ਘੱਟ ਸਕਦੀ ਹੈ EMI! ਦੀਵਾਲੀ ਤੋਂ ਪਹਿਲਾਂ ਤੋਹਫ਼ਾ ਦੇ ਸਕਦੈ RBI
Wednesday, Sep 25, 2024 - 11:33 AM (IST)
ਬਿਜ਼ਨੈੱਸ ਡੈਸਕ: ਭਾਰਤੀ ਰਿਜ਼ਰਵ ਬੈਂਕ (RBI) ਦੀ ਮੁਦਰਾ ਨੀਤੀ ਕਮੇਟੀ (MPC) ਦੀ ਆਗਾਮੀ ਮੀਟਿੰਗ 7-9 ਅਕਤੂਬਰ, 2024 ਨੂੰ ਹੋਣੀ ਹੈ, ਜਿਸ ਵਿਚ ਵਿਆਜ ਦਰਾਂ ਵਿਚ ਕਟੌਤੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਵਰਤਮਾਨ ਵਿਚ RBI ਨੀਤੀਗਤ ਵਿਆਜ ਦਰਾਂ 6.5% 'ਤੇ ਸਥਿਰ ਹਨ, ਅਤੇ ਫਰਵਰੀ 2023 ਤੋਂ ਇਨ੍ਹਾਂ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ।
S&P ਨੇ ਜਤਾਈ ਵਿਆਜ ਦਰਾਂ ਘਟਨ ਦੀ ਸੰਭਾਵਨਾ
S&P ਗਲੋਬਲ ਰੇਟਿੰਗਸ ਨੇ ਆਪਣੀ ਤਾਜ਼ਾ ਰਿਪੋਰਟ ਵਿਚ ਕਿਹਾ ਹੈ ਕਿ RBI ਅਕਤੂਬਰ ਵਿਚ ਵਿਆਜ ਦਰਾਂ ਵਿਚ 0.25% ਦੀ ਕਟੌਤੀ ਕਰ ਸਕਦਾ ਹੈ। ਏਜੰਸੀ ਨੇ ਭਾਰਤ ਦੀ ਜੀਡੀਪੀ ਵਿਕਾਸ ਦਰ ਦੇ ਅਨੁਮਾਨ ਨੂੰ 6.8% 'ਤੇ ਬਰਕਰਾਰ ਰੱਖਿਆ ਹੈ, ਜੋ ਵਿੱਤੀ ਸਾਲ 2024-25 ਲਈ ਨਿਰਧਾਰਤ ਕੀਤਾ ਗਿਆ ਹੈ। ਇਹ ਅਨੁਮਾਨ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਉੱਚ ਵਿਆਜ ਦਰਾਂ ਕਾਰਨ ਅਪ੍ਰੈਲ-ਜੂਨ ਤਿਮਾਹੀ 'ਚ ਸ਼ਹਿਰੀ ਮੰਗ ਪ੍ਰਭਾਵਿਤ ਹੋਈ ਸੀ, ਜਿਸ ਕਾਰਨ ਜੀਡੀਪੀ ਵਿਕਾਸ ਦਰ ਮੱਠੀ ਰਹੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਤੜਕਸਾਰ ਭਿਆਨਕ ਹਾਦਸਾ! ਨੈਸ਼ਨਲ ਹਾਈਵੇਅ 'ਤੇ ਲੱਗਾ ਜਾਮ
US ਫੈਡਰਲ ਰਿਜ਼ਰਵ ਦਾ ਪ੍ਰਭਾਵ
ਅਮਰੀਕਾ ਦੇ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਨੇ ਵੀ ਆਪਣੀ ਨੀਤੀਗਤ ਵਿਆਜ ਦਰ 'ਚ 0.50 ਫੀਸਦੀ ਦੀ ਕਟੌਤੀ ਕੀਤੀ ਹੈ, ਜਿਸ ਦਾ ਅਸਰ ਵਿਸ਼ਵ ਅਰਥਵਿਵਸਥਾ 'ਤੇ ਪਿਆ ਹੈ। ਇਸ ਤੋਂ ਬਾਅਦ ਆਰ.ਬੀ.ਆਈ. ਵੱਲੋਂ ਵੀ ਅਕਤੂਬਰ ਵਿਚ ਵਿਆਜ ਦਰਾਂ ਵਿਚ 0.25% ਦੀ ਕਟੌਤੀ ਕੀਤੇ ਜਾਣ ਦੀ ਸੰਭਾਵਨਾ ਹੈ।
ਮਹਿੰਗਾਈ ਅਤੇ ਆਰਥਿਕ ਦ੍ਰਿਸ਼ਟੀਕੋਣ
