ਸਰਕਾਰ ਦੇਵੇਗੀ ਰਾਹਤ, ਇਸ ਕੀਮਤ ਤੱਕ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ
Thursday, Jan 07, 2021 - 10:38 PM (IST)
ਨਵੀਂ ਦਿੱਲੀ- ਪੈਟਰੋਲ-ਡੀਜ਼ਲ ਕੀਮਤਾਂ ਨੂੰ ਲੈ ਕੇ ਜਲਦ ਹੀ ਰਾਹਤ ਮਿਲ ਸਕਦੀ ਹੈ। ਰਿਪੋਰਟਾਂ ਮੁਤਾਬਕ, ਪੈਟਰੋਲੀਅਮ ਮੰਤਰਾਲਾ ਨੇ ਕੀਮਤਾਂ 'ਤੇ ਰਾਹਤ ਦੀ ਸਿਫਾਰਸ਼ ਕੀਤੀ ਹੈ। ਇਸ ਲਈ ਐਕਸਾਈਜ਼ ਡਿਊਟੀ ਵਿਚ ਕਟੌਤੀ ਦੀ ਮੰਗ ਕੀਤੀ ਗਈ ਹੈ।
ਕਿਹਾ ਗਿਆ ਹੈ ਕਿ ਕੋਵਿਡ ਮਹਾਮਾਰੀ ਦੌਰਾਨ ਜਿੰਨੀ ਐਕਸਾਈਜ਼ ਡਿਊਟੀ ਵਧਾਈ ਗਈ ਹੈ ਜੇਕਰ ਉਸ ਵਿਚ ਅੱਧੀ ਦੀ ਵੀ ਕਟੌਤੀ ਕੀਤੀ ਜਾਂਦੀ ਹੈ ਤਾਂ ਕੀਮਤਾਂ ਵਿਚ 5 ਰੁਪਏ ਪ੍ਰਤੀ ਲਿਟਰ ਦੀ ਕਮੀ ਹੋ ਸਕਦੀ ਹੈ ਪਰ ਇਸ ਦਾ ਪੂਰਾ ਫਾਇਦਾ ਪਹੁੰਚਾਉਣ ਲਈ ਸੂਬਿਆਂ ਨੂੰ ਵੀ ਸਹਿਯੋਗ ਕਰਦੇ ਹੋਏ ਵੈਟ ਵਿਚ ਕਟੌਤੀ ਕਰਨੀ ਹੋਵੇਗੀ, ਜਿਸ ਲਈ ਸੂਬਿਆਂ ਨੂੰ ਸਹਿਮਤ ਕਰਨਾ ਹੋਵੇਗਾ।
ਸੂਤਰਾਂ ਮੁਤਾਬਕ, ਇਸ ਰਾਹਤ ਲਈ ਕਈ ਬਦਲਾਂ 'ਤੇ ਵਿਚਾਰ ਜਾਰੀ ਹੈ। ਸੂਬਿਆਂ ਨੂੰ ਵੈਟ ਘੱਟ ਕਰਨ ਦੀ ਅਪੀਲ ਹੋ ਸਕਦੀ ਹੈ। ਤੇਲ ਕੰਪਨੀਆਂ ਨੂੰ ਕੁਝ ਬੋਝ ਸਹਿਣ ਨੂੰ ਕਿਹਾ ਜਾ ਸਕਦਾ ਹੈ। ਗੌਰਤਲਬ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਹੈ। ਸਾਊਦੀ ਵੱਲੋਂ ਉਤਪਾਦਨ ਵਿਚ ਕਟੌਤੀ ਦੇ ਫ਼ੈਸਲੇ ਕਾਰਨ ਕੱਚਾ ਤੇਲ 10 ਮਹੀਨਿਆਂ ਦੇ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਬ੍ਰੈਂਟ 54 ਡਾਲਰ ਪ੍ਰਤੀ ਬੈਰਲ ਤੋਂ ਉਪਰ ਬਣਿਆ ਹੋਇਆ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ 29 ਦਿਨ ਤੱਕ ਕੀਮਤਾਂ ਨੂੰ ਸਥਿਰ ਰੱਖਣ ਮਗਰੋਂ ਵੀਰਵਾਰ ਨੂੰ ਲਗਾਤਾਰ ਦੂਜੇ ਦਿਨ ਕੀਮਤਾਂ ਵਿਚ ਵਾਧਾ ਕੀਤਾ ਹੈ। ਪੈਟਰੋਲ ਵਿਚ 23 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ 26 ਪੈਸੇ ਤੱਕ ਦਾ ਵਾਧਾ ਕੀਤਾ ਗਿਆ ਹੈ। ਦਿੱਲੀ ਵਿਚ ਪੈਟਰੋਲ ਦੀ ਕੀਮਤ 84.20 ਰੁਪਏ ਅਤੇ ਡੀਜ਼ਲ ਦੀ ਕੀਮਤ 74.38 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ। ਮੁੰਬਈ ਵਿਚ ਪੈਟਰੋਲ 90 ਰੁਪਏ ਅਤੇ ਡੀਜ਼ਲ 80 ਰੁਪਏ ਪ੍ਰਤੀ ਲਿਟਰ ਤੋਂ ਪਾਰ ਹੋ ਚੁੱਕਾ ਹੈ।