ਰਿਲਾਇੰਸ ਜੀਓ ਦਾ ਦਬਦਬਾ ਬਰਕਰਾਰ, ਜੁਲਾਈ ’ਚ ਜੁੜੇ 29.4 ਲੱਖ ਨਵੇਂ ਯੂਜ਼ਰ : TRAI
Saturday, Sep 17, 2022 - 01:06 PM (IST)
ਨਵੀਂ ਦਿੱਲੀ–ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟ੍ਰਾਈ) ਨੇ ਹਾਲ ਹੀ ’ਚ ਟੈਲੀਕਾਮ ਸੈਕਟਰ ਦੇ ਨੈੱਟਵਰਕ ਅਤੇ ਉਨ੍ਹਾਂ ਦੇ ਯੂਜ਼ਰਸ ਨਾਲ ਜੁੜੇ ਨਵੇਂ ਅੰਕੜੇ ਜਾਰੀ ਕੀਤੇ ਹਨ। ਇਨ੍ਹਾਂ ਅੰਕੜਿਆਂ ਮੁਤਾਬਕ ਜੁਲਾਈ ’ਚ ਰਿਲਾਇੰਸ ਜੀਓ ਨੇ ਆਪਣੀਆਂ ਮੁਕਾਬਲੇਬਾਜ਼ ਕੰਪਨੀਆਂ ਨੂੰ ਪਛਾੜਦੇ ਹੋਏ 29.4 ਲੱਖ ਨਵੇਂ ਯੂਜ਼ਰਸ ਨੂੰ ਆਪਣੇ ਨੈੱਟਵਰਕ ਨਾਲ ਜੋੜਿਆ ਹੈ। ਇਸ ਦੇ ਨਾਲ ਹੀ ਜੀਓ ਨੈੱਟਵਰਕ ਦੇ ਖਪਤਕਾਰਾਂ ਦੀ ਗਿਣਤੀ 41.59 ਕਰੋੜ ਹੋ ਗਈ ਹੈ, ਜਦ ਕਿ ਇਸ ਮਹੀਨੇ ਭਾਰਤੀ ਏਅਰਟੈੱਲ ਨੇ 5.1 ਲੱਖ ਨਵੇਂ ਯੂਜ਼ਰਸ ਨੂੰ ਆਪਣੇ ਨੈੱਟਵਰਕ ਨਾਲ ਜੋੜਿਆ ਹੈ, ਜਿਸ ਤੋਂ ਬਾਅਦ ਏਅਰਟੈੱਲ ਦੇ ਖਪਤਕਾਰਾਂ ਦੀ ਗਿਣਤੀ 36.34 ਕਰੋੜ ਹੋ ਗਈ ਹੈ। ਉੱਥੇ ਹੀ ਵੋਡਾਫੋਨ ਆਈਡੀਆ ਦੇ ਯੂਜ਼ਰਸ ਲਗਾਤਾਰ ਘੱਟ ਹੁੰਦੇ ਜਾ ਰਹੇ ਹਨ। ਆਰਥਿਕ ਸੰਕਟ ਨਾਲ ਜੂਝ ਰਹੀ ਵੋਡਾਫੋਨ ਆਈਡੀਆ ਕੰਪਨੀ ਦੇ 15.4 ਲੱਖ ਯੂਜ਼ਰਸ ਨੇ ਜੁਲਾਈ ’ਚ ਨੈੱਟਵਰਕ ਨੂੰ ਛੱਡਿਆ ਹੈ। ਇਸ ਦੇ ਯੂਜ਼ਰਸ ’ਚ ਲਗਾਤਾਰ ਕਮੀ ਹੰਦੀ ਜਾ ਰਿਹਾ ਹੈ। ਕੰਪਨੀ ਦੇ ਕੁੱਲ ਖਪਤਕਾਰਾਂ ਦੀ ਗਿਣਤੀ 25.51 ਕਰੋੜ ਰਹਿ ਗਈ ਹੈ।
ਇਹ ਵੀ ਪੜ੍ਹੋ-ਪਾਬੰਦੀ ਤੋਂ ਬਾਅਦ ਚੌਲਾਂ ਦੀਆਂ ਕੀਮਤਾਂ 'ਚ ਨਰਮੀ, ਘਟੇਗਾ ਨਿਰਯਾਤ
