ਭਾਰਤ ਵਿਚ ਮਈ 'ਚ ਸ਼ੁਰੂ ਹੋ ਸਕਦਾ ਹੈ ਕੋਵਿਡ-19 ਟੀਕੇ ਦਾ ਟ੍ਰਾਇਲ
Monday, Apr 27, 2020 - 12:39 PM (IST)
ਪੁਣੇ— ਡੇਂਗੂ ਤੇ ਨਿਮੋਨੀਆ ਵਰਗੀਆਂ ਬਿਮਾਰੀਆਂ ਨਾਲ ਲੜਨ ਲਈ ਮੋਨੋਕਲੋਨਲ ਵੈਕਸਿਨ ਬਣਾ ਚੁੱਕੇ ਪੁਣੇ ਦੇ ਸੀਰਮ ਇੰਸਟੀਚਿਊਟ 'ਚ ਹੁਣ ਕੋਰੋਨਾ ਵਾਇਰਸ (ਕੋਵਿਡ-19) ਦੇ ਖਾਤਮੇ ਲਈ ਟੀਕਾ ਤਿਆਰ ਕੀਤਾ ਜਾ ਰਿਹਾ ਹੈ। ਕੰਪਨੀ ਮੁਤਾਬਕ, ਮਈ 'ਚ ਇਸ ਦਾ ਟ੍ਰਾਇਲ ਸ਼ੁਰੂ ਕੀਤਾ ਜਾਵੇਗਾ ਅਤੇ ਭਾਰਤ 'ਚ ਪ੍ਰਤੀ ਡੋਜ਼ ਦੇ ਹਿਸਾਬ ਨਾਲ ਇਸ ਦੀ ਕੀਮਤ ਤਕਰੀਬਨ 1 ਹਜ਼ਾਰ ਰੁਪਏ ਹੋਵੇਗੀ।
ਸੀਰਮ ਇੰਸਟੀਚਿਊਟ ਉਨ੍ਹਾਂ ਸੱਤ ਗਲੋਬਲ ਨਿਰਮਾਤਾਵਾਂ 'ਚੋਂ ਇਕ ਹੈ ਜਿਨ੍ਹਾਂ ਨਾਲ ਆਕਸਫੋਰਡ ਯੂਨੀਵਰਸਿਟੀ ਨੇ ਕੋਵਿਡ-19 ਟੀਕੇ ਲਈ ਸਾਂਝੇਦਾਰੀ ਕੀਤੀ ਹੈ। ਆਕਸਫੋਰਡ ਯੂਨੀਵਰਸਿਟੀ ਨੇ 23 ਅਪ੍ਰੈਲ ਨੂੰ ਨੂੰ ਯੂ. ਕੇ. 'ਚ ਮਨੁੱਖੀ ਟ੍ਰਾਇਲ ਦੀ ਸ਼ੁਰੂਆਤ ਕੀਤੀ ਹੈ।
ਕੰਪਨੀ ਦੇ ਸੀ. ਈ. ਓ. ਤੇ ਪ੍ਰਮੋਟਰ ਅਦਾਰ ਪੂਨਾਵਾਲਾ ਨੇ ਕਿਹਾ, ''ਅਸੀਂ ਮਈ ਤੋਂ ਕੁਝ ਸੌ ਕੁ ਮਰੀਜ਼ਾਂ ਨਾਲ ਭਾਰਤ 'ਚ ਟ੍ਰਾਇਲ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਾਂ। ਟ੍ਰਾਇਲ ਦੇ ਸਫਲ ਹੋਣ 'ਤੇ ਸਤੰਬਰ-ਅਕਤੂਬਰ ਤੱਕ ਟੀਕਾ ਬਾਜ਼ਾਰ 'ਚ ਉਤਾਰ ਦਿੱਤਾ ਜਾਵੇਗਾ।''
ਪੂਨਾਵਾਲਾ ਨੇ ਕਿਹਾ ਕਿ ਸਾਡੀ ਕੰਪਨੀ ਭਾਰਤ 'ਚ ਲਗਭਗ 1,000 ਰੁਪਏ ਦੀ ਕਿਫਾਇਤੀ ਕੀਮਤ 'ਤੇ ਟੀਕਾ ਉਪਲੱਬਧ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਯੂ. ਕੇ. 'ਚ ਸਤੰਬਰ ਤੱਕ ਟ੍ਰਾਇਲ ਖਤਮ ਹੋਣ ਦਾ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ, ''ਮਈ 'ਚ ਟ੍ਰਾਇਲ ਸਫਲ ਰਿਹਾ ਤਾਂ ਪਹਿਲੇ 6 ਮਹੀਨਿਆਂ ਤੱਕ 40 ਤੋਂ 50 ਲੱਖ ਡੋਜ਼ ਹਰ ਮਹੀਨੇ ਤਿਆਰ ਕਰਨ ਦੇ ਟੀਚੇ ਨਾਲ ਕੰਮ ਕੀਤਾ ਜਾਵੇਗਾ ਅਤੇ ਫਿਰ ਇਸ ਨੂੰ ਹੋਰ ਵਧਾ ਦਿੱਤਾ ਜਾਵੇਗਾ। ਭਾਰਤ 'ਚ ਟ੍ਰਾਇਲ ਸਫਲ ਹੋ ਜਾਂਦਾ ਹੈ ਤਾਂ ਅਸੀਂ ਟੀਕੇ ਨੂੰ ਭਾਰਤ ਸਮੇਤ ਵੱਧ ਤੋਂ ਵੱਧ ਦੇਸ਼ਾਂ 'ਚ ਉਪਲਬਧ ਕਰਾਵਾਂਗੇ।''