ਰੁਪਏ ਦੀ ਗਿਰਾਵਟ ਕਾਰਨ RBI ਦੀ ਵਧੀ ਪਰੇਸ਼ਾਨੀ , ਲਗਾਮ ਲਗਾਉਣ ਲਈ ਬਣਾਈ ਇਹ ਯੋਜਨਾ

Thursday, Jul 21, 2022 - 02:42 PM (IST)

ਰੁਪਏ ਦੀ ਗਿਰਾਵਟ ਕਾਰਨ RBI ਦੀ ਵਧੀ ਪਰੇਸ਼ਾਨੀ , ਲਗਾਮ ਲਗਾਉਣ ਲਈ ਬਣਾਈ ਇਹ ਯੋਜਨਾ

ਨਵੀਂ ਦਿੱਲੀ - ਡਾਲਰ ਦੇ ਮੁਕਾਬਲੇ ਰੁਪਿਆ ਬੁੱਧਵਾਰ ਨੂੰ ਪਹਿਲੀ ਵਾਰ 80 ਦੇ ਪਾਰ ਪਹੁੰਚ ਗਿਆ। ਇਸ ਸਾਲ ਜਨਵਰੀ ਤੋਂ ਹੁਣ ਤੱਕ ਰੁਪਿਆ 7 ਫੀਸਦੀ ਤੋਂ ਜ਼ਿਆਦਾ ਡਿੱਗ ਚੁੱਕਾ ਹੈ। ਇਸ ਗਿਰਾਵਟ ਨੂੰ ਰੋਕਣ ਲਈ, ਆਰਬੀਆਈ ਹੁਣ ਵਿਦੇਸ਼ੀ ਮੁਦਰਾ ਭੰਡਾਰ ਵਿਚੋਂ 100 ਅਰਬ ਡਾਲਰ ਵੇਚੇਗਾ। ਰਿਜ਼ਰਾਵ ਬੈਂਕ ਦੇ ਇਸ ਕਦਮ ਨਾਲ ਰੁਪਏ ਦੀ ਗਿਰਾਵਟ 4 ਮਹੀਨਿਆਂ ਤੱਕ ਰੁਕ ਸਕਦੀ ਹੈ। ਜੇਕਰ ਸਰਕਾਰ ਵਲੋਂ ਜਲਦ ਹੀ ਜ਼ਰੂਰੀ ਕਦਮ ਨਾ ਚੁੱਕੇ ਗਏ ਤਾਂ ਡਾਲਰ ਦੇ ਮੁਕਾਬਲੇ ਰੁਪਏ ਦੀ ਗਿਰਾਵਟ 85 ਰੁਪਏ ਦੇ ਪੱਧਰ ਤੱਕ ਵੀ ਜਾ ਸਕਦੀ ਹੈ। ਹਾਲਾਂਕਿ, ਆਰਬੀਆਈ ਦੇ ਤਾਜ਼ਾ ਕਦਮ ਨਾਲ ਘਰੇਲੂ ਮੁਦਰਾ ਨੂੰ ਕੁਝ ਹੱਦ ਤੱਕ ਮਦਦ ਮਿਲ ਸਕਦੀ ਹੈ।

ਇਹ ਵੀ ਪੜ੍ਹੋ :  Sri Lanka Crisis: ਸ੍ਰੀਲੰਕਾ ਨੂੰ ਕਰਜ਼ਾ ਸਹਾਇਤਾ ਦੇਣ ਵਿੱਚ ਭਾਰਤ ਪਹਿਲੇ ਨੰਬਰ ‘ਤੇ, ਚੀਨ ਨੂੰ ਵੀ ਛੱਡਿਆ ਪਿੱਛੇ

ਸੂਤਰਾਂ ਨੇ ਕਿਹਾ ਕਿ ਰੁਪਏ 'ਚ ਗਿਰਾਵਟ ਗਲੋਬਲ ਹਾਲਾਤਾਂ ਦੇ ਮੁਤਾਬਕ ਹੈ। ਹਾਲਾਂਕਿ ਰਿਜ਼ਰਵ ਬੈਂਕ ਕੋਲ ਇਸਨੂੰ ਰੋਕਣ ਦੇ ਕਈ ਸਾਧਨ ਉਪਲੱਬਧ ਹਨ ਜਿਨ੍ਹਾਂ ਦਾ ਇਸੇਤਮਾਲ ਕਰਕੇ ਰੁਪਏ ਦੀ ਗਿਰਾਵਟ ਨੂੰ ਰੋਕਿਆ ਜਾ ਸਕਦਾ ਹੈ।