ਬ੍ਰਾਡਬੈਂਡ ਇੰਟਰਨੈੱਟ ਮਾਰਕੀਟ ਦੀ ਗੱਲ ਕੀਤੀ ਜਾਵੇ ਤਾਂ 52.29 ਫੀਸਦੀ ਸ਼ੇਅਰ ਨਾਲ ਜੀਓ ਨੇ ਆਪਣਾ ਦਬਦਬਾ ਬਰਕਰਾਰ ਰੱਖਿਆ ਹੈ। ਉੱਥੇ ਹੀ ਭਾਰਤੀ ਏਅਰਟੈੱਲ ਦੀ 27.51 ਫੀਸਦੀ, ਵੋਡਾਫੋਨ ਆਈਡੀਆ ਦੀ 15.23 ਫੀਸਦੀ ਅਤੇ ਬੀ. ਐੱਸ. ਐੱਨ. ਐੱਲ. ਦੀ 3.13 ਫੀਸਦੀ ਹਿੱਸੇਦਾਰੀ ਹੈ। ਰਿਪੋਰਟ ਮੁਤਾਬਕ ਵਾਇਰਲਾਈਨ ਕਸਟਮਰਸ ਦੀ ਗਿਣਤੀ ਜੁਲਾਈ ਦੇ ਮੁਕਾਬਲੇ 255.7 ਲੱਖ ਤੋਂ ਵਧ ਕੇ 256.3 ਲੱਖ ਹੋ ਗਈ।
ਟ੍ਰਾਈ ਦੀ ਰਿਪੋਰਟ ਮੁਤਾਬਕ ਜੁਲਾਈ ਦੇ ਮਹੀਨੇ ’ਚ ਦੇਸ਼ ਦੇ ਮੋਬਾਇਲ ਫੋਨ ਯੂਜ਼ਰਸ ਦੀ ਗਿਣਤੀ ’ਚ 0.06 ਫੀਸਦੀ ਦਾ ਵਾਧਾ ਹੋਇਆ ਹੈ। ਮੌਜੂਦਾ ਸਮੇਂ ’ਚ ਦੇਸ਼ ’ਚ ਕਰੀਬ 114.8 ਕਰੋੜ ਮੋਬਾਇਲ ਫੋਨ ਯੂਜ਼ਰਸ ਸਨ ਜਦ ਕਿ ਜੂਨ ’ਚ ਇਹ ਅੰਕੜਾ 114.7 ਕਰੋੜ ਸੀ।
ਇਹ ਵੀ ਪੜ੍ਹੋ-ਦੁਨੀਆ ਭਰ ਦੇ ਸ਼ੇਅਰ ਬਾਜ਼ਾਰ ਢਹਿ-ਢੇਰੀ, ਨਿਵੇਸ਼ਕਾਂ ਨੂੰ ਅਰਬਾਂ ਦਾ ਨੁਕਸਾਨ
ਸ਼ਹਿਰਾਂ ’ਚ ਯੂਜ਼ਰਸ ਦੀ ਗਿਣਤੀ ਵਧੀ, ਪੇਂਡੂ ਖੇਤਰਾਂ ’ਚ ਘਟੀ
ਟ੍ਰਾਈ ਮੁਤਾਬਕ ਜੁਲਾਈ ’ਚ ਦੇਸ਼ ਦੀ ਟੋਟਲ ਬ੍ਰਾਡਬੈਂਡ ਯੂਜ਼ਰਸ ਮਾਰਕੀਟ ’ਚ ਰਿਲਾਇੰਸ ਜੀਓ ਇਨਫੋਕਾਮ ਲਿਮਟਿਡ, ਭਾਰਤੀ ਏਅਰਟੈੱਲ, ਵੋਡਾਫੋਨ ਆਈਡੀਆ, ਬੀ. ਐੱਸ. ਐੱਨ. ਐੱਲ. ਅਤੇ ਅਟਰੀਆ ਕਨਵਰਜੈਂਸ ਵਰਗੀਆਂ ਟੌਪ5 ਕੰਪਨੀਆਂ ਦੀ 98.42 ਫੀਸਦੀ ਹਿੱਸੇਦਾਰੀ ਰਹੀ।
ਅੰਕੜਿਆਂ ਮੁਤਾਬਕ ਸ਼ਹਿਰੀ ਖੇਤਰ ’ਚ ਮੋਬਾਇਲ ਫੋਨ ਯੂਜ਼ਰਸ ਦੀ ਗਿਣਤੀ ’ਚ ਵਾਧਾ ਹੋਇਆ ਹੈ ਜਦ ਕਿ ਪੇਂਡੂ ਇਲਾਕਿਆਂ ’ਚ ਮੋਬਾਇਲ ਫੋਨ ਯੂਜ਼ਰਸ ਦੀ ਗਿਣਤੀ ’ਚ ਮਾਮੂਲੀ ਕਮੀ ਦਰਜ ਕੀਤੀ ਗਈ ਹੈ। ਜੂਨ ਦੇ ਮੁਕਾਬਲੇ ਸ਼ਹਿਰੀ ਇਲਾਕਿਆਂ ’ਚ ਯੂਜ਼ਰਸ ਦੀ ਗਿਣਤੀ 64.90 ਕਰੋੜ ਤੋਂ ਵਧ ਕੇ 65.04 ਕਰੋੜ ਹੋ ਗਈ, ਜਦ ਕਿ ਪੇਂਡੂ ਇਲਾਕਿਆਂ ’ਚ ਖਪਤਕਾਰਾਂ ਦੀ ਗਿਣਤੀ 52.39 ਕਰੋੜ ਤੋਂ ਘਟ ਕੇ 52.33 ਕਰੋੜ ਰਹਿ ਗਈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।