ਰਿਲਾਇੰਸ ਨਾਲ ਟੱਕਰ ਲਈ ਟਾਟਾ ਨਾਲ ਹੱਥ ਮਿਲਾਉਣ ਦੀ ਤਿਆਰੀ ’ਚ ਵਾਲਮਾਰਟ
Wednesday, Sep 30, 2020 - 04:40 PM (IST)
ਨਵੀਂ ਦਿੱਲੀ– ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਭਾਵੇਂ ਹੀ ਬੀਤੇ ਕੁਝ ਦਿਨਾਂ ’ਚ ਰਿਟੇਲ ਸੈਕਟਰ ਨੂੰ ਲੈ ਕੇ ਵੱਡਾ ਪਲਾਨ ਤਿਆਰ ਕੀਤਾ ਹੈ ਪਰ ਹੁਣ ਵਾਲਮਾਰਟ ਨੇ ਉਸ ਨੂੰ ਟੱਕਰ ਦੇਣ ਲਈ ਨਵੀਂ ਰਣਨੀਤੀ ਅਪਣਾਈ ਹੈ। ਰਿਪੋਰਟ ਮੁਤਾਬਕ ਕੰਪਨੀ ਵਲੋਂ ਦੇਸ਼ ਦੇ ਦਿੱਗਜ਼ ਕਾਰੋਬਾਰੀ ਸਮੂਹ ਟਾਟਾ ਗਰੁੱਪ ਦੇ ਰਿਟੇਲ ਬਿਜਨੈੱਸ ’ਚ 25 ਅਰਬ ਡਾਲਰ ਯਾਨੀ 1.80 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਸਕਦਾ ਹੈ। ਦਰਅਸਲ ਟਾਟਾ ਸਮੂਹ ਈ-ਕਾਮਰਸ ਬਿਜਨੈੱਸ ਲਈ ਸੁਪਰ ਐਪ ਲਾਂਚ ਕਰਨ ਦੀ ਤਿਆਰੀ ’ਚ ਹੈ, ਜਿਸ ’ਚ ਵਾਲਮਾਰਟ ਨਿਵੇਸ਼ ਕਰਨ ਵਾਲਾ ਹੈ। ਦੋਵੇ ਕੰਪਨੀਆਂ ਦਰਮਿਆਨ ਨਿਵੇਸ਼ ਨੂੰ ਲੈ ਕੇ ਗੱਲਬਾਤ ਅੰਤਮ ਦੌਰ ’ਚ ਹੈ।
ਸੁਪਰ ਐਪ ਨੂੰ ਟਾਟਾ ਅਤੇ ਵਾਲਮਾਰਟ ਦੇ ਜੁਆਇੰਟ ਵੈਂਚਰ ਦੇ ਰੂਪ ’ਚ ਲਾਂਚ ਕੀਤਾ ਜਾਏਗਾ, ਜਿਸ ਨਾਲ ਟਾਟਾ ਦੇ ਈ-ਕਾਮਰਸ ਬਿਜਨੈੱਸ ਅਤੇ ਵਾਲਮਾਰਟ ਦੇ ਈ-ਕਾਮਰਸ ਬਿਜਨੈੱਸ ਫਲਿਪਕਾਰਟ ’ਚ ਤਾਲਮੇਲ ਬਿਠਾਇਆ ਜਾ ਸਕੇ। ਇਸ ਤੋਂ ਇਲਾਵਾ ਬਲੂਮਬਰਗ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਟਾਟਾ ਆਪਣੇ ਨਵੇਂ ਡਿਜੀਟਲ ਪਲੇਟਫਾਰਮ ’ਚ ਨਿਵੇਸ਼ ਦੇ ਸੰਭਾਵਿਤ ਨਿਵੇਸ਼ਕਾਂ ਨਾਲ ਗੱਲਬਾਤ ਕਰ ਰਿਹਾ ਹੈ। ਰਿਪੋਰਟ ਮੁਤਾਬਕ ਵਾਲਮਾਰਟ 20 ਤੋਂ 25 ਬਿਲੀਅਨ ਡਾਲਰ ਦੇ ਨਿਵੇਸ਼ ਨਾਲ ਪ੍ਰਪੋਜ਼ਡ ਸੁਪਰ ਐਪ ’ਚ ਵੱਡੀ ਹਿੱਸੇਦਾਰੀ ਖਰੀਦ ਸਕਦਾ ਹੈ, ਜਿਸ ਨੂੰ ਟਾਟਾ ਗਰੁੱਪ ਦੀ ਟਾਟਾ ਸੰਨਸ ਯੂਨਿਟ ਸੰਭਾਲੇਗੀ।
