ਫਰਵਰੀ ਪਾਲਿਸੀ ''ਚ RBI ਲੈ ਸਕਦੈ ਇਹ ਫੈਸਲਾ, ਘੱਟ ਹੋਵੇਗੀ EMI!

01/21/2019 10:37:29 AM

ਨਵੀਂ ਦਿੱਲੀ— ਫਰਵਰੀ ਪਾਲਿਸੀ ਤੋਂ ਬੈਂਕਰਾਂ ਅਤੇ ਇੰਡਸਟਰੀ ਨੂੰ ਵਿਆਜ ਦਰਾਂ 'ਚ ਕਟੌਤੀ ਦੀ ਉਮੀਦ ਹੈ ਪਰ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਗਵਰਨਰ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਇਸ ਵਾਰ ਵੀ ਕੋਈ ਰਾਹਤ ਨਹੀਂ ਮਿਲੇਗੀ। 

ਵਾਈਬਰੈਂਟ ਗੁਜਰਾਤ ਸੰਮੇਲਨ 'ਚ ਚਰਚਾ ਦੌਰਾਨ ਆਰ. ਬੀ. ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਮਹਿੰਗਾਈ 'ਤੇ ਚਿੰਤਾ ਜਤਾਈ। ਉਨ੍ਹਾਂ ਦੀ ਗੱਲਬਾਤ ਤੋਂ ਸਪੱਸ਼ਟ ਹੈ ਕਿ ਫਰਵਰੀ ਪਾਲਿਸੀ 'ਚ ਕਟੌਤੀ ਦੀ ਸੰਭਾਵਨਾ ਘੱਟ ਹੀ ਹੈ। ਸ਼ਕਤੀਕਾਂਤ ਦਾਸ ਨੇ ਕਿਹਾ ਕਿ ਅਕਤੂਬਰ 2018 ਤੋਂ ਮਹਿੰਗਾਈ ਦਰ ਘੱਟ ਹੋਈ ਹੈ ਪਰ ਕੱਚੇ ਤੇਲ 'ਚ ਹੋ ਰਹੀ ਉਥਲ-ਪੁਥਲ ਨੂੰ ਲੈ ਕੇ ਚਿੰਤਾ ਅਜੇ ਵੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਆਰਥਿਕ ਰਫਤਾਰ 'ਚ ਸਥਿਰਤਾ ਹੈ ਪਰ ਖੁਰਾਕੀ ਪਦਾਰਥਾਂ ਅਤੇ ਤੇਲ ਦੀ ਮਹਿੰਗਾਈ ਨੂੰ ਇਕੱਠੇ ਦੇਖੀਏ ਤਾਂ ਮਹਿੰਗਾਈ ਦਰ 6 ਫੀਸਦੀ ਦੇ ਕਰੀਬ ਹੈ ਜੋ ਚਿੰਤਾ ਦਾ ਵਿਸ਼ਾ ਹੈ।

ਫਰਵਰੀ 'ਚ ਭਵਿੱਖ ਦੀ ਕਟੌਤੀ ਦਾ ਮਿਲੇਗਾ ਸੰਕੇਤ
ਸ਼ਕਤੀਕਾਂਤ ਦਾਸ ਦੇ ਬਿਆਨ ਤੋਂ ਫਰਵਰੀ ਪਾਲਿਸੀ 'ਚ ਵਿਆਜ ਦਰਾਂ ਘਟਣ ਦੀ ਉਮੀਦ ਨਜ਼ਰ ਨਹੀਂ ਆਉਂਦੀ ਹੈ। ਹਾਲਾਂਕਿ ਬੈਂਕਰ ਅਤੇ ਇੰਡਸਟਰੀ ਵਿਆਜ ਦਰਾਂ 'ਚ ਕਟੌਤੀ ਦੀ ਮੰਗ ਕਰ ਰਹੇ ਹਨ। ਬੈਂਕਰਾਂ ਦਾ ਕਹਿਣਾ ਹੈ ਕਿ ਹੁਣ ਦਰਾਂ 'ਚ ਕਟੌਤੀ ਦਾ ਸਹੀ ਸਮਾਂ ਹੈ। ਇੰਡਸਟਰੀ ਵੀ ਘੱਟ ਵਿਆਜ ਦਰਾਂ ਅਤੇ ਜ਼ਿਆਦਾ ਤਰਲਤਾ ਦੀ ਮੰਗ ਕਰ ਰਹੀ ਹੈ। ਹਾਲ ਹੀ 'ਚ ਸ਼ਕਤੀਕਾਂਤ ਦਾਸ ਨੇ ਇੰਡਸਟਰੀ ਮੰਡਲ ਨਾਲ ਬੈਠਕ ਕੀਤੀ ਸੀ, ਜਿਸ 'ਚ ਐੱਫ. ਆਈ. ਸੀ. ਸੀ. ਆਈ. ਅਤੇ ਐਸੋਚੈਮ ਦੇ ਪ੍ਰਤੀਨਿਧੀ ਸਮੇਤ ਕਈ ਵੱਡੇ ਕਾਰੋਬਾਰੀ ਸ਼ਾਮਲ ਹੋਏ ਸਨ। ਇੰਡਸਟਰੀ ਨੇ ਇਕ ਸੁਰ 'ਚ ਗਵਰਨਰ ਨੂੰ ਦਰਾਂ 'ਚ ਕਟੌਤੀ ਦੀ ਮੰਗ ਕੀਤੀ ਸੀ। ਓਧਰ ਅਰਥ-ਸ਼ਾਸਤਰੀਆਂ ਦਾ ਕਹਿਣਾ ਹੈ ਕਿ ਰਿਜ਼ਰਵ ਬੈਂਕ ਫਰਵਰੀ ਦੀ ਬੈਠਕ 'ਚ ਆਪਣਾ ਰੁਖ਼ ਨਰਮ ਕਰ ਸਕਦਾ ਹੈ ਅਤੇ ਭਵਿੱਖ 'ਚ ਵਿਆਜ ਦਰਾਂ ਘਟਾਉਣ ਦਾ ਸੰਕੇਤ ਦੇ ਸਕਦਾ ਹੈ।


Related News