ਵਿਦੇਸ਼ੀ ਨਿਵੇਸ਼ਕਾਂ ਨੂੰ ਉਤਸ਼ਾਹਿਤ ਕਰਨਾ

ਇਕ ਵਪਾਰੀ ਨੇ ਕਿਹਾ ਕਿ ਅਮਰੀਕਾ ਦੀਆਂ ਸਖਤ ਨੀਤੀਆਂ ਕਾਰਨ ਰੁਪਏ ਦੇ 84-85 ਤੱਕ ਡਿੱਗਣ ਦਾ ਡਰ ਹੈ। ਇਸ ਲਈ ਸਰਕਾਰ ਅਤੇ ਆਰਬੀਆਈ ਵਿਦੇਸ਼ੀ ਨਿਵੇਸ਼ਕਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਵਿਦੇਸ਼ੀ ਨਿਵੇਸ਼ਕ ਜਲਦ ਵਾਪਸੀ ਕਰਨਗੇ। ਹਾਲਾਂਕਿ, ਸਿੰਗਾਪੁਰ ਦੇ ਵਪਾਰੀ ਨੇ ਕਿਹਾ, ਵਿਆਜ ਦਰਾਂ ਬਹੁਤ ਜ਼ਿਆਦਾ ਹਨ। ਅਜਿਹੇ 'ਚ ਵਿਦੇਸ਼ੀ ਨਿਵੇਸ਼ਕਾਂ ਦੇ ਤੇਜ਼ੀ ਨਾਲ ਭਾਰਤ ਆਉਣ ਦੀ ਸੰਭਾਵਨਾ ਬਹੁਤ ਘੱਟ ਹੈ।

ਇਹ ਵੀ ਪੜ੍ਹੋ : ਬਿਲ ਗੇਟਸ ਨੂੰ ਪਛਾੜ ਕੇ ਅਡਾਨੀ ਬਣੇ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ, ਕਈ ਧਨਕੁਬੇਰਾਂ ਨੂੰ ਛੱਡਿਆ ਪਿੱਛੇ

ਹੋਰ ਮੁਦਰਾਵਾਂ ਦੀ ਤੁਲਨਾ ’ਚ ਰੁਪਏ ਦੀ ਗਿਰਾਵਟ ਘੱਟ : ਨਾਗੇਸ਼ਵਰਨ

ਮੁੱਖ ਆਰਥਿਕ ਸਲਾਹਕਾਰ ਵੀ ਅਨੰਤ ਨਾਗੇਸ਼ਵਰਨ ਨੇ ਕਿਹਾ ਕਿ ਅਮਰੀਕੀ ਡਾਲਰ ਦੀ ਤੁਲਨਾ ’ਚ ਰੁਪਏ ਦੀ ਕੀਮਤ ’ਚ ਆਈ ਕਮੀ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ’ਚ ਆਈ ਗਿਰਾਵਟ ਦੀ ਤੁਲਨਾ ’ਚ ਕਿਤੇ ਘੱਟ ਹੈ। ਨਾਗੇਸ਼ਵਰਨ ਨੇ ਡਾਲਰ ਦੇ ਮੁਕਾਬਲੇ ਰੁਪਏ ਅਤੇ ਹੋਰ ਮੁਦਰਾਵਾਂ ਦੀਆਂ ਕੀਮਤਾਂ ’ਚ ਆਈ ਇਸ ਗਿਰਾਵਟ ਲਈ ਅਮਰੀਕੀ ਫੈੱਡਰਲ ਰਿਜ਼ਰਵ ਦੇ ਹਮਲਾਵਰ ਮੁਦਰਾ ਰੁਖ ਨੂੰ ਜ਼ਿੰਮੇਵਾਰ ਦੱਸਿਆ।