ਦਸੰਬਰ ਜਾਂ ਜਨਵਰੀ ’ਚ ਲਾਂਚ ਹੋ ਸਕਦਾ ਹੈ ‘ਸੁਪਰ ਐਪ’
ਸੁਪਰ ਐਪ ਨੂੰ ਦਸੰਬਰ ਜਾਂ ਜਨਵਰੀ ’ਚ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਐਪ ਟਾਟਾ ਦੇ ਕੰਜਿਊਮਰ ਬਿਜਨੈੱਸ ਨੂੰ ਇਕ ਥਾਂ ਲੈ ਆਵੇਗੀ, ਜਿਸ ਨਾਲ ਰਿਟੇਲ ’ਚ ਵੱਡੀ ਗਿਣਤੀ ’ਚ ਉਤਪਾਦ ਇਕ ਥਾਂ ਮੁਹੱਈਆ ਹੋ ਸਕਣਗੇ। ਰਿਪੋਰਟ ’ਚ ਕਿਹਾ ਗਿਆ ਹੈ ਕਿ ਟਾਟਾ ਨਾਲ ਸੰਭਾਵਿਤ ਡੀਲ ਲਈ ਵਾਲਮਾਰਟ ਨੇ ਬੈਂਕਰ ਲਈ ਗੋਲਡਮੈਨ ਸਾਕਸ ਨੂੰ ਹਾਇਰ ਕੀਤਾ ਹੈ।
ਇਸੇ ਮਹੀਨੇ ਟਾਟਾ ਕੰਸਲਟੈਂਸੀ ਸਰਵਿਸ ਦੀ ਮਾਰਕਿਟ ਕੈਪਿਟਲਾਈਜੇਸ਼ਨ ਵੈਲਯੂ ਦੇ 9 ਲੱਖ ਕਰੋੜ ਰੁਪਏ ’ਤੇ ਪਹੁੰਚਣ ਤੋਂ ਬਾਅਦ ਟੀ. ਸੀ. ਐੱਸ., ਟਾਟਾ ਮੋਟਰਸ ਅਤੇ ਟਾਟਾ ਸਟੀਲ ਦੇ ਸ਼ੇਅਰ ’ਚ 1 ਫੀਸਦੀ ਤੋਂ ਵੱਧ ਦਾ ਉਛਾਲ ਦੇਖਣ ਨੂੰ ਮਿਲਿਆ ਹੈ। ਇਹ ਡੀਲ ਅਜਿਹੇ ਸਮੇਂ ’ਚ ਹੋ ਰਹੀ ਹੈ ਜਦੋਂ ਕੁਝ ਮਹੀਨੇ ਪਹਿਲਾਂ ਹੀ ਮੁਕੇਸ਼ ਅੰਬਾਨੀ ਨੇ ਜੀਓ ਪਲੇਟਫਾਰਮ ਦੇ ਸ਼ੇਅਰ ਫੇਸਬੁਕ, ਗੂਗਲ, ਸਿਲਵਰਲੇਕ, ਕੇ. ਕੇ. ਆਰ. ਵਰਗੀਆਂ ਵੱਡੀਆਂ ਕੰਪਨੀਆਂ ਨੂੰ ਵੇਚ ਕੇ 20 ਬਿਲੀਅਨ ਡਾਲਰ ਜੁਟਾਏ ਹਨ। ਪਿਛਲੇ ਮਹੀਨੇ ਕਿਸ਼ੋਰ ਬਿਆਨੀ ਦੇ ਫਿਊਚਰ ਰਿਟੇਲ ਦਾ ਐਕਵਾਇਰ ਕਰ ਕੇ ਮੁਕੇਸ਼ ਅੰਬਾਨੀ ਦੀ ਰਿਲਾਇੰਸ ਰਿਟੇਲ ਦੇਸ਼ ਦੀ ਸਭ ਤੋਂ ਵੱਡੀ ਰਿਟੇਲ ਕੰਪਨੀ ਬਣ ਗਈ ਹੈ।
ਹੁਣ ਬਿਗ ਬਾਜ਼ਾਰ, ਈਜੀ-ਡੇਅ ਨਾਮੀ ਬ੍ਰਾਡਸ ਤੱਕ ਰਿਲਾਇੰਸ ਰਿਟੇਲ ਦੀ ਪਹੁੰਚ ਹੋ ਗਈ ਹੈ। ਇਸ ਕਾਰਣ ਰਿਟੇਲ ਬਿਜਨੈੱਸ ’ਚ ਮੁਕੇਸ਼ ਅੰਬਾਨੀ ਨੂੰ ਕਰਾਰੀ ਟੱਕਰ ਦੇਣ ਲਈ ਵਾਲਮਾਰਟ ਟਾਟਾ ਗਰੁੱਪ ਨਾਲ ਹੱਥ ਮਿਲਾ ਰਿਹਾ ਹੈ।