ਰਿਲਾਇੰਸ ਰਿਟੇਲ ਅਗਲੇ 3 ਸਾਲਾਂ 'ਚ 10 ਲੱਖ ਤੋਂ ਵੱਧ ਲੋਕਾਂ ਨੂੰ ਦੇਵੇਗੀ ਰੁਜ਼ਗਾਰ

Friday, Jun 25, 2021 - 08:29 AM (IST)

ਰਿਲਾਇੰਸ ਰਿਟੇਲ ਅਗਲੇ 3 ਸਾਲਾਂ 'ਚ 10 ਲੱਖ ਤੋਂ ਵੱਧ ਲੋਕਾਂ ਨੂੰ ਦੇਵੇਗੀ ਰੁਜ਼ਗਾਰ

ਨਵੀਂ ਦਿੱਲੀ- ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ. ਆਈ. ਐੱਲ.) ਦੇ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਮੁਕੇਸ਼ ਅੰਬਾਨੀ ਨੇ ਵੀਰਵਾਰ ਨੂੰ ਕਿਹਾ ਕਿ ਰਿਲਾਇੰਸ ਰਿਟੇਲ ਦਾ ਕਾਰੋਬਾਰ ਤਿੰਨ ਤੋਂ ਪੰਜ ਸਾਲਾਂ ਵਿਚ ਘੱਟ ਤੋਂ ਘੱਟ ਤਿੰਨ ਗੁਣਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੇ ਤਿੰਨ ਸਾਲਾਂ ਵਿਚ ਕੰਪਨੀ 10 ਲੱਖ ਤੋਂ ਵੱਧ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰੇਗੀ ਅਤੇ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਰੋਜ਼ੀ-ਰੋਟੀ ਕਮਾਉਣ ਦੇ ਯੋਗ ਬਣਾਏਗੀ।

ਅੰਬਾਨੀ ਨੇ ਆਰ. ਆਈ. ਐੱਲ. ਦੇ ਸ਼ੇਅਰਧਾਰਕਾਂ ਦੀ ਸਾਲਾਨਾ ਜਨਰਲ ਮੀਟਿੰਗ ਵਿਚ ਕਿਹਾ ਕਿ ਰਿਲਾਇੰਸ ਰਿਟੇਲ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਰਿਟੇਲਰਾਂ ਵਿਚੋਂ ਇਕ ਹੈ। ਕੰਪਨੀ ਦਾ ਉਦੇਸ਼ ਦੁਨੀਆ ਦੀਆਂ ਚੋਟੀ ਦੀਆਂ 10 ਪ੍ਰਚੂਨ ਕੰਪਨੀਆਂ ਵਿੱਚ ਸ਼ਾਮਲ ਹੋਣਾ ਹੈ।

ਕੰਪਨੀ ਦੀ ਯੋਜਨਾ ਅਗਲੇ ਤਿੰਨ ਸਾਲਾਂ ਵਿਚ ਆਪਣੀ ਈ-ਕਾਮਰਸ ਇਕਾਈ ਜੀਓ ਮਾਰਟ ਨਾਲ ਇਕ ਕਰੋੜ ਤੋਂ ਜ਼ਿਆਦਾ ਵਪਾਰ ਭਾਗੀਦਾਰਾਂ ਨੂੰ ਜੋੜਨਾ ਹੈ।

ਅੰਬਾਨੀ ਨੇ ਕਿਹਾ, "ਮੈਨੂੰ ਪੂਰਾ ਭਰੋਸਾ ਹੈ ਕਿ ਤੇਜ਼ੀ ਨਾਲ ਵਾਧੇ ਦੇ ਰਾਹ 'ਤੇ ਚਲਦੇ ਹੋਏ ਰਿਲਾਇੰਸ ਰਿਟੇਲ ਅਗਲੇ ਤਿੰਨ ਤੋਂ ਪੰਜ ਸਾਲਾਂ ਵਿਚ ਘੱਟੋ-ਘੱਟ ਤਿੰਨ ਗੁਣਾ ਵਧੇਗੀ।" ਅੰਬਾਨੀ ਨੇ ਕਿਹਾ ਕਿ ਕੰਪਨੀ ਆਪਣੀਆਂ ਸੇਵਾਵਾਂ ਨੂੰ ਵਧਾਉਣ ਲਈ ਕਾਰੋਬਾਰੀ ਇਕਾਈਆਂ ਹਾਸਲ ਕਰਨਾ ਜਾਰੀ ਰੱਖੇਗੀ। ਇਸ ਨੇ ਹਾਲ ਹੀ ਵਿਚ ਨੈੱਟਮੇਡਜ਼, ਅਰਬਨ ਲੇਡਰ ਅਤੇ ਜਿਵਾਮੇ ਵਰਗੀਆਂ ਡਿਜੀਟਲ ਕੰਪਨੀਆਂ ਨੂੰ ਪ੍ਰਾਪਤ ਕੀਤਾ ਹੈ। ਚੁਣੌਤੀ ਭਰਪੂਰ ਸਾਲ ਹੋਣ ਦੇ ਬਾਵਜੂਦ ਰਿਲਾਇੰਸ ਰਿਟੇਲ ਨੇ ਵਿੱਤੀ ਸਾਲ 2020-21 ਵਿਚ 1,53,818 ਕਰੋੜ ਰੁਪਏ ਦਾ ਮਾਲੀਆ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਕੰਪਨੀ ਇਸ ਵੇਲੇ ਕਰਿਆਨੇ, ਇਲੈਕਟ੍ਰਾਨਿਕ ਸਾਮਾਨ ਅਤੇ ਕੱਪੜਿਆਂ ਦੇ ਪ੍ਰਚੂਨ ਕਾਰੋਬਾਰ ਵਿਚ ਮੋਹਰੀ ਹੈ। ਅੰਬਾਨੀ ਨੇ ਕਿਹਾ ਕਿ ਅੱਜ ਭਾਰਤ ਦਾ ਹਰ 8ਵਾਂ ਵਿਅਕਤੀ ਰਿਲਾਇੰਸ ਰਿਟੇਲ ਤੋਂ ਖਰੀਦਦਾਰੀ ਕਰਦਾ ਹੈ। 


author

Sanjeev

Content Editor

Related News