ਅਚਾਨਕ RBI ਦਾ ਵੱਡਾ ਫੈਸਲਾ, ਸਿਸਟਮ ''ਚ 1.9 ਲੱਖ ਕਰੋੜ ਦੀ ਲਿਕੁਈਡਿਟੀ ਵਧਾਉਣ ਦਾ ਐਲਾਨ
Wednesday, Mar 05, 2025 - 11:54 PM (IST)
 
            
            ਬਿਜ਼ਨੈੱਸ ਡੈਸਕ- ਬੈਂਕਿੰਗ ਸਿਸਟਮ 'ਚ ਲਿਕੁਇਡਿਟੀ ਵਧਾਉਣ ਲਈ ਵੱਡਾ ਕਦਮ ਚੁੱਕਿਆ ਹੈ। ਭਾਰਤੀ ਰਿਜ਼ਰਵ ਬੈਂਕ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਇਸ ਮਹੀਨੇ ਦੌਰਾਨ ਓਪਨ ਮਾਰਕੀਟ 'ਚ ਸਰਕਾਰੀ ਇਕੁਈਟੀਜ਼ ਦੀ ਖਰੀਦ ਕਰੇਗਾ ਅਤੇ ਕੁੱਲ ਮਿਲਾ ਕੇ ਕਰੀਬ 1.9 ਲੱਖ ਕਰੋੜ ਰੁਪਏ ਕੀਮਤ ਦੇ ਅਮਰੀਕੀ ਡਾਲਰ/ਰੁਪਏ ਦੀ ਅਦਲਾ-ਬਦਲੀ ਕਰੇਗਾ।
28 ਫਰਵਰੀ ਨੂੰ ਕੇਂਦਰੀ ਬੈਂਕ ਨੇ ਸਿਸਟਮ 'ਚ ਲਾਂਗ ਟਰਮ ਲਿਕੁਈਡਿਟੀ ਲਿਆਉਣ ਲਈ 10 ਅਰਬ ਅਮਰੀਕੀ ਡਾਲਰ ਕੀਮਤ ਦੀ ਅਮਰੀਕੀ ਡਾਲਰ-ਰੁਪਏ ਅਦਲਾ-ਬਦਲੀ ਕੀਤੀ ਸੀ, ਜਿਸ ਨਾਲ ਆਕਸ਼ਨ 'ਚ ਮਜਬੂਤ ਮੰਗ ਪੈਦਾ ਹੋਈ। ਹੁਣ ਆਰ.ਬੀ.ਆਈ. ਨੇ ਇਕ ਵਾਰ ਫਿਰ ਓਪਨ ਮਾਰਕੀਟ ਰਾਹੀਂ ਲਿਕੁਈਡਿਟੀ ਵਧਾਉਣ ਦਾ ਐਲਾਨ ਕੀਤਾ ਹੈ, ਜਿਸ ਨਾਲ ਮੰਗ 'ਚ ਹੋਰ ਤੇਜ਼ੀ ਆ ਸਕਦੀ ਹੈ। ਨਾਲ ਹੀ ਭਾਰਤੀ ਸ਼ੇਅਰ ਬਾਜ਼ਾਰ 'ਚ ਬੈਂਕਿੰਗ ਅਤੇ ਐੱਨ.ਬੀ.ਐੱਫ.ਸੀ. ਕੰਪਨੀਆਂ ਦੇ ਸ਼ੇਅਰ ਵੀ ਫੋਕਸ 'ਚ ਆ ਸਕਦੇ ਹਨ।
ਆਰ.ਬੀ.ਆਈ. ਨੇ ਬੁੱਧਵਾਰ ਨੂੰ ਕਿਹਾ ਕਿ ਉਹ 12 ਮਾਰਚ ਅਤੇ 18 ਮਾਰਚ ਨੂੰ 50,000 ਕਰੋੜ ਰੁਪਏ ਦੀਆਂ ਦੋ ਕਿਸਤਾਂ 'ਚ ਕੁੱਲ 1,00,000 ਕਰੋੜ ਰੁਪਏ ਰਕਮ ਲਈ ਭਾਰਤ ਸਰਕਾਰ ਦੀ ਇਕੁਈਡਿਟੀਜ਼ ਦੀ ਓ.ਐੱਮ.