਜਦੋਂਕਿ ਤਿੰਨ ਪਹੀਆ ਵਾਹਨਾਂ ਦੀ ਵਿਕਰੀ ਪਿਛਲੇ ਸਾਲ ਦੀ 58,178 ਯੂਨਿਟ ਦੇ ਮੁਕਾਬਲੇ 9.17 ਫੀਸਦੀ ਡਿੱਗ ਕੇ 63,514 ਯੂਨਿਟ ਰਹਿ ਗਈ। ਜਨਵਰੀ 2020 'ਚ ਕੁੱਲ ਵਾਹਨਾਂ ਦੀ ਵਿਕਰੀ 7.17 ਫੀਸਦੀ ਡਿੱਗ ਕੇ 17,50,117 ਯੂਨਿਟ ਰਹਿ ਗਈ ਜਿਹੜੀ ਕਿ ਪਿਛਲੇ ਸਾਲ ਇਸ ਮਿਆਦ ਦੌਰਾਨ 18,85,253 ਯੂਨਿਟ ਸੀ।

ਮੰਦੀ ਤੋਂ ਇਲਾਵਾ ਬੀ.ਐਸ.-6 ਨਿਕਾਸੀ ਮਿਆਰ ਕਾਰਨ ਵਿਕਰੀ 'ਚ ਆ ਰਹੀ ਗਿਰਾਵਟ

ਫਾਡਾ ਦੇ ਪ੍ਰਧਾਨ ਅਸ਼ੀਸ਼ ਹੰਸਰਾਜ ਕਾਲੇ ਨੇ ਕਿਹਾ ਕਿ ਵਾਹਨ 'ਚ ਥ੍ਰੀ-ਵ੍ਹੀਲਰ ਸਮੇਤ ਵਪਾਰਕ ਵਾਹਨਾਂ ਦੀ ਵਿਕਰੀ 'ਚ ਆਈ ਗਿਰਾਵਟ ਵੀ ਇਸੇ ਕਾਰਨ ਹੈ ਕਿ ਗਾਹਕ ਇਹ ਫੈਸਲਾ ਨਹੀਂ ਲੈ ਪਾ ਰਿਹਾ ਕਿ ਬੀ.ਐਸ.-6 ਵਾਹਨ ਲੈਣਾ ਬਿਹਤਰ ਰਹੇਗਾ ਜਾਂ ਫਿਰ ਬੀ.ਐਸ.- 4 ਵਾਹਨ ਲੈਣਾ ਸਹੀ ਰਹੇਗਾ। ਕਾਲੇ ਅਨੁਸਾਰ ਵਾਹਨਾਂ ਦੀ ਵਿਕਰੀ 'ਚ ਆ ਰਹੀ ਮੰਦੀ ਆਰਥਿਕ ਮੰਦੀ ਦੇ ਨਾਲ ਨਾਲ ਬੀਐਸ-6 ਦੇ ਨਿਕਾਸੀ ਮਿਆਰਾਂ ਕਾਰਨ ਵੀ ਹੈ। ਉਨ੍ਹਾਂ ਕਿਹਾ ਕਿ ਬਜਟ 2020 ਦੇ ਬਾਵਜੂਦ ਆਰਥਿਕ ਮੰਦੀ ਦਾ ਦੌਰ ਜਾਰੀ ਹੈ। ਕਾਲੇ ਅਨੁਸਾਰ ਸਰਕਾਰ ਵਲੋਂ ਚੁੱਕੇ ਗਏ ਕਦਮਾਂ ਦਾ ਅਸਰ ਲੰਬੇ ਸਮੇਂ ਤੱਕ ਦਿਖਾਈ ਦੇਵੇਗਾ।


Related News