ਆਪਣੇ ਨਜ਼ਰੀਏ ਨੂੰ ਸਥਿਰ ਰੱਖਦੇ ਹੋਏ, S&P ਨੇ ਕਿਹਾ ਹੈ ਕਿ ਮੌਜੂਦਾ ਵਿੱਤੀ ਸਾਲ (ਮਾਰਚ 2025 ਤੱਕ) ਵਿਚ ਦੋ ਵਾਰ ਵਿਆਜ ਦਰਾਂ ਵਿਚ ਕਟੌਤੀ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਏਜੰਸੀ ਨੇ ਮੌਜੂਦਾ ਵਿੱਤੀ ਸਾਲ 'ਚ ਔਸਤ ਮਹਿੰਗਾਈ ਦਰ 4.5 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ। ਪਿਛਲੇ ਵਿੱਤੀ ਵਰ੍ਹੇ 2023-24 ਵਿਚ ਭਾਰਤੀ ਅਰਥਵਿਵਸਥਾ 8.2% ਦੀ ਦਰ ਨਾਲ ਵਧੀ ਹੈ, ਅਤੇ RBI ਦੇ ਇਸ ਕਦਮ ਨਾਲ ਆਉਣ ਵਾਲੇ ਮਹੀਨਿਆਂ ਵਿਚ ਸ਼ਹਿਰੀ ਮੰਗ ਅਤੇ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ।
RBI ਵੱਲੋਂ ਵਿਆਜ ਦਰਾਂ ਦਾ ਮੌਜੂਦਾ ਲੋਨਾਂ 'ਤੇ ਅਸਰ:
RBI (ਰਿਜ਼ਰਵ ਬੈਂਕ ਆਫ਼ ਇੰਡੀਆ) ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਦਾ ਮੌਜੂਦਾ ਲੋਨਾਂ 'ਤੇ ਸਿੱਧਾ ਅਸਰ ਪੈਂਦਾ ਹੈ, ਖਾਸ ਕਰਕੇ ਫਲੋਟਿੰਗ ਰੇਟ ਵਾਲੇ ਲੋਨਾਂ 'ਤੇ। ਜੇਕਰ ਤੁਹਾਡਾ ਲੋਨ ਫਲੋਟਿੰਗ ਵਿਆਜ ਦਰ 'ਤੇ ਹੈ, ਤਾਂ ਵਿਆਜ ਦਰ ਵਿਚ ਕਟੌਤੀ ਨਾਲ EMI ਵੀ ਘੱਟ ਸਕਦੀ ਹੈ। ਇਸ ਨਾਲ ਘਰ ਖਰੀਦਦਾਰਾਂ ਅਤੇ ਹੋਰ ਲੋਨ ਲੈਣ ਵਾਲਿਆਂ ਲਈ ਲੋਨ ਦੀ ਕਿੰਮਤ ਘੱਟ ਹੋ ਜਾਂਦੀ ਹੈ। ਜਿਨ੍ਹਾਂ ਲੋਕਾਂ ਦੇ ਹੋਮ ਲੋਨ ਜਾਂ ਆਟੋ ਲੋਨ ਆਦਿ ਫਲੋਟਿੰਗ ਰੇਟ 'ਤੇ ਹਨ, ਉਨ੍ਹਾਂ ਨੂੰ ਵਿਆਜ ਦਰ ਵਿਚ ਕਟੌਤੀ ਦਾ ਤੁਰੰਤ ਫਾਇਦਾ ਮਿਲਦਾ ਹੈ, ਜਦਕਿ ਫਿਕਸਡ ਰੇਟ ਵਾਲੇ ਲੋਨ ਉੱਤੇ ਇਸਦਾ ਅਸਰ ਨਹੀਂ ਪੈਂਦਾ।
ਇਹ ਖ਼ਬਰ ਵੀ ਪੜ੍ਹੋ - ਸ੍ਰੀ ਹਰਿਮੰਦਰ ਸਾਹਿਬ ਨੇੜੇ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ
ਇਸ ਤੋਂ ਇਲਾਵਾ ਵਿਆਜ ਦਰ ਘਟਣ ਨਾਲ, ਮੁਕੰਮਲ ਲੋਨ ਦੀ ਰਕਮ 'ਤੇ ਦਿੱਤੀ ਜਾਣ ਵਾਲੀ ਵਿਆਜ ਦੀ ਕੁੱਲ ਰਕਮ ਵਿਚ ਵੀ ਕਮੀ ਆਉਂਦੀ ਹੈ, ਜਿਸ ਨਾਲ ਲੋਨ ਮਿਆਦ ਵਿਚ ਜਾਂ ਮੁਕੰਮਲ ਵਿਆਜ਼ ਵਿਚ ਕਮੀ ਹੋ ਸਕਦੀ ਹੈ। ਜੇਕਰ ਕੋਈ ਨਵਾਂ ਲੋਨ ਲੈਣਾ ਚਾਹੁੰਦਾ ਹੈ, ਤਾਂ ਵਿਆਜ ਦਰਾਂ ਵਿਚ ਕਟੌਤੀ ਨਾਲ ਉਨ੍ਹਾਂ ਨੂੰ ਸਸਤੇ ਵਿਚ ਲੋਨ ਮਿਲ ਸਕਦਾ ਹੈ। ਪਰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਬੈਂਕ ਵੱਖ-ਵੱਖ ਹੋਰ ਫੈਕਟਰਾਂ ਨੂੰ ਮੱਦੇਨਜ਼ਰ ਰੱਖ ਕੇ ਆਪਣੇ ਵਿਆਜ ਦਰਾਂ ਨੂੰ ਅਪਡੇਟ ਕਰਦਾ ਹੈ, ਤਾਂ ਇਸ ਦਾ ਸਿੱਧਾ ਅਸਰ ਹਮੇਸ਼ਾਂ ਹਰੇਕ ਨੂੰ ਤੁਰੰਤ ਨਹੀਂ ਮਿਲਦਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8