ਰੇਲਵੇ ਨੂੰ ਬੰਗਾਲ ’ਚ ਸੀ. ਏ. ਏ. ਵਿਰੋਧੀ ਵਿਖਾਵਿਆਂ ਕਾਰਣ 84 ਕਰੋੜ ਰੁਪਏ ਦਾ ਨੁਕਸਾਨ

01/12/2020 9:55:39 AM

ਕੋਲਕਾਤਾ— ਨਾਗਰਿਕਤਾ (ਸੋਧ) ਕਾਨੂੰਨ (ਸੀ.ਏ.ਏ.) ਵਿਰੁੱਧ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਵਿਰੋਧ ਵਿਖਾਵਿਆਂ ਦੌਰਾਨ ਭਾਰੀ ਮਾਲੀ ਨੁਕਸਾਨ ਹੋਇਆ ਹੈ। ਇਸ ਵਿਰੁੱਧ ਹੋਏ ਹਿੰਸਕ ਵਿਖਾਵਿਆਂ ਦੌਰਾਨ ਿਵਖਾਵਾਕਾਰੀਆਂ ਨੇ ਰੇਲਵੇ ਦੀ ਜਾਇਦਾਦ ਨੂੰ ਿਵਸ਼ੇਸ਼ ਤੌਰ ’ਤੇ ਨਿਸ਼ਾਨਾ ਬਣਾਇਆ। ਥਾਂ-ਥਾਂ ਰੇਲਵੇ ਦੀ ਜਾਇਦਾਦ ਨੂੰ ਜਾਂ ਤਾਂ ਸਾੜਿਆ ਗਿਆ ਜਾਂ ਤੋੜ-ਭੰਨ ਕੀਤੀ ਗਈ। ਇਕੱਲੇ ਪੱਛਮੀ ਬੰਗਾਲ ’ਚ ਹੀ ਰੇਲਵੇ ਨੂੰ 84 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।


ਕਲਕੱਤਾ ਹਾਈ ਕੋਰਟ ’ਚ ਦਾਖਲ ਕੀਤੀ ਗਈ ਰਿਪੋਰਟ ਵਿਚ ਭਾਰਤੀ ਰੇਲਵੇ ਨੇ ਦਾਅਵਾ ਕੀਤਾ ਹੈ ਕਿ ਪੱਛਮੀ ਬੰਗਾਲ ਵਿਚ 13 ਤੋਂ 15 ਦਸੰਬਰ ਦਰਮਿਆਨ ਸੀ. ਏ. ਏ. ਅਤੇ ਐੱਨ. ਆਰ. ਸੀ. ਵਿਰੁੱਧ ਹੋਏ ਵਿਖਾਵਿਆਂ ਦੌਰਾਨ ਉਸ ਦੀ 84 ਕਰੋੜ ਰੁਪਏ ਦੀ ਜਾਇਦਾਦ ਨੁਕਸਾਨੀ ਗਈ। ਪੂਰਬੀ ਰੇਲਵੇ ਨੇ ਚੀਫ ਜਸਟਿਸ ਟੀ. ਬੀ. ਐੱਨ. ਰਾਧਾ ਕ੍ਰਿਸ਼ਨਨ ਅਤੇ ਜਸਟਿਸ ਏ. ਬੈਨਰਜੀ ’ਤੇ ਆਧਾਰਿਤ ਬੈਂਚ ਸਾਹਮਣੇ ਇਕ ਦਿਨ ਪਹਿਲਾਂ ਦਾਇਰ ਕੀਤੇ ਗਏ ਹਲਫਨਾਮੇ ਵਿਚ ਕਿਹਾ ਹੈ ਕਿ ਵਿਰੋਧ ਵਿਖਾਵਿਆਂ ਕਾਰਣ ਉਸ ਨੂੰ 72.2 ਕਰੋੜ ਰੁਪਏ ਦਾ ਨੁਕਸਾਨ ਹੋਇਆ, ਬਾਕੀ ਦਾ 12.75 ਕਰੋੜ ਰੁਪਏ ਦਾ ਨੁਕਸਾਨ ਦੱਖਣੀ ਰੇਲਵੇ ਦਾ ਹੈ।
ਹਲਫਨਾਮੇ ’ਚ ਕਿਹਾ ਗਿਆ ਹੈ ਕਿ ਸਭ ਤੋਂ ਵੱਧ 46 ਕਰੋੜ ਰੁਪਏ ਦਾ ਨੁਕਸਾਨ ਇਕੱਲੇ ਸਿਆਲਦਾ ਡਵੀਜ਼ਨ ਵਿਚ ਹੋਇਆ ਹੈ। ਮਾਲਦਾ ਡਵੀਜ਼ਨ ਵਿਚ ਨੁਕਸਾਨ ਦਾ ਅੰਦਾਜ਼ਾ 24.5 ਕਰੋੜ ਦਾ ਹੈ। ਅਗਲੀ ਸੁਣਵਾਈ 4 ਹਫਤਿਆਂ ਬਾਅਦ ਹੋਵੇਗੀ। ਟਰੇਨਾਂ ਨੂੰ ਰੱਦ ਕੀਤੇ ਜਾਣ ਕਾਰਣ ਵੀ ਰੇਲਵੇ ਨੂੰ ਨੁਕਸਾਨ ਪੁੱਜਾ। ਆਮ ਲੋਕਾਂ ਨੂੰ ਹੋਈ ਪ੍ਰੇਸ਼ਾਨੀ ਦਾ ਅਨੁਮਾਨ ਲਾਉਣਾ ਅਜੇ ਸੰਭਵ ਨਹੀਂ ਹੈ। ਇਸ ਨੂੰ ਰੁਪਇਆਂ ਵਿਚ ਵੀ ਨਹੀਂ ਅਾਂਕਿਆ ਜਾ ਸਕਦਾ।

ਮਹੀਨੇ ਦੇ ਸ਼ੁਰੂ ’ਚ ਹੋਈ ਸੀ ਤੋੜ-ਭੰਨ
ਦੱਸਣਯੋਗ ਹੈ ਕਿ ਦਸੰਬਰ ਮਹੀਨੇ ਦੇ ਸ਼ੁਰੂ ਵਿਚ ਹੀ ਨਾਰਾਜ਼ ਵਿਖਾਵਾਕਾਰੀਆਂ ਨੇ ਪੱਛਮੀ ਬੰਗਾਲ ਦੇ ਵੱਖ-ਵੱਖ ਇਲਾਕਿਆਂ ’ਚ ਰੇਲਵੇ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਸੀ। ਉਨ੍ਹਾਂ ਇਕ ਸਟੇਸ਼ਨ ਮਾਸਟਰ ਦੇ ਕੈਬਿਨ ਵਿਚ ਅੱਗ ਲਾ ਦਿੱਤੀ ਸੀ। ਮੁਰਸ਼ਦਾਬਾਦ ਜ਼ਿਲੇ ਦੇ ਬੇਲਡਾਂਗਾ ਵਿਖੇ ਅੱਗ ਲਾਉਣ ਤੋਂ ਪਹਿਲਾਂ ਟਿਕਟ ਕਾਊਂਟਰ ਦੀ ਤੋੜ-ਭੰਨ ਕੀਤੀ ਗਈ ਸੀ।


Related News