ਐਕਸਪੋਰਟ ਡਿਊਟੀ ਹਟਾਉਣ ਨਾਲ ਸਟੀਲ ਸੈਕਟਰ ਨੂੰ ਮਿਲੇਗੀ ਵੱਡੀ ਰਾਹਤ : ਸ਼ੇਸ਼ਾਗਿਰੀ ਰਾਵ
Tuesday, Jan 24, 2023 - 09:57 AM (IST)
ਨਵੀਂ ਦਿੱਲੀ–ਜੇ. ਐੱਸ. ਡਬਲਯੂ. ਸਟੀਲ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਸ਼ੇਸ਼ਗਿਰੀ ਰਾਵ ਨੇ ਕਿਹਾ ਕਿ ਸਰਕਾਰ ਵਲੋਂ ਸਟੀਲ ਦੇ ਐਕਸਪੋਰਟ ’ਤੇ ਲਗਾਈ ਗਈ ਐਕਸਪੋਰਟ ਡਿਊਟੀ ਹਟਾਉਣ ਅਤੇ ਚੀਨ ਦੀ ਅਰਥਵਿਵਸਥਾ ਖੁੱਲ੍ਹਣ ਦਾ ਦੇਸ਼ ਦੇ ਸਟੀਲ ਸੈਕਟਰ ਨੂੰ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਦੇਸ਼ ’ਚ ਸਟੀਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਐਕਸਪੋਰਟ ’ਤੇ ਲਗਾਈ ਗਈ ਡਿਊਟੀ ਨਾਲ ਸਟੀਲ ਸੈਕਟਰ ਨੂੰ ਭਾਰੀ ਝਟਕਾ ਲੱਗਾ ਸੀ, ਇਸੇ ਕਾਰਣ ਇਸ ਵਿੱਤੀ ਸਾਲ ਦੀਆਂ ਪਹਿਲੀਆਂ ਦੋ ਤਿਮਾਹੀਆਂ ’ਚ ਸਟੀਲ ਸੈਕਟਰ ਦੀਆਂ ਕੰਪਨੀਆਂ ਦਾ ਪ੍ਰਦਰਸ਼ਨ ਉਮੀਦ ਮੁਤਾਬਕ ਨਹੀਂ ਰਿਹਾ ਪਰ ਇਸ ਵਿੱਤੀ ਸਾਲ ਦੀ ਆਖਰੀ ਤਿਮਾਹੀ ’ਚ ਸਟੀਲ ਸੈਕਟਰ ਚੰਗੇ ਨਤੀਜੇ ਦੇ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ’ਚ ਅਰਥਵਿਵਸਥਾ ਖੁੱਲ੍ਹਣ ਤੋਂ ਬਾਅਦ ਜਨਵਰੀ ਮਹੀਨੇ ’ਚ ਹੀ ਸਟੀਲ ਦੀਆਂ ਕੀਮਤਾਂ ’ਚ 100 ਡਾਲਰ ਪ੍ਰਤੀ ਟਨ ਦਾ ਵਾਧਾ ਹੋਇਆ ਹੈ ਅਤੇ ਹੋਰ ਧਾਤਾਂ ਦੀਆਂ ਕੀਮਤਾਂ ’ਚ ਵੀ ਸੁਧਾਰ ਹੋਇਆ ਹੈ।
ਹਾਲਾਂਕਿ ਵਿੱਤੀ ਸਾਲ 2024 ਦੌਰਾਨ ਵੀ ਸਟੀਲ ਸੈਕਟਰ ਦਾ ਆਊਟਲੁੱਕ ਸਾਵਧਾਨੀ ਵਾਲਾ ਹੀ ਰਹੇਗਾ ਕਿਉਂਕਿ ਦੁਨੀਆ ਭਰ ’ਚ ਆਰਥਿਕ ਹਾਲਾਤ ਵੱਖ-ਵੱਖ ਕਾਰਣਾਂ ਕਰ ਕੇ ਬਹੁਤ ਚੰਗੇ ਨਹੀਂ ਲੱਗ ਰਹੇ। ਵਿਆਜ ਦਰਾਂ ’ਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਜੀ. ਡੀ. ਪੀ. ਦੀ ਤੁਲਣਾ ’ਚ ਦੇਸ਼ ਦਾ ਕਰਜ਼ਾ ਵੀ ਵਧਿਆ ਹੈ, ਅਜਿਹੇ ’ਚ ਮੰਦੀ ਦਾ ਖਤਰ ਵੀ ਮੰਡਰਾ ਰਿਹਾ ਹੈ। ਹਾਲਾਂਕਿ ਭਾਰਤ ਦੀ ਆਰਥਿਕ ਹਾਲਤ ਹੋਰ ਦੇਸ਼ਾਂ ਦੇ ਮੁਕਾਬਲੇ ਬਿਹਤਰ ਹੈ ਅਤੇ ਸਰਕਾਰ ਵਲੋਂ ਬੁਨਿਆਦੀ ਢਾਂਚੇ ’ਤੇ 7.50 ਟ੍ਰਿਲੀਅਨ ਰੁਪਏ ਖਰਚ ਕੀਤੇ ਜਾਣ ਨਾਲ ਉਦਯੋਗਾਂ ਨੂੰ ਸਹਾਰਾ ਮਿਲੇਗਾ।
ਭਾਰਤ ਲਈ ਮੱਧ ਏਸ਼ੀਆ ਅਤੇ ਆਸੀਆਨ ਦੇਸ਼ਾਂ ਮਲੇਸ਼ੀਆ, ਥਾਈਲੈਂਡ, ਵੀਅਤਨਾਮ ਅਤੇ ਯੂਰਪੀ ਦੇਸ਼ਾਂ ਨੂੰ ਸਟੀਲ ਐਕਸਪੋਰਟ ਕੀਤੇ ਜਾਣ ਦਾ ਬਹੁਤ ਸੌਖਾਲਾ ਮੌਕਾ ਹੈ ਕਿਉਂਕਿ ਕੱਚੇ ਮਾਲ ਅਤੇ ਸਟੀਲ ਦੀਆਂ ਕੀਮਤਾਂ ’ਚ ਗਿਰਾਵਟ ਆਈ ਹੈ। ਯੂਰਪ ’ਚ ਉਤਪਾਦਨ ’ਚ ਉਮੀਦ ਨਾਲੋਂ ਵੱਧ ਦੀ ਗਿਰਾਵਟ ਹੈ ਅਤੇ ਯੂਰਪ ਦਾ ਸਟੀਲ ਇੰਪੋਰਟ 18 ਤੋਂ 20 ਮਿਲੀਅਨ ਟਨ ਰਹਿਣ ਦੀ ਉਮੀਦ ਹੈ।
ਜੇ. ਐੱਸ. ਡਬਲਯੂ. ਸਟੀਲ ਦੀ ਆਰਥਿਕ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਸਾਲ ਮਾਰਚ ਤੱਕ ਕੰਪਨੀ ਦਾ ਕਰਜ਼ਾ 3 ਤੋਂ 4 ਹਜ਼ਾਰ ਕਰੋੜ ਰੁਪਏ ਘੱਟ ਹੋ ਜਾਏਗਾ ਕਿਉਂਕਿ ਕੰਪਨੀ ਆਪਣੇ ਸਟਾਕ ’ਚੋਂ ਮਾਲ ਨੂੰ ਵੇਚ ਰਹੀ ਹੈ। ਫਿਲਹਾਲ ਕੰਪਨੀ ’ਤੇ 69500 ਕਰੋੜ ਰੁਪਏ ਦਾ ਕਰਜ਼ਾ ਹੈ। ਕੰਪਨੀ ਨੂੰ ਇਟਲੀ ਦੇ ਰੇਲਵੇ ਤੋਂ ਹਾਲ ਹੀ ’ਚ 900 ਮਿਲੀਅਨ ਡਾਲਰ ਦਾ ਚੰਗਾ ਆਰਡਰ ਵੀ ਮਿਲਿਆ ਹੈ, ਇਸ ਕਾਰਣ ਉਸ ਨੇ ਆਪਣੇ ਇਟਲੀ ਦੇ ਯੂਨਿਟ ਦੀ ਵਿਕਰੀ ਦਾ ਕੰਮ ਰੋਕ ਦਿੱਤਾ ਹੈ। ਕੰਪਨੀ ਨੇ ਇਹ ਯੂਨਿਟ 2018 ’ਚ ਖਰੀਦਿਆ ਸੀ, ਪਰ ਯੂਰਪ ’ਚ ਕਾਰੋਬਾਰੀ ਸਥਿਤੀ ਚੰਗੀ ਨਾ ਹੋਣ ਕਾਰਣ ਇਸ ਨੂੰ ਵਿਕਰੀ ’ਤੇ ਲਗਾਇਆ ਗਿਆ ਹੈ।