ਹੁਣ RBL ਬੈਂਕ ਵੀ ਸਰਕਾਰੀ ਲੈਣ-ਦੇਣ ਸੰਭਾਲੇਗਾ, RBI ਨੇ ਦਿੱਤੀ ਮਨਜ਼ੂਰੀ
Thursday, Aug 12, 2021 - 10:17 AM (IST)
ਨਵੀਂ ਦਿੱਲੀ- ਹੁਣ ਆਰ. ਬੀ. ਐੱਲ. ਬੈਂਕ ਵੀ ਸਰਕਾਰੀ ਲੈਣ-ਦੇਣ ਸੰਭਾਲੇਗਾ। ਆਰ. ਬੀ. ਐੱਲ. ਬੈਂਕ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਨੇ ਉਸ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਬੈਂਕਿੰਗ ਲੈਣ-ਦੇਣ ਲਈ ਏਜੰਸੀ ਬੈਂਕ ਵਜੋਂ ਕੰਮ ਕਰਨ ਦੀ ਮਾਨਤਾ ਦਿੱਤੀ ਹੈ।
ਕੇਂਦਰੀ ਬੈਂਕ ਦੀ ਮਨਜ਼ੂਰੀ ਮਿਲਣ ਮਗਰੋਂ ਆਰ. ਬੀ. ਐੱਲ. ਬੈਂਕ ਹੁਣ ਸਰਕਾਰੀ ਕਾਰੋਬਾਰ ਨਾਲ ਜੁੜੇ ਲੈਣ-ਦੇਣ ਦੀ ਵਿਸਥਾਰਤ ਲੜੀ ਨੂੰ ਸੰਭਾਲ ਸਕੇਗਾ। ਇਸ ਤੋਂ ਇਲਾਵਾ ਬੈਂਕ ਹੁਣ ਸਬਸਿਡੀ ਦੀ ਵੰਡ, ਪੈਨਸ਼ਨ ਭੁਗਤਾਨ, ਆਮਦਨ ਟੈਕਸ, ਆਬਕਾਰੀ ਡਿਊਟੀ, ਕਸਟਮ ਡਿਊਟੀ, ਜੀ. ਐੱਸ. ਟੀ., ਸਟੈਂਪ ਡਿਊਟੀ, ਰਜਿਸਟ੍ਰੇਸ਼ਨ, ਸਟੇਟ ਐਕਸਾਈਜ਼ (ਵੈਟ) ਤੇ ਪੇਸ਼ੇਵਰ ਟੈਕਸ ਸਮੇਤ ਕੇਂਦਰੀ ਅਤੇ ਸੂਬੇ ਦੇ ਟੈਕਸਾਂ ਨੂੰ ਇਕੱਠਾ ਕਰਨ ਦਾ ਕਾਰੋਬਾਰ ਕਰਨ ਵਿਚ ਸਮਰੱਥ ਹੋਵੇਗਾ।
ਆਰ. ਬੀ. ਐੱਲ. ਬੈਂਕ ਨੂੰ ਇਹ ਮਾਨਤਾ ਆਰ. ਬੀ. ਆਈ. ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਮਿਲੀ ਹੈ। ਜਿਸ ਵਿਚ ਉਸ ਨੇ ਸ਼ਡਿਊਲਡ ਨਿੱਜੀ ਖੇਤਰ ਦੇ ਬੈਂਕਾਂ ਨੂੰ ਸਰਕਾਰ ਨਾਲ ਸਬੰਧਤ ਵਪਾਰਕ ਲੈਣ-ਦੇਣ ਏਜੰਸੀਆਂ ਵਜੋਂ ਕੰਮ ਕਰਨ ਦਾ ਅਧਿਕਾਰ ਦਿੱਤਾ ਹੈ। ਆਰ. ਬੀ. ਐੱਲ. ਬੈਂਕ ਨੇ ਕਿਹਾ ਕਿ ਆਰ. ਬੀ. ਆਈ. ਵੱਲੋਂ ਇਸ ਮਾਨਤਾ ਦੇ ਨਾਲ ਉਹ ਸਰਕਾਰੀ ਵਿਭਾਗਾਂ ਅਤੇ ਉੱਦਮਾਂ ਨੂੰ ਵਧੀਆ ਤਕਨਾਲੋਜੀ ਆਧਾਰਿਤ ਪਲੇਟਫਾਰਮ ਅਤੇ ਡਿਜੀਟਲ ਉਤਪਾਦਾਂ ਦੀ ਪੇਸ਼ਕਸ਼ ਕਰਨ ਦਾ ਮੌਕਾ ਦੇਵੇਗਾ।