ਓ. (ਖੁੱਲੇ ਬਾਜ਼ਾਰ ਪਰਿਚਾਲਨ) ਖਰੀਦ ਨਿਲਾਮੀ ਆਯੋਜਿਤ ਕਰੇਗਾ। ਨਿਲਾਮੀ ਦੋ ਭਾਗਾ 'ਚ 50,000-50,000 ਕਰੋੜ ਰੁਪਏ ਦੀ ਹੋਵੇਗੀ। ਇਸ ਤੋਂ ਇਲਾਵਾ ਆਰ.ਬੀ.ਆਈ. 24 ਮਾਰਚ 2025 ਨੂੰ 36 ਮਹੀਨਿਆਂ ਦੀ ਮਿਆਦ ਲਈ 10 ਅਰਬ ਰੁਪਏ ਲਈ USD/INR ਖਰੀਦ/ਵਿਕਰੀ ਸਵੈਪ ਆਕਸ਼ਨ ਰੱਖੇਗਾ।
ਲਿਕੁਈਡਿਟੀ ਸੰਕਟ 'ਚੋਂ ਗੁਜ਼ਰ ਰਹੇ ਬੈਂਕ
ਭਾਰਤੀ ਬੈਂਕਿੰਗ ਸਿਸਟਮ ਇਸ ਸਮੇਂ 10 ਸਾਲਾਂ 'ਚ ਸਭ ਤੋਂ ਲਿਕੁਈਡਿਟੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਵਿਚ ਨਵੰਬਰ 'ਚ 1.35 ਲੱਖ ਕਰੋੜ ਰੁਪਏ ਦੇ ਸਰਪਲੱਸ ਨਾਲ ਦਸੰਬਰ 'ਚ 0.65 ਲੱਖ ਕਰੋੜ ਰੁਪਏ ਦੇ ਘਾਟੇ 'ਚ ਸਿਸਟਮ ਦੀ ਲਿਕੁਈਡਿਟੀ ਚੇਂਜ ਹੋ ਰਹੀ ਹੈ। ਇਹ ਘਾਟਾ ਲਗਾਤਾਰ ਵਧਦਾ ਜਾ ਰਿਹਾ ਹੈ, ਜੋ ਜਨਵਰੀ 'ਚ 2.07 ਲੱਖ ਕਰੋੜ ਰੁਪਏ ਅਤੇ ਫਰਵਰੀ 'ਚ 1.59 ਲੱਖ ਕਰੋੜ ਰੁਪਏ ਤਕ ਪਹੁੰਚ ਗਿਆ ਹੈ।
ਇਨ੍ਹਾਂ ਸ਼ੇਅਰਾਂ 'ਚ ਆ ਸਕਦੀ ਹੈ ਤੇਜ਼ੀ
ਸ਼ੇਅਰ ਬਾਜ਼ਾਰ 'ਚ ਬੁੱਧਵਾਰ ਨੂੰ ਤੇਜ਼ੀ ਦੇਖਣ ਨੂੰ ਮਿਲੀ ਹੈ। ਇਸ ਵਿਚਕਾਰ ਕਈ ਸ਼ੇਅਰ ਚੰਗੇ ਉਛਾਲ 'ਤੇ ਬੰਦ ਹੋਏ। ਬਾਜ਼ਾਰ ਬੰਦ ਹੋਣ ਤੋਂ ਬਾਅਦ ਆਰ.ਬੀ.ਆਈ. ਵੱਲੋਂ ਆਈ ਇਹ ਖਬਰ ਬਾਜ਼ਾਰ ਲਈ ਪਾਜ਼ਟਿਵ ਸੰਕੇਤ ਦੇ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਬੈਂਕ ਅਤੇ ਐੱਨ.ਬੀ.ਐੱਫ.ਸੀ. ਕੰਪਨੀਆਂ ਦੇ ਸ਼ੇਅਰ ਵੀਰਵਾਰ ਨੂੰ ਵੀ ਫੋਕਸ 'ਚ ਰਹਿ ਸਕਦੇ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            