ਨਹੀਂ ਕੀਤੀ ਏਅਰ ਕੰਡੀਸ਼ਨ ਦੀ ਮੁਰੰਮਤ, ਹੁਣ ਸੈਮਸੰਗ ਦੇਵੇਗੀ ਹਰਜਾਨਾ

Friday, May 04, 2018 - 10:52 PM (IST)

ਗੁਰਦਾਸਪੁਰ/ਤਰਨਤਾਰਨ  (ਵਿਨੋਦ)-ਜ਼ਿਲਾ ਖਪਤਕਾਰ ਸੁਰੱਖਿਆ ਫੋਰਮ ਤਰਨਤਾਰਨ ਨੇ ਇਕ ਪਟੀਸ਼ਨਕਰਤਾ ਨੂੰ ਰਾਹਤ ਦਿੰਦੇ ਹੋਏ ਸੈਮਸੰਗ ਇੰਡੀਆ ਇਲੈਕਟ੍ਰਾਨਿਕਸ ਗੁਰੂਗ੍ਰਾਮ ਤੇ ਏ. ਬੀ. ਕੂਲ ਪੁਆਇੰਟ ਸਰਵਿਸ ਸੈਂਟਰ ਤਰਨਤਾਰਨ ਨੂੰ ਹੁਕਮ ਦਿੱਤਾ ਹੈ ਕਿ ਉਹ ਪਟੀਸ਼ਨਕਰਤਾ ਨੂੰ ਉਸ ਦਾ ਸੈਮਸੰਗ ਇਨਵਰਟਰ ਏਅਰ ਕੰਡੀਸ਼ਨ (ਏ. ਸੀ.) 15 ਦਿਨ ਵਿਚ ਮੁਫ਼ਤ ਪੂਰੀ ਤਰ੍ਹਾਂ ਨਾਲ ਠੀਕ ਕਰੇ ਅਤੇ ਪਟੀਸ਼ਨਕਰਤਾ ਨੂੰ 10 ਹਜ਼ਾਰ ਰੁਪਏ ਹਰਜਾਨਾ 30 ਦਿਨ ਵਿਚ ਅਦਾ ਕਰੇ। 


ਕੀ ਹੈ ਮਾਮਲਾ
ਪਟੀਸ਼ਨਕਰਤਾ ਪ੍ਰਿਤਪਾਲ ਸਿੰਘ ਪੁੱਤਰ ਹਰਬੰਸ ਸਿੰਘ ਨਿਵਾਸੀ ਤਰਨਤਾਰਨ ਨੇ ਆਪਣੀ ਫੋਰਮ ਸਾਹਮਣੇ ਦਾਇਰ ਪਟੀਸ਼ਨ ਵਿਚ ਦੋਸ਼ ਲਾਇਆ ਸੀ ਕਿ ਉਸ ਨੇ 15 ਅਗਸਤ 2015 ਨੂੰ ਹਰਜੀਤ ਸਿੰਘ ਐਂਡ ਕੰਪਨੀ ਤਰਨਤਾਰਨ ਤੋਂ 51,000 ਰੁਪਏ ਦਾ ਸੈਮਸੰਗ ਇਨਵਰਟਰ ਏਅਰ ਕੰਡੀਸ਼ਨ ਖਰੀਦਿਆ ਸੀ। ਇਸ ਦੀ ਇਕ ਸਾਲ ਦੀ ਗਾਰੰਟੀ ਸੀ, ਜਦਕਿ ਏਅਰ ਕੰਡੀਸ਼ਨ ਵਿਚ ਲੱਗੇ ਕੰਪ੍ਰੈਸ਼ਰ ਦੀ 10 ਸਾਲ ਅਤੇ ਕੰਡੰਸਰ ਦੀ 5 ਸਾਲ ਦੀ ਗਾਰੰਟੀ ਸੀ। ਇਸ ਤਰ੍ਹਾਂ ਇਕ ਸਾਲ ਵਿਚ ਤਿੰਨ ਫ੍ਰੀ ਸਰਵਿਸ ਵੀ ਸਨ। ਜੁਲਾਈ 2016 ਦੇ ਦੂਜੇ ਹਫ਼ਤੇ ਜਦੋਂ ਦੂਜੀ ਫ੍ਰੀ ਸਰਵਿਸ ਕਰਨ ਲਈ ਕੰਪਨੀ ਦਾ ਅਧਿਕਾਰਤ ਇੰਜੀਨੀਅਰ ਆਇਆ ਤਾਂ ਸਰਵਿਸ ਕਰਦਿਆਂ ਉਸ ਤੋਂ ਏਅਰ ਕੰਡੀਸ਼ਨ ਦਾ ਕੋਈ ਅੰਦਰੂਨੀ ਪਾਰਟ ਟੁੱਟ ਗਿਆ। ਇਸ ਸਬੰਧੀ ਇੰਜੀਨੀਅਰ ਨੇ ਕਿਹਾ ਕਿ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ ਪਰ ਉਸੇ ਰਾਤ ਜਦੋਂ ਏਅਰ ਕੰਡੀਸ਼ਨ ਚਲਾਇਆ ਗਿਆ ਤਾਂ ਉਹ ਕੰਮ ਠੀਕ ਢੰਗ ਨਾਲ ਨਹੀਂ ਕਰ ਰਿਹਾ ਸੀ।

