GST ਦਰਾਂ ਨੂੰ ਤਰਕਸੰਗਤ ਬਣਾਉਣ, ਬੀਮਾ ਪ੍ਰੀਮੀਅਮ ਸਬੰਧੀ ਮੰਤਰੀ ਸਮੂਹਾਂ ਦੀ ਮੀਟਿੰਗ ਅੱਜ
Saturday, Oct 19, 2024 - 12:51 PM (IST)
ਨਵੀਂ ਦਿੱਲੀ (ਭਾਸ਼ਾ) - ਜੀ. ਐੱਸ. ਟੀ. ਦਰਾਂ ਨੂੰ ਤਰਕਸੰਗਤ ਬਣਾਉਣ ਤੇ ਸਿਹਤ ਤੇ ਜੀਵਨ ਬੀਮੇ ’ਤੇ ਦਰ ਘੱਟ ਕਰਨ ਬਾਰੇ ਸੁਝਾਅ ਦੇਣ ਲਈ ਗਠਿਤ 2 ਮੰਤਰੀ ਸਮੂਹਾਂ (ਜੀ. ਓ. ਐੱਮ.) ਦੀ ਸ਼ਨੀਵਾਰ ਮੀਟਿੰਗ ਹੋਵੇਗੀ। ਸਿਹਤ ਤੇ ਜੀਵਨ ਬੀਮਾ ਪ੍ਰੀਮੀਅਮ ’ਤੇ ਦਰ ਘੱਟ ਕਰਨ ਲਈ ਗਠਿਤ ਜੀ. ਓ. ਐੱਮ. ਦੀ ਇਹ ਪਹਿਲੀ ਮੀਟਿੰਗ ਹੋਵੇਗੀ। ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਦੀ ਅਗਵਾਈ ਵਾਲਾ ਮੰਤਰੀ ਸਮੂਹ ਬੀਮਾ ਪ੍ਰੀਮੀਅਮ ’ਤੇ ਟੈਕਸ ਦੀ ਦਰ ਨੂੰ 18 ਫੀਸਦੀ ਤੋਂ ਘੱਟ ਕਰਨ ਬਾਰੇ ਸੁਝਾਅ ਦੇਵੇਗਾ।
ਚੌਧਰੀ ਦੀ ਅਗਵਾਈ ’ਚ ਇਕ ਹੋਰ ਮੰਤਰੀ ਸਮੂਹ ਦੀ ਵੀ ਮੀਟਿੰਗ ਹੋਵੇਗੀ, ਜਿਸ ਨੂੰ ਜੀ. ਐੱਸ. ਟੀ. ਦਰਾਂ ਨੂੰ ਤਰਕਸੰਗਤ ਬਣਾਉਣ ਲਈ ਗਠਿਤ ਕੀਤਾ ਗਿਆ ਸੀ। ਮੀਟਿੰਗ ’ਚ 12 ਫੀਸਦੀ ਸਲੈਬ ਨੂੰ ਘੱਟ ਕਰਨ, ਜ਼ਿਆਦਾ ਵਸਤਾਂ ਨੂੰ 5 ਫੀਸਦੀ ਟੈਕਸ ਦੇ ਘੇਰੇ ’ਚ ਲਿਆਉਣ, ਮੈਡੀਕਲ ਤੇ ਦਵਾਈਆਂ ਨਾਲ ਸਬੰਧਤ ਵਸਤਾਂ, ਸਾਈਕਲ ਤੇ ਬੋਤਲਬੰਦ ਪਾਣੀ ’ਤੇ ਟੈਕਸ ਨੂੰ ਤਰਕਸੰਗਤ ਬਣਾਉਣ ’ਤੇ ਚਰਚਾ ਹੋਵੇਗੀ। ਇਹ ਮੰਤਰੀ ਸਮੂਹ 12 ਤੇ 18 ਫੀਸਦੀ ਦਰਾਂ ਦੇ ਰਲੇਵੇਂ ਦੀ ਸੰਭਾਵਨਾ ’ਤੇ ਵੀ ਚਰਚਾ ਕਰ ਸਕਦਾ ਹੈ।