​​​​​​​25 ਰੁਪਏ ਦਾ ਆਚਾਰ ਨਾ ਦੇਣ ’ਤੇ ਰੈਸਟੋਰੈਂਟ ਨੂੰ ਲੱਗਾ 35,000 ਰੁਪਏ ਦਾ ਜੁਰਮਾਨਾ

Thursday, Aug 01, 2024 - 10:49 AM (IST)

ਨਵੀਂ ਦਿੱਲੀ (ਇੰਟ.) - ਇਕ ਰੈਸਟੋਰੈਂਟ ਨੂੰ 25 ਰੁਪਏ ਦਾ ਆਚਾਰ ਨਾ ਦੇਣ ’ਤੇ 35,000 ਰੁਪਏ ਦਾ ਜੁਰਮਾਨਾ ਦੇਣਾ ਪਿਆ। ਹਾਲ ਹੀ ’ਚ ਇਸ ਆਦੇਸ਼ ਨੇ ਲੋਕਾਂ ਦਾ ਧਿਆਨ ਆਪਣੀ ਵੱਲ ਆਕਰਸ਼ਿਤ ਕੀਤਾ ਹੈ।

ਜਿੱਥੇ ਅਦਾਲਤ ਨੇ ਇਕ ਰੈਸਟੋਰੈਂਟ ਨੂੰ ਗਾਹਕ ਨਾਲ ਕੀਤੇ ਵਾਅਦੇ ਅਨੁਸਾਰ ਆਚਾਰ ਨਾ ਦੇਣ ’ਤੇ 35,000 ਰੁਪਏ ਜੁਰਮਾਨਾ ਦੇਣ ਲਈ ਕਿਹਾ।

ਕੀ ਹੈ ਮਾਮਲਾ

ਇਹ ਮਾਮਲਾ ਤਮਿਲਨਾਡੂ ਦੇ ਵਿੱਲੁਪੁਰਮ ਤੋਂ ਸਾਹਮਣੇ ਆਇਆ ਹੈ, ਜਿੱਥੇ ਪੀੜਤ ਗਾਹਕ ਨੇ ਬਾਲਾਮੁਰੂਗਨ ਹੋਟਲ ਤੋਂ 2000 ਰੁਪਏ ਦਾ ਖਾਣਾ ਆਰਡਰ ਕੀਤਾ ਸੀ। ਇਸ ਆਰਡਰ ’ਚ ਹੋਟਲ ਨੇ ਵਚਨ ਕੀਤਾ ਸੀ ਕਿ ਉਹ 25 ਵਿਅਕਤੀਆਂ ਦੇ ਹਿਸਾਬ ਨਾਲ ਪੀੜਤ ਨੂੰ 25 ਗ੍ਰਾਮ ਆਚਾਰ ਦੇਵੇਗਾ, ਜਿਸ ’ਚ ਇਕ ਗ੍ਰਾਮ ਆਚਾਰ ਦੀ ਕੀਮਤ 1 ਰੁਪਏ ਵਸੂਲਣਾ ਤੈਅ ਹੋਇਆ ਸੀ ਪਰ ਹੋਟਲ ਨੇ ਜਦੋਂ ਵਚਨ ਪੂਰਾ ਨਹੀਂ ਕੀਤਾ ਤਾਂ ਸੀ. ਅਰੋਕਿਆਸਾਮੀ ਨਾਮਕ ਗਾਹਕ ਖਪਤਕਾਰ ਅਦਾਲਤ ਚਲਾ ਗਿਆ ਅਤੇ ਉੱਥੋਂ ਉਸ ਨੇ ਆਪਣੇ ਮਾਨਸਿਕ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਈ, ਜਿਸ ਨੂੰ ਲੈ ਕੇ ਅਦਾਲਤ ਨੇ ਹੋਟਲ ’ਤੇ ਜੁਰਮਾਨਾ ਲਾ ਦਿੱਤਾ।

