ਭਾਰਤੀ ਰੇਲਵੇ ਵਿਰੁੱਧ ਰਾਜਸਥਾਨ ਹਾਈ ਕੋਰਟ 'ਚ ਪਟੀਸ਼ਨ ਦਾਇਰ, ਲਗਾਇਆ ਇਹ ਦੋਸ਼

Wednesday, Feb 26, 2020 - 03:17 PM (IST)

ਨਵੀਂ ਦਿੱਲੀ — ਰਾਜਸਥਾਨ ਹਾਈ ਕੋਰਟ ਵਿਚ ਭਾਰਤੀ ਰੇਲਵੇ ਵਿਰੁੱਧ ਗਲਤ ਢੰਗ ਨਾਲ ਕਮਾਈ ਕਰਨ ਦਾ ਮੁਕੱਦਮਾ ਦਾਇਰ ਕੀਤਾ ਗਿਆ ਹੈ। ਇਹ ਕੇਸ ਇਕ ਵਰਕਰ ਸੁਜੀਤ ਸਵਾਮੀ ਵਲੋਂ ਦਾਇਰ ਕੀਤਾ ਗਿਆ ਹੈ। ਉਸਨੇ ਹਾਈ ਕੋਰਟ ਵਿਚ ਦਾਇਰ ਪਟੀਸ਼ਨ 'ਚ ਦੋਸ਼ ਲਗਾਇਆ ਹੈ ਕਿ ਭਾਰਤੀ ਰੇਲਵੇ ਦੀ ਰਿਜ਼ਰਵੇਸ਼ਨ ਨੀਤੀ ਪੱਖਪਾਤੀ ਹੈ। ਭਾਰਤੀ ਰੇਲਵੇ ਆਨਲਾਈਨ ਅਤੇ ਕਾਊਂਟਰ ਰਿਜ਼ਰਵੇਸ਼ਨ ਦੋਵਾਂ 'ਚ ਵੱਖ-ਵੱਖ ਨੀਤੀ ਅਪਣਾਉਂਦੀ ਹੈ। ਇਸ ਨਾਲ ਯਾਤਰੀਆਂ ਦਾ ਖਰਚਾ ਵੱਧਦਾ ਹੈ ਅਤੇ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਟੀਸ਼ਨਕਰਤਾ ਨੇ ਮੰਗ ਕੀਤੀ ਹੈ ਕਿ ਰੇਲਵੇ ਦੀ ਇਸ ਪ੍ਰਥਾ ਨੂੰ ਬੰਦ ਕੀਤਾ ਜਾਵੇ ਅਤੇ ਰੇਲਵੇ ਦੀ ਗੈਰ ਵਾਜਬ ਕਮਾਈ ਨੂੰ ਰੋਕਿਆ ਜਾਵੇ।

