ਪੰਜਾਬ 'ਚ ਵਿਰੋਧ ਪ੍ਰਦਰਸ਼ਨਾਂ ਕਾਰਨ ਰੇਲਵੇ ਨੂੰ ਹੁਣ ਤੱਕ ਇੰਨਾ ਵੱਡਾ ਨੁਕਸਾਨ
Wednesday, Nov 04, 2020 - 02:56 PM (IST)
ਨਵੀਂ ਦਿੱਲੀ— ਪੰਜਾਬ 'ਚ ਖੇਤੀਬਾੜੀ ਨਾਲ ਸਬੰਧਤ ਤਿੰਨ ਨਵੇਂ ਕਾਨੂੰਨਾਂ ਖਿਲਾਫ਼ 32 ਜਗ੍ਹਾ ਰੇਲ ਪੱਟੜੀਆਂ 'ਤੇ ਵਿਰੋਧ ਪ੍ਰਦਰਸ਼ਨ ਕਾਰਨ ਰੇਲਵੇ ਨੂੰ 1,200 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਇਕ ਰਿਪੋਰਟ 'ਚ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਗਈ ਹੈ।
ਰਾਸ਼ਟਰੀ ਟਰਾਂਸਪੋਰਟਰ ਯਾਨੀ ਰੇਲਵੇ ਦੇ ਅੰਕੜਿਆਂ ਮੁਤਾਬਕ, ਹੁਣ ਤੱਕ ਜ਼ਰੂਰੀ ਸਮਾਨ ਲਿਜਾਣ ਵਾਲੀਆਂ 2,225 ਤੋਂ ਵੱਧ ਮਾਲਗੱਡੀਆਂ ਦਾ ਸੰਚਾਲਨ ਨਹੀਂ ਹੋ ਸਕਿਆ ਹੈ, ਜਦੋਂ ਕਿ ਲਗਭਗ 1,350 ਨੂੰ ਰੱਦ ਜਾਂ ਉਨ੍ਹਾਂ ਦਾ ਮਾਰਗ ਬਦਲਣ ਲਈ ਮਜ਼ਬੂਰ ਹੋਣਾ ਪਿਆ ਹੈ।
ਇਕ ਅਧਿਕਾਰੀ ਨੇ ਕਿਹਾ ਕਿ ਪਲੇਟਫਾਰਮ ਜਾਂ ਰੇਲ ਪੱਟੜੀਆਂ ਦੇ ਨਜ਼ਦੀਕ ਧਰਨੇ-ਪ੍ਰਦਰਸ਼ਨ ਜਾਰੀ ਹਨ। ਸੁਰੱਖਿਆ ਕਾਰਨਾਂ ਕਰਕੇ ਟਰੇਨਾਂ ਨੂੰ ਰੱਦ ਕਰਨਾ ਪੈ ਰਿਹਾ ਹੈ ਕਿਉਂਕਿ ਕੁਝ ਟਰੇਨਾਂ ਨੂੰ ਪ੍ਰਦਰਸ਼ਨਕਾਰੀ ਅਚਾਨਕ ਰੋਕ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੰਡਿਆਲਾ, ਨਾਭਾ, ਤਲਵੰਡੀ ਸਾਬੋ ਤੇ ਬਠਿੰਡਾ ਦੇ ਨਜ਼ਦੀਕ ਵੱਖ-ਵੱਖ ਸਥਾਨਾਂ 'ਤੇ ਮਾੜੀ-ਮੋਟੀ ਨਾਕੇਬੰਦੀ ਜਾਰੀ ਹੈ। ਇਨ੍ਹਾਂ ਪ੍ਰਦਰਸ਼ਨਾਂ ਦੀ ਵਜ੍ਹਾ ਨਾਲ ਮਾਲ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਖੇਤੀ, ਉਦਯੋਗਿਕ ਅਤੇ ਬੁਨਿਆਦੀ ਢਾਂਚਾ ਖੇਤਰ ਲਈ ਜ਼ਰੂਰੀ ਸਾਮਾਨ ਪਹੁੰਚਾਉਣ 'ਤੇ ਬੁਰਾ ਅਸਰ ਪਿਆ ਹੈ। ਇਸ ਤੋਂ ਪਹਿਲਾਂ ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਟਰੇਨਾਂ ਦੀ ਆਵਾਜਾਈ ਮੁੜ ਸ਼ੁਰੂ ਕਰਨ ਲਈ ਸੁਰੱਖਿਆ ਨੂੰ ਯਕੀਨੀ ਕਰਨ ਲਈ ਲਿਖਤੀ ਭਰੋਸਾ ਮੰਗਿਆ ਸੀ, ਤਾਂ ਜੋ ਕਿਸੇ ਵੀ ਤਰ੍ਹਾਂ ਦਾ ਹਾਦਸਾ ਨਾ ਵਾਪਰੇ।