ਹੋਟਲ ਤੋਂ ਗਾਹਕ ਨੇ ਜੋ ਖਾਣਾ ਆਰਡਰ ਕੀਤਾ ਸੀ, ਉਹ ਉਸ ਦੇ ਕਿਸੇ ਰਿਸ਼ਤੇਦਾਰ ਦੀ ਬਰਸੀ ਮੌਕੇ ’ਤੇ ਕੀਤਾ ਗਿਆ ਸੀ, ਜਿੱਥੇ ਉਸ ਨੂੰ 25 ਵਿਅਕਤੀਆਂ ਲਈ ਭੋਜਨ ਦਾ ਇੰਤਜਾਮ ਕਰਨਾ ਸੀ। ਹੋਟਲ ਨੇ 80 ਰੁਪਏ ਪ੍ਰਤੀ ਪਲੇਟ ਦੇ ਹਿਸਾਬ ਨਾਲ ਗਾਹਕ ਨੂੰ ਖਾਣਾ ਪੈਕ ਕੀਤਾ, ਜਿਸ ’ਚ ਸਫੈਦ ਚੌਲ, ਸਾਂਭਰ, ਕਾਰਾ ਕੁਜਾਂਬੁ, ਰਸਮ, ਛਾਛ, ਕੁੱਟੂ, ਪੋਰੀਅਲ, ਅੱਪਲਮ, ਆਚਾਰ, ਵੱਡੇ ਸਾਈਜ਼ ਦੇ ਕੇਲੇ ਦੇ ਪੱਤੇ ਅਤੇ ਇਕ ਕਵਰ ਸ਼ਾਮਿਲ ਕਰਨਾ ਸੀ ਪਰ ਹੋਟਲ ਇਸ ਪਾਰਸਲ ’ਚ ਆਚਾਰ ਰੱਖਣਾ ਭੁੱਲ ਗਿਆ, ਜਿਸ ਨਾਲ ਸ਼ਿਕਾਇਤਕਰਤਾ ਨੂੰ ਅਪਮਾਨਿਤ ਅਤੇ ਸ਼ਰਮਿੰਦਾ ਹੋਣਾ ਪਿਆ। ਇਸ ’ਤੇ ਜਦੋਂ ਹੋਟਲ ਨੂੰ ਸ਼ਿਕਾਇਤ ਕੀਤੀ ਤਾਂ ਹੋਟਲ ਨੇ ਆਪਣੀ ਗਲਤੀ ਮੰਨੀ ਅਤੇ ਆਚਾਰ ਦੇਣ ਦਾ ਭਰੋਸਾ ਦਿੱਤਾ ਪਰ ਉਦੋਂ ਤੱਕ ਸ਼ਿਕਾਇਤਕਰਤਾ ਦੇ ਮਹਿਮਾਨ ਖਾਣਾ ਖਾ ਚੁੱਕੇ ਸਨ।

ਕੀ ਕਹਿਣੈ ਖਪਤਕਾਰ ਫੋਰਮ ਦਾ

ਅਦਾਲਤ ਨੇ ਆਪਣੇ ਆਦੇਸ਼ ’ਚ ਕਿਹਾ ਕਿ ਆਚਾਰ ਨਾ ਮਿਲਣ ’ਤੇ ਗਾਹਕ ਨੂੰ ਮਾਨਸਿਕ ਸ਼ੋਸ਼ਣ ਸਹਿਣਾ ਪਿਆ ਹੈ, ਜਿਸ ਦੌਰਾਨ 30 ਹਜ਼ਾਰ ਰੁਪਏ ਜੁਰਮਾਨਾ ਅਤੇ 5 ਹਜ਼ਾਰ ਮੁਕੱਦਮਾ ਚੱਲਣ ਦੇ ਹੋਟਲ ਨੂੰ ਅਦਾ ਕਰਨੇ ਪੈਣਗੇ।

ਆਦੇਸ਼ ’ਚ ਕਿਹਾ ਗਿਆ ਹੈ,“ਇਹ ਬਿਲਕੁੱਲ ਸਪੱਸ਼ਟ ਹੈ ਕਿ ਪਾਰਸਲ ਭੋਜਨ ਲਈ 2000 ਰੁਪਏ ਦਾ ਭੁਗਤਾਨ ਪ੍ਰਾਪਤ ਕਰਨ ਤੋਂ ਬਾਅਦ, ਜਿਸ ’ਚ ਆਚਾਰ ਦੀ ਕੀਮਤ ਵੀ ਸ਼ਾਮਿਲ ਹੈ, ਵਿਰੋਧੀ ਵੱਲੋਂ 25 ਭੋਜਨ ਲਈ ਆਚਾਰ ਨਾ ਦੇਣ ਅਤੇ 2000 ਰੁਪਏ ਦੇ ਭੋਜਨ ਦੀ ਖਰੀਦ ਲਈ ਰਸੀਦ ਨਾ ਜਾਰੀ ਕਰਨਾ ਸੇਵਾ ’ਚ ਕਮੀ ਦੇ ਬਰਾਬਰ ਹੈ। ਵਿਰੋਧੀ ਦੇ ਸੇਵਾ ’ਚ ਕਮੀ ਕਾਰਨ ਸ਼ਿਕਾਇਤਕਰਤਾ ਨੂੰ ਮਾਨਸਿਕ ਪੀਡ਼ਾ ਦਾ ਸਾਹਮਣਾ ਕਰਨਾ ਪਿਆ, ਜੋ ਸਵੀਕਾਰਨ ਯੋਗ ਨਹੀਂ ਹੈ।


Harinder Kaur

Content Editor

Related News