ਭਾਰਤ ’ਚ ਨਿਯੁਕਤੀ ਦ੍ਰਿਸ਼ ’ਚ ਸੁਧਾਰ, ਜਨਵਰੀ-ਮਾਰਚ ਲਈ 8 ਸਾਲਾਂ ਦੇ ਉੱਚ ਪੱਧਰ ’ਤੇ : ਸਰਵੇ
Wednesday, Dec 15, 2021 - 10:44 AM (IST)
ਨਵੀਂ ਦਿੱਲੀ (ਭਾਸ਼ਾ) – ਕੋਰੋਨਾ ਵਾਇਰਸ ਮਹਾਮਾਰੀ ਕਾਰਨ ਬਣੇ ਹਾਲਾਤ ’ਚ ਲਗਾਤਾਰ ਸੁਧਾਰ ਕਾਰਨ ਭਾਰਤੀ ਰੁਜ਼ਗਾਰਦਾਤਿਆਂ ਨੇ ਅਗਲੇ 3 ਮਹੀਨਿਆਂ ਦੌਰਾਨ ਨਿਯੁਕਤੀ ਸਰਗਰਮੀਆਂ ਤੇਜ਼ ਰਹਿਣ ਦੀ ਉਮੀਦ ਪ੍ਰਗਟਾਈ ਹੈ। ਅੱਜ ਜਾਰੀ ਇਕ ਸਰਵੇਖਣ ’ਚ ਕਿਹਾ ਗਿਆ ਹੈ ਕਿ 49 ਫੀਸਦੀ ਕੰਪਨੀਆਂ ਜਨਵਰੀ-ਮਾਰਚ ਦੀ ਤਿਮਾਹੀ ’ਚ ਹੋਰ ਨਿਯੁਕਤੀਆਂ ਕਰਨ ਦੀ ਯੋਜਨਾ ਬਣਾ ਰਹੀਆਂ ਹਨ।
ਮੈਨਪਾਵਰ ਗਰੁੱਪ ਦੇ ਰੁਜ਼ਗਾਰ ਦ੍ਰਿਸ਼ ਸਰਵੇ ਮੁਤਾਬਕ ਭਾਰਤ ’ਚ ਭਰਤੀਆਂ ਦਾ ਮਾਹੌਲ ਬੀਤੇ 8 ਸਾਲਾਂ ’ਚ ਸਭ ਤੋਂ ਮਜ਼ਬੂਤ ਹੈ। ਪਿਛਲੀ ਤਿਮਾਹੀ ਦੇ ਮੁਕਾਬਲੇ ਇਸ ’ਚ 5 ਫੀਸਦੀ ਅੰਕ ਦਾ ਵਾਧਾ ਹੋਇਆ ਹੈ ਅਤੇ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ ਮੁਕਾਬਲੇ ਇਸ ’ਚ 43 ਫੀਸਦੀ ਅੰਕ ਦਾ ਵਾਧਾ ਹੋਇਆ ਹੈ। ਇਹ ਸਰਵੇ 3020 ਮਾਲਕਾਂ ’ਤੇ ਕੀਤਾ ਗਿਆ, ਜਿਨ੍ਹਾਂ ’ਚੋਂ 64 ਫੀਸਦੀ ਨੇ ਕਿਹਾ ਕਿ ਉਹ ਕਰਮਚਾਰੀਆਂ ਦੀ ਗਿਣਤੀ ਵਧਾ ਸਕਦੇ ਹਨ। 15 ਫੀਸਦੀ ਨੂੰ ਕਰਮਚਾਰੀਆਂ ਦੀ ਗਿਣਤੀ ਘਟਣ ਦਾ ਅਨੁਮਾਨ ਹੈ ਜਦ ਕਿ 20 ਫੀਸਦੀ ਮੰਨਦੇ ਹਨ ਕਿ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਹੋਵੇਗਾ। ਇਸ ਤਰ੍ਹਾਂ ਸ਼ੁੱਧ ਰੁਜ਼ਗਾਰ ਦ੍ਰਿਸ਼ 49 ਫੀਸਦੀ ਬਣਦਾ ਹੈ।