ਦਰਅਸਲ ਵਰਕਰ ਸੁਜੀਤ ਨੇ ਆਰ.ਟੀ.ਆਈ. ਤਹਿਤ ਇਹ ਸਵਾਲ ਭਾਰਤੀ ਰੇਲਵੇ ਨੂੰ ਪੁੱਛਿਆ ਸੀ। ਇਸ ਸਵਾਲ ਦੇ ਜਵਾਬ ਵਿਚ ਭਾਰਤੀ ਰੇਲਵੇ ਨੇ ਕਿਹਾ ਕਿ ਉਸ ਨੇ ਟਿਕਟ ਕੈਂਸਲੇਸ਼ਨ ਫੀਸ ਅਤੇ ਵੇਟਲਿਸਟਿਡ ਟਿਕਟਾਂ ਦੇ ਨਾਨ ਕੈਂਸੀਲੇਸ਼ਨ ਜ਼ਰੀਏ 2017 ਤੋਂ 2020 ਵਿਚਕਾਰ 9,000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਸੈਂਟਰ ਫਾਰ ਰੇਲਵੇ ਇਨਫਰਮੇਸ਼ਨ ਸਿਸਟਮਜ਼ (ਸੀ ਆਰ ਆਈ ਐਸ) ਨੇ ਇਕ ਆਰ.ਟੀ.ਆਈ. ਅਰਜ਼ੀ ਦੇ ਜਵਾਬ ਵਿਚ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਸੀ.ਆਰ.ਆਈ.ਐਸ ਨੇ ਕਿਹਾ ਕਿ ਰੇਲਵੇ ਨੇ ਇਹ ਕਮਾਈ 1 ਜਨਵਰੀ 2017 ਤੋਂ 31 ਜਨਵਰੀ 2020 ਤੱਕ ਦੀ ਮਿਆਦ 'ਚ ਕੀਤੀ ਹੈ। ਇਸ ਦੌਰਾਨ 9.5 ਕਰੋੜ ਤੋਂ ਜ਼ਿਆਦਾ ਯਾਤਰੀ ਅਜਿਹੇ ਸਨ ਜਿਨ੍ਹਾਂ ਨੇ ਆਪਣੇ ਵੇਟਲਿਸਟਿਡ ਟਿਕਟ ਕੈਂਸਲ ਹੀ ਨਹੀਂ ਕਰਵਾਏ। ਵੇਟਲਿਸਟਿਡ ਟਿਕਟ ਨੂੰ ਕੈਂਸਲ ਨਾ ਕਰਵਾਉਣ ਵਾਲੇ ਯਾਤਰੀਆਂ ਕੋਲੋਂ ਰੇਲਵੇ ਨੇ ਇਸ ਮਿਆਦ 'ਚ 4,335 ਕਰੋੜ ਦੀ ਕਮਾਈ ਹੋਈ ਹੈ।

ਇਸ ਮਿਆਦ ਦੌਰਾਨ ਰੇਲਵੇ ਨੇ ਕੰਫਰਮਡ ਟਿਕਟਾਂ ਦੇ ਕੈਂਸਲੇਸ਼ਨ ਚਾਰਜ ਤੋਂ 4,684 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਸੂਚਨਾ ਦਾ ਅਧਿਕਾਰ(RTI) ਦੇ ਤਹਿਤ ਦਿੱਤੇ ਗਏ ਜਵਾਬ ਮੁਤਾਬਕ ਇਨ੍ਹਾਂ ਦੋਵਾਂ ਹੀ ਸੈਗਮੈਂਟ 'ਚ ਸਭ ਤੋਂ ਵਧ ਕਮਾਈ ਸਲੀਪਰ ਕਲਾਸ ਦੀਆਂ ਟਿਕਟਾਂ ਜ਼ਰੀਏ ਹੋਈ ਹੈ। ਇਸ ਤੋਂ ਬਾਅਦ ਸਭ ਤੋਂ ਵਧ ਕਮਾਈ ਥਰਡ ਏ.ਸੀ. ਟਿਕਟਾਂ ਜ਼ਰੀਏ ਹੋਈ ਹੈ।

ਰੇਲਵੇ ਦੀਆਂ ਦੋ ਤਿਹਾਈ ਟਿਕਟਾਂ ਦੀ ਬੁਕਿੰਗ ਆਨਲਾਈਨ ਪਲੇਟਫਾਰਮ ਜ਼ਰੀਏ ਹੁੰਦੀ ਹੈ। ਤਿੰਨ ਸਾਲ ਦੀ ਮਿਆਦ 'ਚ 145 ਕਰੋੜ ਤੋਂ ਜ਼ਿਆਦਾ ਯਾਤਰੀਆਂ ਨੇ ਇੰਟਰਨੈੱਟ ਜ਼ਰੀਏ ਟਿਕਟ ਕਟਾਈ, ਜਦੋਂਕਿ 74 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਕਾਊਂਟਰ ਜ਼ਰੀਏ ਟਿਕਟ ਲਏ।


Related News