ਆਰ. ਬੀ. ਆਈ. ਨੇ 2 ਕੰਪਨੀਆਂ ਦੇ ਬੋਰਡ ਦਾ ਕੰਟਰੋਲ ਲਿਆ, ਨਿਯੁਕਤ ਕੀਤੇ ਨਵੇਂ ਪ੍ਰਬੰਧਕ
Tuesday, Oct 05, 2021 - 01:46 PM (IST)
ਨਵੀਂ ਦਿੱਲੀ– ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਨੇ ਐੱਸ. ਆਰ. ਈ. ਆਈ. ਇੰਫ੍ਰਾ ਅਤੇ ਐੱਸ. ਆਰ. ਈ. ਆਈ. ਉਪਕਰਨ ਵਿੱਤ ਲਿਮਟਿਡ ਦੇ ਬੋਰਡ ਆਫ ਗਵਰਨੈਂਸ ਨੂੰ ਲੈ ਕੇ ਖਦਸ਼ਿਆਂ ਕਾਰਨ ਆਰ. ਬੀ. ਆਈ. ਵਲੋਂ ਇਹ ਕਦਮ ਚੁੱਕਿਆ ਗਿਆ ਹੈ। ਬੈਂਕ ਆਫ ਬੜੌਦਾ ਦੇ ਸਾਬਕਾ ਚੀਫ ਜਨਰਲ ਮੈਨੇਜਰ ਰਜਨੀਸ਼ ਸ਼ਰਮਾ ਨੂੰ ਇਨ੍ਹਾਂ ਕੰਪਨੀਆਂ ਲਈ ਪ੍ਰਬੰਧਕ ਨਿਯੁਕਤ ਕੀਤਾ ਗਿਆ ਹੈ। ਐੱਸ. ਆਰ. ਈ. ਆਈ. ਗਰੁੱਪ ਦੇ ਮੈਨੇਜਮੈਂਟ ਦੇ ਲਗਭਗ 35,000 ਕਰੋੜ ਰੁਪਏ ਦੀ ਬਕਾਇਆ ਰਕਮ ਨੂੰ ਲੈ ਕੇ ਇਕ ਸਾਲ ਤੱਕ ਕੋਈ ਕਾਨੂੰਨੀ ਜਾਂ ਹੋਰ ਕਾਰਵਾਈ ਨਾ ਕਰਨ ਦੀ ਮੰਗ ਨਾਲ ਜੁੜੇ ਪ੍ਰਸਤਾਵ ਨੂੰ ਇਕ ਹਫਤਾ ਪਹਿਲਾਂ ਲੈਣਦਾਰਾਂ ਨੇ ਠੁਕਰਾ ਦਿੱਤਾ ਸੀ।
ਛੇਤੀ ਸ਼ੁਰੂ ਹੋਵੇਗੀ ਨਿਪਟਾਰੇ ਦੀ ਪ੍ਰਕਿਰਿਆ
ਆਰ. ਬੀ. ਆਈ. ਛੇਤੀ ਹੀ ਇਨਸਾਲਵੈਂਸੀ ਅਤੇ ਦਿਵਾਲੀਆਪਨ ਨਿਯਮ 2019 ਦੇ ਤਹਿਤ ਇਨ੍ਹਾਂ ਕੰਪਨੀਆਂ ਦੇ ਨਿਪਟਾਰੇ ਦੀ ਪ੍ਰਕਿਰਿਆ ਸ਼ੁਰੂ ਕਰੇਗਾ। ਇਸ ਦੇ ਨਾਲ ਹੀ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਨੂੰ ਪ੍ਰਬੰਧਕ ਨੂੰ ਇਨਸਾਲਵੈਂਸੀ ਅਤੇ ਦਿਵਾਲੀਆਪਨ ਪੇਸ਼ੇਵਰ ਵਜੋਂ ਨਿਯੁਕਤ ਕਰਨ ਲਈ ਅਰਜ਼ੀ ਦਾਖਲ ਕੀਤੀ ਜਾਵੇਗੀ। ਇਸ ਬਾਰੇ ਆਰ. ਬੀ. ਆਈ. ਵਲੋਂ ਕਿਹਾ ਗਿਆ ਹੈ ਕਿ ਰਿਜ਼ਰਵ ਬੈਂਕ ਆਫ ਇੰਡੀਆ ਐਕਟ 1934 ਦੇ ਤਹਿਤ ਦਿੱਤੀਆਂ ਗਈਆਂ ਸ਼ਕਤੀਆਂ ਦਾ ਇਸਤੇਮਾਲ ਕਰਦੇ ਹੋਏ ਕੇਂਦਰੀ ਬੈਂਕ ਨੇ ਇਨ੍ਹਾਂ ਦੋਹਾਂ ਕੰਪਨੀਆਂ ਦੇ ਬੋਰਡ ਆਫ ਡਾਇਰੈਕਟਰਜ਼ ਦਾ ਕੰਟਰੋਲ ਲਿਆ ਹੈ। ਐੱਸ. ਆਰ. ਈ. ਆਈ. ਗਰੁੱਪ ਨੇ ਆਰ. ਬੀ. ਆਈ. ਨਾਲ ਡੀ. ਐੱਚ. ਐੱਫ. ਐੱਲ. ਵਰਗੇ ਨਿਪਟਾਰੇ ਲਈ ਸੰਪਰਕ ਕੀਤਾ ਸੀ।
ਫੋਰੈਂਸਿਕ ਆਡਿਟ ਦੀ ਉਡੀਕ
ਕਰਜ਼ੇ ਦੇ ਬੋਝ ਹੇਠਾਂ ਦੱਬੇ ਐੱਸ. ਆਰ. ਈ. ਆਈ. ਗਰੁੱਪ ਤੋਂ ਕਈ ਸੀਨੀਅਰ ਮੈਨੇਜਮੈਂਟ ਪ੍ਰੋਫੈਸ਼ਨਲਜ਼ ਅਸਤੀਫਾ ਦੇ ਚੁੱਕੇ ਹਨ। ਕਰਜ਼ੇ ਦੀ ਅਦਾਇਗੀ ਲਈ ਹਾਲੇ ਗੱਲਬਾਤ ਜਾਰੀ ਹੈ। ਕਰਜ਼ਦਾਤਾ ਇਸ ਮਾਮਲੇ ’ਚ ਕੋਈ ਵੀ ਫੈਸਲਾ ਲੈਣ ਲਈ ਫੋਰੈਂਸਿਕ ਆਡਿਟ ਦੀ ਉਡੀਕ ਕਰ ਰਹੇ ਸਨ। ਬੀਤੇ 6 ਮਹੀਨਿਆਂ ’ਚ ਕਈ ਸੀਨੀਅਰ ਲੈਵਲ ਦੇ ਅਧਿਕਾਰੀਆਂ ਨੇ ਗਰੁੱਪ ਨੂੰ ਛੱਡ ਦਿੱਤਾ ਹੈ। ਦਰਅਸਲ ਕਰਜ਼ਦਾਤਿਅੰ ਨੇ 20 ਮਾਰਚ 2021 ਨੂੰ ਐੱਸ. ਆਰ. ਈ. ਆਈ. ਇੰਫ੍ਰਾਸਟ੍ਰਕਚਰ ਫਾਇਨਾਂਸ ਦੇ ਸੀ. ਈ. ਓ. ਰਾਕੇਸ਼ ਭਤੋਰੀਆ ਸਮੇਤ ਸਾਰੇ ਸੀਨੀਅਰ ਅਧਿਕਾਰੀਆਂ ’ਤੇ ਸੈਲਰੀ ਕੈਪ ਲਾਗੂ ਕਰ ਦਿੱਤਾ ਸੀ। ਇਕ ਮਹੀਨਾ ਪਹਿਲਾਂ ਐੱਸ. ਆਰ. ਈ. ਆਈ. ਉਪਕਰਨ ਵਿੱਤ ਦੇ ਸੀ. ਓ. ਓ. ਪਵਨ ਤ੍ਰਿਵੇਦੀ ਨੇ ਵੀ ਅਸਤੀਫਾ ਦੇ ਦਿੱਤਾ ਸੀ।