ਇਸ ਸਬੰਧੀ ਸਰਵਿਸ ਸੈਂਟਰ 'ਤੇ ਸ਼ਿਕਾਇਤ ਦਰਜ ਕਰਵਾਉਣ 'ਤੇ 15 ਜੁਲਾਈ 2016 ਨੂੰ ਫਿਰ ਇਕ ਹੋਰ ਇੰਜੀਨੀਅਰ ਆਇਆ ਅਤੇ ਉਸ ਨੇ ਵੀ ਕਿਹਾ ਕਿ ਮਸ਼ੀਨ ਦਾ ਕੋਈ ਪਾਰਟ ਟੁੱਟ ਗਿਆ ਹੈ ਅਤੇ ਜਲਦੀ ਹੀ ਸ਼ਿਕਾਇਤ ਦੂਰ ਕੀਤੀ ਜਾਵੇਗੀ ਪਰ ਕੰਪਨੀ ਵੱਲੋਂ ਏਅਰ ਕੰਡੀਸ਼ਨ ਠੀਕ ਕਰਵਾਉਣ ਦੀ ਬਜਾਏ ਸ਼ਿਕਾਇਤ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਪ੍ਰੇਸ਼ਾਨ ਹੋ ਕੇ ਉਸ ਨੇ ਖਪਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ।


ਇਹ ਕਿਹਾ ਫੋਰਮ ਨੇ 
ਜ਼ਿਲਾ ਖਪਤਕਾਰ ਸੁਰੱਖਿਆ ਫੋਰਮ ਤਰਨਤਾਰਨ ਦੇ ਪ੍ਰਧਾਨ ਨਵੀਨ ਪੁਰੀ ਨੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਕਿ ਏਅਰ ਕੰਡੀਸ਼ਨ ਨੂੰ ਜੋ ਨੁਕਸਾਨ ਹੋਇਆ ਉਹ ਕੰਪਨੀ ਦੇ ਇੰਜੀਨੀਅਰ ਤੋਂ ਗ੍ਰਾਂਟੀ ਸਮੇਂ ਦੇ ਵਿਚ ਹੋਇਆ ਹੈ। ਫੋਰਮ ਨੇ ਹੁਕਮ ਦਿੱਤਾ ਕਿ ਏਅਰ ਕੰਡੀਸ਼ਨ ਨਿਰਮਾਤਾ ਕੰਪਨੀ ਅਤੇ ਸਰਵਿਸ ਸੈਂਟਰ ਇਕੱਲੇ ਜਾਂ ਦੋਵੇਂ ਮਿਲ ਕੇ ਪਟੀਸ਼ਨਕਰਤਾ ਦੇ ਇਨਵਰਟਰ ਏ. ਸੀ. ਨੂੰ 15 ਦਿਨਾਂ ਵਿਚ ਠੀਕ ਕਰਨ ਜਾਂ ਨਵਾਂ ਦੇਣ। ਨਾਲ ਹੀ ਪਟੀਸ਼ਨਕਰਤਾ ਨੂੰ ਜੋ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਉਸ ਦੇ ਲਈ 10 ਹਜ਼ਾਰ ਰੁਪਏ ਹਰਜਾਨਾ ਰਾਸ਼ੀ 30 ਦਿਨਾਂ ਵਿਚ ਅਦਾ ਕਰਨ। ਜੇ ਹੁਕਮਾਂ ਦੀ ਪਾਲਣਾ ਤੈਅ ਸਮੇਂ ਵਿਚ ਨਹੀਂ ਹੁੰਦੀ ਤਾਂ ਪੂਰੀ ਰਾਸ਼ੀ 9 ਫੀਸਦੀ ਵਿਆਜ ਦਰ ਨਾਲ ਅਦਾ ਕਰਨੀ ਹੋਵੇਗੀ।


Related News