RBI ਨੇ ਗਲਤੀ ਨਾਲ ਦਿੱਤੇ ਗਏ ਵਧੇਰੇ ਪੈਨਸ਼ਨ ਦੀ ਵਸੂਲੀ ਸਬੰਧੀ ਸਰਕੂਲਰ ਵਾਪਸ ਲਏ

Friday, Jan 22, 2021 - 09:10 AM (IST)

RBI ਨੇ ਗਲਤੀ ਨਾਲ ਦਿੱਤੇ ਗਏ ਵਧੇਰੇ ਪੈਨਸ਼ਨ ਦੀ ਵਸੂਲੀ ਸਬੰਧੀ ਸਰਕੂਲਰ ਵਾਪਸ ਲਏ

ਨਵੀਂ ਦਿੱਲੀ (ਯੂ. ਐੱਨ. ਆਈ.) – ਪੈਨਸ਼ਨਰਾਂ ਨੂੰ ਗਲਤੀ ਨਾਲ ਦਿੱਤੇ ਗਏ ਵਧੇਰੇ ਪੈਨਸ਼ਨ ਦੀ ਵਸੂਲੀ ਲਈ ਪਹਿਲਾਂ ਜਾਰੀ ਸਰਕੂਲਰਾਂ ਨੂੰ ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਅੱਜ ਵਾਪਸ ਲੈ ਲਿਆ।

ਇਕ ਨਵੇਂ ਸਰਕੂਲਰ ’ਚ ਉਸ ਨੇ ਕਿਹਾ ਕਿ ਆਰ. ਬੀ. ਆਈ. ਨੂੰ ਜਾਣਕਾਰੀ ਮਿਲੀ ਹੈ ਕਿ ਗਲਤੀ ਨਾਲ ਦਿੱਤੀ ਗਈ ਪੈਨਸ਼ਨ ਦੀ ਵਸੂਲੀ ਲਈ ਅਜਿਹੇ ਤਰੀਕੇ ਅਪਣਾਏ ਜਾ ਰਹੇ ਹਨ ਜੋ ਦਿਸ਼ਾ-ਨਿਰਦੇਸ਼ਾਂ ਅਤੇ ਅਦਾਲਤੀ ਆਦੇਸ਼ਾਂ ਦੇ ਮੁਤਾਬਕ ਨਹੀਂ ਹਨ। ਉਸ ਨੇ ਅੱਗੇ ਕਿਹਾ ਕਿ ਇਸ ਸਬੰਧ ’ਚ ਪਹਿਲਾਂ ਜਾਰੀ ਤਿੰਨੇ ਸਰਕੂਲਰ ਵਾਪਸ ਲਏ ਜਾਂਦੇ ਹਨ। ਇਸ ਸਬੰਧ ’ਚ ਆਖਰੀ ਸਰਕੂਲਰ 17 ਮਾਰਚ 2016 ਨੂੰ ਜਾਰੀ ਕੀਤਾ ਗਿਆ ਸੀ, ਜਿਸ ’ਚ ਕਿਹਾ ਗਿਆ ਸੀ ਕਿ ਵਧੇਰੇ ਪੈਨਸ਼ਨ ਦਿੱਤੇ ਜਾਣ ਦੀ ਜਾਣਕਾਰੀ ਜਿਵੇਂ ਹੀ ਬੈਂਕ ਦੇ ਧਿਆਨ ’ਚ ਆਉਂਦੀ ਹੈ, ਬਾਕੀ ਰਾਸ਼ੀ ਪੈਨਸ਼ਨਰ ਦੇ ਖਾਤੇ ’ਚ ਮੌਜੂਦਾ ਰਾਸ਼ੀ ਤੋਂ ਵਸੂਲੀ ਜਾਣੀ ਚਾਹੀਦੀ ਹੈ। ਜੇ ਖਾਤੇ ’ਚ ਲੋੜੀਂਦੀ ਰਾਸ਼ੀ ਨਹੀਂ ਹੈ ਤਾਂ ਪੈਨਸ਼ਨਰ ਨੂੰ ਬਾਕੀ ਰਾਸ਼ੀ ਜਮ੍ਹਾ ਕਰਵਾਉਣ ਲਈ ਕਿਹਾ ਜਾਣਾ ਚਾਹੀਦਾ ਹੈ। ਜੇ ਉਹ ਯਕਮੁਸ਼ਤ ਰਾਸ਼ੀ ਜਮ੍ਹਾ ਨਹੀਂ ਕਰਾ ਸਕਦਾ ਹੈ ਤਾਂ ਭਵਿੱਖ ’ਚ ਮਿਲਣ ਵਾਲੀ ਪੈਨਸ਼ਨ ਦੀ ਰਾਸ਼ੀ ’ਚੋਂ ਕਿਸ਼ਤਵਾਰ ਇਹ ਰਾਸ਼ੀ ਵਸੂਲੀ ਜਾਣੀ ਚਾਹੀਦੀ ਹੈ।

ਆਰ. ਬੀ. ਆਈ. ਨੇ ਅੱਜ ਜਾਰੀ ਇਕ ਸਰਕੂਲਰ ’ਚ ਕਿਹਾ ਕਿ ਬਕਾਇਆ ਪੈਨਸ਼ਨ ਰਾਸ਼ੀ ਦੀ ਵਸੂਲੀ ਲਈ ਉਹ ਪੈਨਸ਼ਨ ਦੇਣ ਵਾਲੀ ਏਜੰਸੀ ਤੋਂ ਦਿਸ਼ਾ-ਨਿਰਦੇਸ਼ ਪ੍ਰਾਪਤ ਕਰ ਕੇ ਉਸ ਦੇ ਮੁਤਾਬਕ ਕੰਮ ਕਰੇ। ਜੇ ਬੈਂਕ ਦੀ ਗਲਤੀ ਨਾਲ ਜ਼ਿਆਦਾ ਪੈਨਸ਼ਨ ਦਾ ਭੁਗਤਾਨ ਪੈਨਸ਼ਨਰਾਂ ਦੇ ਖਾਤੇ ’ਚ ਕੀਤਾ ਗਿਆ ਹੈ ਤਾਂ ਬੈਂਕ ਨੂੰ ਤੁਰੰਤ ਇਹ ਰਾਸ਼ੀ ਯਕਮੁਸ਼ਤ ਵਾਪਸ ਕਰਨੀ ਚਾਹੀਦੀ ਹੈ।


author

Harinder Kaur

Content Editor

Related News