R.Com ਕਰਜ਼ਾ ਵਸੂਲੀ ਮਾਮਲਾ, ਏਰਿਕਸਨ ਨੇ SBI ਚੀਫ ਨੂੰ ਸੁਪਰੀਮ ਕੋਰਟ ਘਸੀਟਿਆ

02/06/2019 3:18:16 PM

ਮੁੰਬਈ — ਰਿਲਾਇੰਸ ਕਮਿਊਨੀਕੇਸ਼ਨਜ਼ ਦੇ ਚੇਅਰਮੈਨ ਅਨਿਲ ਅੰਬਾਨੀ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ। ਕਰਜ਼ਾ ਵਸੂਲਣ ਲਈ ਹੁਣ ਏਰਿਕਸਨ ਕੰਪਨੀ ਨੇ ਸਟੇਟ ਬੈਂਕ ਆਫ ਇੰਡੀਆ ਦੇ ਚੇਅਰਮੈਨ ਨੂੰ ਵੀ ਸੁਪਰੀਮ ਕੋਰਟ ਵਿਚ ਘਸੀਟ ਲਿਆ ਹੈ। ਪਟੀਸ਼ਨ ਵਿਚ ਏਰਿਕਸਨ ਨੇ ਚੇਅਰਮੈਨ 'ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਰਿਲਾਇੰਸ ਕੋਲੋਂ ਕਰਜ਼ਾ ਵਾਪਸ ਲੈ ਕੇ ਦੇਣ ਦਾ ਜਿਹੜਾ ਭਰੋਸਾ ਦਿੱਤਾ ਸੀ ਉਸ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਹੈ। ਸਵੀਡਨ ਦੀ ਕੰਪਨੀ ਏਰਿਕਸਨ ਨੇ ਪਟੀਸ਼ਨ ਦਾਇਰ ਕਰਕੇ ਆਰ.ਕਾਮ. ਦੇ ਚੇਅਰਮੈਨ ਅਨਿਲ ਅੰਬਾਨੀ ਦੀ ਸਾਰੀ ਨਿੱਜੀ ਜਾਇਦਾਦ 'ਤੇ ਵੀ ਦਾਅਵਾ ਕੀਤਾ ਹੈ। ਕਿਹਾ ਗਿਆ ਹੈ ਕਿ ਆਰ.ਕਾਮ. ਸੁਪਰੀਮ ਕੋਰਟ ਦੇ ਆਰਡਰ ਦਾ ਕਈ ਵਾਰ ਉਲੰਘਣ ਕਰ ਚੁੱਕੀ ਹੈ। ਹੁਣ ਇਸ ਮਾਮਲੇ ਦੀ ਸੁਣਵਾਈ 12 ਫਰਵਰੀ ਨੂੰ ਹੋਵੇਗੀ। ਦੂਜੇ ਪਾਸੇ ਦਿਵਾਲੀਆ ਪ੍ਰਕਿਰਿਆ 'ਚ ਜਾਣ ਦੇ ਐਲਾਨ ਤੋਂ ਬਾਅਦ ਆਰ.ਕਾਮ. ਦੇ ਸ਼ੇਅਰ 3 ਦਿਨ ਵਿਚ 76 ਫੀਸਦੀ ਤੱਕ ਟੁੱਟ ਚੁੱਕੇ ਹਨ।

ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਵੱਡੇ ਬੈਂਕ ਸਟੇਟ ਬੈਂਕ ਨੇ ਭਰੋਸਾ ਦਿੱਤਾ ਸੀ ਕਿ ਕੋਰਟ ਦੇ ਆਰਡਰ ਦਾ ਪਾਲਣ ਹੋਵੇਗਾ ਅਤੇ ਏਰਿਕਸਨ ਦਾ ਬਕਾਇਆ ਜਲਦੀ ਹੀ ਚੁਕਾਇਆ ਜਾਵੇਗਾ ਪਰ ਅਜੇ ਤੱਕ ਇਸ ਤਰ੍ਹਾਂ ਨਹੀਂ ਹੋ ਸਕਿਆ ਹੈ।

