ਅਨਿਲ ਅੰਬਾਨੀ ਦੀ ਵਧੀ ਮੁਸ਼ਕਲ, ਰਿਲਾਇੰਸ ਕੈਪੀਟਲ ਦੀ ਰੇਟਿੰਗ ''ਚ ਹੋਈ ਕਟੌਤੀ

09/23/2019 5:10:09 PM

ਨਵੀਂ ਦਿੱਲੀ — ਕਰਜ਼ੇ ਦੇ ਬੋਝ ਥੱਲ੍ਹੇ ਦੱਬੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਸ਼ੁੱਕਰਵਾਰ ਨੂੰ ਕੇਅਰ ਰੇਟਿੰਗਸ ਨੇ ਅੰਬਾਨੀ ਦੀ ਕੰਪਨੀ ਰਿਲਾਇੰਸ ਕੈਪੀਟਲ ਦੀ ਰੇਟਿੰਗ ਘਟਾ ਦਿੱਤੀ ਹੈ। ਰਿਲਾਇੰਸ ਕੈਪੀਟਲ ਦੀ ਰੇਟਿੰਗ ਹੁਣ ਡਬਲ ਬੀ ਤੋਂ ਘਟਾ ਕੇ ਡੀ ਕਰ ਦਿੱਤੀ ਗਈ ਹੈ।

ਨਿਵੇਸ਼ਕਾਂ ਨੂੰ ਹੋਵੇਗਾ ਨੁਕਸਾਨ

ਕੇਅਰ ਰੇਟਿੰਗਸ ਨੇ ਰੇਟਿੰਗ ਘੱਟ ਕਰਨ ਦਾ ਕਾਰਨ ਕਈ ਕਰਜ਼ਦਾਤਿਆਂ ਨੂੰ ਕੰਪਨੀ ਵਲੋਂ ਕੂਪਨ ਪੇਮੈਂਟ 'ਚ ਦੇਰੀ ਦੱਸਿਆ ਹੈ। ਰੇਟਿੰਗ ਘਟਾਉਣ ਨਾਲ ਕੰਪਨੀ  'ਤੇ ਕਾਫੀ ਫਰਕ ਪਵੇਗਾ। ਇਸ ਨਾਲ ਰਿਲਾਇੰਸ ਕੈਪੀਟਲ 'ਤੇ ਕਰੀਬ 38 ਹਜ਼ਾਰ ਕਰੋੜ ਰੁਪਏ ਦਾ ਕਰਜ਼ ਜੋਖਮ ਸ਼੍ਰੇਣੀ 'ਚ ਆ ਗਿਆ ਹੈ। ਇਸ ਦੇ ਨਾਲ ਹੀ ਰੇਟਿੰਗ ਦੇ ਘੱਟ ਹੋਣ ਨਾਲ ਲੱਖਾਂ ਰਿਟੇਲ ਅਤੇ ਸੰਸਥਾਗਤ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਡੀ ਰੇਟਿੰਗ ਨੂੰ ਡਿਫਾਲਟ ਰੇਟਿੰਗ ਵੀ ਕਿਹਾ ਜਾਂਦਾ ਹੈ।

ਇਸ ਕਾਰਨ ਘਟਾਈ ਕੰਪਨੀ ਦੀ ਰੇਟਿੰਗ

ਕੇਅਰ ਦੇ ਇਸ ਕਦਮ ਨਾਲ ਕੰਪਨੀ ਭੜਕ ਗਈ ਹੈ। ਰਿਲਾਇੰਸ ਕੈਪੀਟਲ ਨੇ ਇਸ ਦੀ ਅਲੋਚਨਾ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਲੱਖਾਂ ਨਿਵੇਸ਼ਕਾਂ ਨੂੰ ਨੁਕਸਾਨ ਹੋਵੇਗਾ। ਗੈਰ ਬੈਕਿੰਗ ਵਿੱਤੀ ਕੰਪਨੀ ਰਿਲਾਇੰਸ ਕੈਪੀਟਲ ਵਲੋਂ ਕਈ ਨਾਨ ਕਨਵਰਟਿਬਲ ਡੀਬੈਂਚਰ ਦੇ ਵਿਆਜ ਭੁਗਤਾਨ 'ਚ ਇਕ ਦਿਨ ਦੀ ਦੇਰੀ ਅਤੇ ਕੰਪਨੀ ਦੀ ਨਕਦੀ ਦੀ ਹਾਲਤ ਖਰਾਬ ਰਹਿਣ ਦਾ ਹਵਾਲਾ ਦਿੰਦੇ ਹੋਏ ਕੇਅਰ ਨੇ ਇਹ ਰੇਟਿੰਗ ਘਟਾਈ ਸੀ। ਕੰਪਨੀ ਨੇ ਕਿਹਾ ਹੈ ਕਿ ਉਸਨੇ ਤੈਅ ਸਮੇਂ ਤੱਕ ਪੈਸਾ ਇਕੱਠਾ ਕਰ ਲਿਆ ਸੀ ਅਤੇ ਬਾਂਡ 'ਤੇ ਭੁਗਤਾਨ 'ਚ ਦੇਰੀ ਬੈਂਕ ਦੇ ਸਰਵਰ 'ਚ ਤਕਨੀਕੀ ਖਰਾਬੀ ਕਾਰਨ ਹੋਈ ਹੈ।


Related News