RBI ਅਗਲੀ ਸਮੀਖਿਆ ’ਚ ਰੇਪੋ ਰੇਟ ਘਟਾਏ; ਕਟੌਤੀ ’ਚ ਦੇਰੀ ਨਾਲ ਵਾਧੇ ’ਤੇ ਪਵੇਗਾ ਅਸਰ
Tuesday, Jan 14, 2025 - 05:59 PM (IST)
ਮੁੰਬਈ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੂੰ ਫਰਵਰੀ ’ਚ ਅਗਲੀ ਨੀਤੀ ਸਮੀਖਿਆ ’ਚ ਮੁੱਖ ਦਰਾਂ ’ਚ 0.25 ਫੀਸਦੀ ਦੀ ਕਟੌਤੀ ਦੇ ਨਾਲ ਇਸ ’ਚ ਕਟੌਤੀ ਚੱਕਰ ਸ਼ੁਰੂ ਕਰਨਾ ਚਾਹੀਦਾ। ਡਾਇਸ਼ੇ ਬੈਂਕ (ਡੀ. ਬੀ.) ਦੇ ਵਿਸ਼ਲੇਸ਼ਕਾਂ ਨੇ ਮੰਗਲਵਾਰ ਨੂੰ ਕਿਹਾ ਕਿ ਵਿਆਜ ਦਰਾਂ ’ਚ ਕਟੌਤੀ ’ਚ ਦੇਰੀ ਨਾਲ ਵਾਧੇ ’ਤੇ ਹੋਰ ਜ਼ਿਆਦਾ ਮਾੜਾ ਅਸਰ ਪਵੇਗਾ। ਜੇ ਕਾਰਵਾਈ ’ਚ ਦੇਰੀ ਕੀਤੀ ਗਈ ਤਾਂ ਆਰ. ਬੀ. ਆਈ. ਦੇ ਵੀ ਪੱਛੜ ਜਾਣ ਦਾ ਖਤਰਾ ਹੈ।
ਉਨ੍ਹਾਂ ਕਿਹਾ,‘ਸਾਨੂੰ ਉਮੀਦ ਹੈ ਕਿ ਆਰ. ਬੀ. ਆਈ. ਫਰਵਰੀ ਅਤੇ ਅਪ੍ਰੈਲ ਦੀ ਕਰੰਸੀ ਸਮੀਖਿਆ ’ਚ ਨੀਤੀਗਤ ਦਰ ’ਚ 0.25 ਫੀਸਦੀ ਦੀ ਕਟੌਤੀ ਕਰੇਗਾ, ਜਿਸ ਨਾਲ ਪਹਿਲੀ ਛਿਮਾਹੀ ’ਚ ਰੇਪੋ ਰੇਟ 6 ਫੀਸਦੀ ’ਤੇ ਆ ਜਾਵੇਗੀ।’ ਵਿਸ਼ਲੇਸ਼ਕਾਂ ਨੇ ਕਿਹਾ ਕਿ ਭਾਰਤ ’ਚ ਕਰੰਸੀ ਸੰਚਾਰ ਘੱਟ ਤੋਂ ਘੱਟ 3 ਤਿਮਾਹੀਆਂ ਦੇ ਵਕਫੇ ਨਾਲ ਕੰਮ ਕਰਦਾ ਹੈ, ਇਸ ਲਈ ਆਰ. ਬੀ. ਆਈ. ਵੱਲੋਂ ਫਰਵਰੀ ਤੋਂ ਦਰਾਂ ’ਚ ਕਟੌਤੀ ਸ਼ੁਰੂ ਕਰਨ ਲਈ ਇਹ ਸਹੀ ਸਮਾਂ ਲੱਗਦਾ ਹੈ। ਉਨ੍ਹਾਂ ਨੇ ਵਿਆਜ ਦਰਾਂ ’ਚ ਕਟੌਤੀ ’ਚ ਦੇਰੀ ਨਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ,‘ਸਾਡਾ ਮੰਨਣਾ ਹੈ ਕਿ ਜਿੰਨੀ ਛੇਤੀ ਵਿਆਜ ਦਰਾਂ ’ਚ ਕਟੌਤੀ ਕੀਤੀ ਜਾਵੇਗੀ, ਵਾਧੇ ’ਤੇ ਓਨਾ ਹੀ ਘੱਟ ਅਸਰ ਪਵੇਗਾ।
ਜ਼ਿਕਰਯੋਗ ਹੈ ਕਿ ਆਰ. ਬੀ. ਆਈ. ਨੇ ਸਾਬਕਾ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ’ਚ ਪਿਛਲੀਆਂ 11 ਨੀਤੀਗਤ ਸਮੀਖਿਆਂ ਦੌਰਾਨ ਵਿਆਜ ਦਰਾਂ ਨੂੰ ਸਥਿਰ ਰੱਖਿਆ ਹੈ। ਹਾਲਾਂਕਿ ਵਾਧਾ ਦਰ ਕਈ ਤਿਮਾਹੀਆਂ ਦੇ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ ਅਤੇ ਹੁਣ ਸਾਰਿਆਂ ਦੀਆਂ ਨਜ਼ਰਾਂ ਫਰਵਰੀ ’ਚ ਉਨ੍ਹਾਂ ਦੇ ਵਾਰਿਸ ਸੰਜੇ ਮਲਹੋਤਰਾ ਦੀ ਅਗਵਾਈ ’ਚ ਹੋਣ ਵਾਲੀ ਪਹਿਲੀ ਵਿਆਜ ਦਰ ਸਮੀਖਿਆ ’ਤੇ ਟਿਕੀਆਂ ਹਨ।