ਸਟੇਟ ਬੈਂਕ ਦਾ ਕਿਉਂ ਆਇਆ ਨਾਮ

ਸਟੇਟ ਬੈਂਕ ਆਰ.ਕਾਮ ਦੀ ਜਾਇਦਾਦ ਮੋਨੇਟਾਈਜੇਸ਼ਨ ਸਕੀਮ ਵਿਚ ਸ਼ਾਮਲ ਪ੍ਰਮੁੱਖ ਬੈਂਕ ਹੈ ਜਿਸਨੇ  42 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਨੂੰ 18 ਹਜ਼ਾਰ ਕਰੋੜ ਤੱਕ ਲਿਆਉਣ ਲਈ ਵਾਇਰਲੈੱਸ ਕਾਰੋਬਾਰ ਵੇਚਣ ਅਤੇ ਕੁਝ ਜ਼ਮੀਨ ਵੇਚਣ ਦਾ ਪਲਾਨ ਬਣਾਇਆ ਸੀ। ਸਟੇਟ ਬੈਂਕ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਬੇਨਤੀ ਕੀਤੀ ਸੀ ਕਿ ਆਰ.ਕਾਮ. ਨੂੰ ਉਸਦੀ ਜਾਇਦਾਦ ਵੇਚਣ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਦੇਣਦਾਰ ਆਪਣਾ ਪੈਸਾ ਵਾਪਸ ਲੈ ਸਕਣ।

ਕੀ ਹੈ ਵਿਵਾਦ

ਏਰਿਕਸਨ ਨੇ 2014 'ਚ ਆਰ.ਕਾਮ. ਨਾਲ ਇਕ ਡੀਲ ਕੀਤੀ ਸੀ। ਜਿਸਦੇ ਮੁਤਾਬਕ ਆਉਣ ਵਾਲੇ 7 ਸਾਲਾਂ ਲਈ ਏਰਿਕਸਨ ਨੂੰ ਆਰ.ਕਾਮ. ਟੈਲੀਕਾਮ ਦੇ ਨੈੱਟਵਰਕ ਨੂੰ ਮੈਨੇਜ ਕਰਨਾ ਸੀ। ਪਰ ਇਸ ਦੌਰਾਨ ਸਥਿਤੀ ਵਿਗੜ ਗਈ ਅਤੇ ਏਰਿਕਸਨ ਨੇ ਨੈਸ਼ਨਲ ਕੰਪਨੀ ਲਾਅ ਐਪੀਲੇਟ ਟ੍ਰਿਬਿਊਨਲ(NCLAT) ਦਾ ਰੁਖ ਕੀਤਾ ਅਤੇ ਦੱਸਿਆ ਕਿ ਆਰ.ਕਾਮ. 'ਤੇ ਉਨ੍ਹਾਂ ਦਾ 1100 ਕਰੋੜ ਦਾ ਬਕਾਇਆ ਹੈ।

ਇਸ 'ਤੇ ਸਟੇਟ ਬੈਂਕ ਨੇ ਏਰਿਕਸਨ ਦੇ ਕਲੇਮ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਆਰ.ਕਾਮ ਦੇ ਖਿਲਾਫ ਦੀਵਾਲੀਆ ਪ੍ਰਕਿਰਿਆ ਅੱਗੇ ਵਧੀ ਤਾਂ ਪਬਲਿਕ ਸੈਕਟਰ ਦੇ 14 ਬੈਂਕਾਂ ਦਾ ਹਜ਼ਾਰਾਂ ਕਰੋੜ ਰੁਪਿਆ ਡੁੱਬ ਸਕਦਾ ਹੈ। ਇਸ ਦੌਰਾਨ ਏਰਿਕਸਨ ਨੇ ਬਰੂਕਫੀਲਡ ਨਾਲ ਡੀਲ ਦੀ ਦਲੀਲ ਦਿੱਤੀ ਅਤੇ 550 ਕਰੋੜ ਰੁਪਏ ਏਰਿਕਸਨ ਨੂੰ ਦੇਣ ਦੀ ਗੱਲ ਕਹੀ। ਹਾਲਾਂਕਿ ਅਜੇ ਤੱਕ ਆਰ.ਕਾਮ. ਨੇ ਏਰਿਕਸਨ ਨੂੰ ਭੁਗਤਾਨ ਨਹੀਂ  ਕੀਤਾ ਹੈ।


Related News