ਰਿਲਾਇੰਸ ਨੇ ਫਿਊਚਰ ਦੇ 950 ਸਟੋਰਾਂ ਦੀ ਸਬ-ਲੀਜ਼ ਕੀਤੀ ਖਤਮ

Friday, Mar 11, 2022 - 10:13 AM (IST)

ਰਿਲਾਇੰਸ ਨੇ ਫਿਊਚਰ ਦੇ 950 ਸਟੋਰਾਂ ਦੀ ਸਬ-ਲੀਜ਼ ਕੀਤੀ ਖਤਮ

ਨਵੀਂ ਦਿੱਲੀ (ਭਾਸ਼ਾ) – ਭਾਰਤ ਦੇ ਪ੍ਰਚੂਨ ਬਾਜ਼ਾਰ ’ਚ ਆਪਣਾ ਦਬਦਬਾ ਕਾਇਮ ਰੱਖਣ ਦੀ ਕਵਾਇਦ ’ਚ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਰਿਟੇਲ ਨੇ ਫਿਊਚਰ ਰਿਟੇਲ ਨੂੰ ਉਨ੍ਹਾਂ 950 ਸਟੋਰਾਂ ਦੀ ਸਬ-ਲੀਜ਼ ਨੂੰ ਖਤਮ ਕਰਨ ਦਾ ਨੋਟਿਸ ਭੇਜਿਆ ਹੈ, ਜਿਨ੍ਹਾਂ ਨੂੰ ਉਸ ਨੇ ਪਹਿਲਾਂ ਆਪਣੇ ਅਧਿਕਾਰ ’ਚ ਲਿਆ ਸੀ।

ਕਿਸ਼ੋਰ ਬਿਆਨੀ ਦੀ ਅਗਵਾਈ ਵਾਲੇ ਫਿਊਚਰ ਸਮੂਹ ਦੀਆਂ ਕੰਪਨੀਆਂ ਨੇ ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਜਾਣਕਾਰੀ ’ਚ ਕਿਹਾ ਕਿ ਉਸ ਨੂੰ 835 ਫਿਊਚਰ ਰਿਟੇਲ ਸਟੋਰ ਅਤੇ 112 ਫਿਊਚਰ ਲਾਈਫਸਟਾਈਲ ਸਟੋਰਾਂ ਦੀ ਲੀਜ਼ ਖਤਮ ਕਰਨ ਲਈ ਨੋਟਿਸ ਭੇਜੇ ਗਏ ਹਨ। ਪਿਛਲੇ ਮਹੀਨੇ ਰਿਲਾਇੰਸ ਰਿਟੇਲ ਨੇ ਅਜਿਹੇ ਸਟੋਰਾਂ ਦਾ ਕਬਜ਼ਾ ਲੈ ਲਿਆ ਸੀ, ਜਿਨ੍ਹਾਂ ਦਾ ਕਿਰਾਇਆ ਫਿਊਚਰ ਸਮੂਹ ਨਹੀਂ ਅਦਾ ਕਰ ਪਾ ਰਿਹਾ ਸੀ। ਫਿਰ ਇਹ ਸਟੋਰ ਫਿਊਚਰ ਸਟੋਰ ਨੂੰ ਆਪ੍ਰੇਟਿੰਗ ਲਈ ਕਿਰਾਏ ’ਤੇ ਦਿੱਤੇ ਗਏ। ਫਿਊਚਰ ਰਿਟੇਲ ਨੇ ਕਿਹਾ ਕਿ ਰਿਲਾਇੰਸ ਦੀਆਂ ਕੰਪਨੀਆਂ ਵਲੋਂ ਕੁੱਝ ਜਾਇਦਾਦਾਂ ਦੀ ਸਬ-ਲੀਜ਼ ਖਤਮ ਕਰਨ ਦੇ ਨੋਟਿਸ ਮਿਲੇ ਹਨ, ਜਿਨ੍ਹਾਂ ’ਚ 342 ਵੱਡੇ ਸਟੋਰ (ਬਿੱਗ ਬਾਜ਼ਾਰ, ਫੈਸ਼ਨ ਬਾਜ਼ਾਰ), 493 ਛੋਟੇ ਸਟੋਰ (ਈਜ਼ੀ ਡੇਅ ਅਤੇ ਹੈਰੀਟੇਜ ਸਟੋਰ) ਸ਼ਾਮਲ ਹਨ।


author

Harinder Kaur

Content Editor

Related News