ਉਨ੍ਹਾਂ ਨੇ ਕਿਹਾ ਕਿ ਫੈੱਡਰਲ ਰਿਜ਼ਰਵ ਦੇ ਸਖਤ ਰਵੱਈਏ ਨਾਲ ਕਈ ਉੱਭਰਦੀਆਂ ਅਰਥਵਿਵਸਥਾਵਾਂ ਨਾਲ ਵਿਦੇਸ਼ੀ ਪੂੰਜੀ ਦੀ ਨਿਕਾਸੀ ਹੋ ਰਹੀ ਹੈ, ਜਿਸ ਨਾਲ ਸਥਾਨਕ ਮੁਦਰਾਵਾਂ ਦਬਾਅ ’ਚ ਆ ਗਈਆਂ ਹਨ। ਇਕ ਪ੍ਰੋਗਰਾਮ ’ਚ ਸ਼ਿਰਕਤ ਕਰਨ ਆਏ ਨਾਗੇਸ਼ਵਰਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਾਪਾਨੀ ਯੇਨ, ਯੂਰੋ, ਸਵਿਸ ਫ੍ਰੈਂਕ, ਬ੍ਰਿਟਿਸ਼ ਪੌਂਡ ਦਾ ਡਾਲਰ ਦੇ ਮੁਕਾਬਲੇ ਕਿਤੇ ਜ਼ਿਆਦਾ ਘਟਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਦੋਹਾਂ ਨੇ ਹੀ ਵਿਦੇਸ਼ੀ ਮੁਦਰਾ ਦੀ ਨਿਕਾਸੀ ਨੂੰ ਰੋਕਣ ਲਈ ਕਈ ਕਦਮ ਉਠਾਏ ਹਨ। ਇਸ ਦੇ ਨਾਲ ਹੀ ਵਿਦੇਸ਼ੀ ਪੂੰਜੀ ਨੂੰ ਆਕਰਸ਼ਿਤ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਹਨ ਤਾਂ ਕਿ ਭਾਰਤੀ ਮੁਦਰਾ ਦੀ ਡਿਗਦੀ ਕੀਮਤ ਨੂੰ ਰੋਕਿਆ ਜਾ ਸਕੇ। ਅਮਰੀਕੀ ਡਾਲਰ ਦੇ ਮੁਕਾਬਲੇ ਇਸ ਸਾਲ ਹੁਣ ਤੱਕ ਰੁਪਏ ਦੀ ਕੀਮਤ ਕਰੀਬ 7.5 ਫੀਸਦੀ ਤੱਕ ਘੱਟ ਹੋ ਚੁੱਕੀ ਹੈ। ਸੋਮਵਾਰ ਨੂੰ ਰੁਪਇਆ ਕਾਰੋਬਾਰ ਦੌਰਾਨ ਪਹਿਲੀ ਵਾਰ 80 ਰੁਪਏ ਪ੍ਰਤੀ ਡਾਲਰ ਦੇ ਪੱਧਰ ’ਤੇ ਆ ਗਿਆ।

ਇਹ ਵੀ ਪੜ੍ਹੋ : ਰੁਪਏ 'ਚ ਇਤਿਹਾਸਕ ਗਿਰਾਵਟ, ਪਹਿਲੀ ਵਾਰ 80 ਰੁਪਏ ਪ੍ਰਤੀ ਡਾਲਰ ਦੇ ਪੱਧਰ ਤੱਕ ਡਿੱਗਿਆ

ਵਿਦੇਸ਼ੀ ਮੁਦਰਾ ਭੰਡਾਰ 'ਚ ਗਿਰਾਵਟ ਜਾਰੀ 

ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 60 ਅਰਬ ਡਾਲਰ ਘਟ ਗਿਆ ਹੈ। ਪਿਛਲੇ ਸਾਲ ਸਤੰਬਰ 'ਚ ਭੰਡਾਰ 642 ਅਰਬ ਡਾਲਰ ਸੀ, ਜੋ ਘਟ ਕੇ 580 ਅਰਬ ਡਾਲਰ ਰਹਿ ਗਿਆ। ਇਸ ਦੇ ਬਾਵਜੂਦ ਰਿਜ਼ਰਵ ਬੈਂਕ ਦਾ ਰਿਜ਼ਰਵ ਦੁਨੀਆ ਦੇ ਕੇਂਦਰੀ ਬੈਂਕਾਂ ਵਿੱਚੋਂ 5ਵਾਂ ਸਭ ਤੋਂ ਵੱਡਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News