ਦਾਲਾਂ ਦੇ ਮੁੱਲ 'ਚ ਉਛਾਲ ਵਿਚਕਾਰ ਦਰਾਮਦ ਦੀ ਮਿਲ ਸਕਦੀ ਹੈ ਇਜਾਜ਼ਤ

Wednesday, Mar 10, 2021 - 11:02 AM (IST)

ਦਾਲਾਂ ਦੇ ਮੁੱਲ 'ਚ ਉਛਾਲ ਵਿਚਕਾਰ ਦਰਾਮਦ ਦੀ ਮਿਲ ਸਕਦੀ ਹੈ ਇਜਾਜ਼ਤ

ਨਵੀਂ ਦਿੱਲੀ- ਦਾਲਾਂ ਦੀਆਂ ਕੀਮਤਾਂ ਵਿਚ ਤੇਜ਼ੀ ਵਿਚਕਾਰ ਮਿੱਲ ਮਾਲਕਾਂ ਅਤੇ ਦਰਾਮਦਕਾਰਾਂ ਨੇ ਸਰਕਾਰ ਨੂੰ 2021-22 ਲਈ ਮੂੰਗ ਅਤੇ ਅਰਹਰ ਦਾਲ ਦਾ ਦਰਾਮਦ ਕੋਟਾ ਜਲਦ ਤੋਂ ਜਲਦ ਨਿਰਧਾਰਤ ਕਰਨ ਦੀ ਬੇਨਤੀ ਕੀਤੀ ਹੈ, ਤਾਂ ਜੋ ਕੀਮਤਾਂ ਵਿਚ ਬੇਹਿਸਾਬਾ ਵਾਧਾ ਨਾ ਹੋਵੇ ਕਿਉਂਕਿ ਗਰਮੀਆਂ ਦੀ ਰਿਵਾਇਤੀ ਮੰਗ ਵਧਣੀ ਸ਼ੁਰੂ ਹੋ ਗਈ ਹੈ। ਪਿਛਲੇ ਹਫ਼ਤੇ ਕੇਂਦਰ ਨੇ ਅਗਲੇ ਵਿੱਤੀ ਸਾਲ ਲਈ 4 ਲੱਖ ਟਨ ਮਾਂਹ ਦੀ ਦਾਲ ਦਰਾਮਦ ਕਰਨ ਦੀ ਆਗਿਆ ਦਿੱਤੀ ਹੈ।

ਖੇਤੀਬਾੜੀ ਮੰਤਰਾਲਾ ਦੇ ਦੂਜੇ ਅਗਾਊਂ ਅਨੁਮਾਨ ਮੁਤਾਬਕ, ਦਾਲਾਂ ਦਾ ਉਤਪਾਦਨ 244.2 ਲੱਖ ਟਨ ਦੇ ਉੱਚ ਪੱਧਰ 'ਤੇ ਪਹੁੰਚ ਸਕਦਾ ਹੈ। ਹਾਲਾਂਕਿ, ਵਪਾਰੀਆਂ ਦਾ ਮੰਨਣਾ ਹੈ ਕਿ ਅਸਲ ਉਤਪਾਦਨ ਇਸ ਤੋਂ ਘੱਟ ਰਹਿ ਸਕਦਾ ਹੈ ਕਿਉਂਕਿ ਮੁੱਖ ਉਤਪਾਦਕ ਸੂਬਿਆਂ ਵਿਚ ਬੇਮੌਸਮੀ ਮੀਂਹ ਕਾਰਨ ਫ਼ਸਲਾਂ ਦਾ ਨੁਕਸਾਨ ਹੋਇਆ ਹੈ, ਜਿਸ ਕਾਰਨ ਝਾੜ ਘਟੇਗਾ।

ਇੰਡੀਅਨ ਪਲਸ ਐਂਡ ਗਰੇਨਜ਼ ਐਸੋਸੀਏਸ਼ਨ (ਆਈ. ਪੀ. ਜੀ. ਏ.) ਦੇ ਉਪ ਚੇਅਰਮੈਨ ਬਿਮਲ ਕੋਠਾਰੀ ਨੇ ਕਿਹਾ ਕਿ ਇਹ ਧਿਆਨ ਵਿਚ ਰੱਖਦਿਆਂ ਕਿ ਆਉਂਦੇ ਮਹੀਨਿਆਂ ਵਿਚ ਮੰਗ ਵਧਣ ਜਾ ਰਹੀ ਹੈ, ਅਸੀਂ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਅਗਲੇ ਵਿੱਤੀ ਸਾਲ ਲਈ ਜਲਦ ਤੋਂ ਜਲਦ ਅਰਹਰ ਅਤੇ ਮੂੰਗੀ ਦਾ ਕੋਟਾ ਐਲਾਨਿਆ ਜਾਵੇ। ਸਰਬ ਭਾਰਤੀ ਦਾਲ ਮਿੱਲ ਸੰਗਠਨ ਨੇ ਵੀ ਇਹ ਬੇਨਤੀ ਕੀਤੀ ਹੈ। ਸੰਗਠਨਾਂ ਦਾ ਕਹਿਣਾ ਹੈ ਕਿ ਭਾਰਤ ਵਿਚ ਦਾਲ ਕੀਮਤਾਂ 80-85 ਰੁਪਏ ਦੇ ਉੱਚ ਪੱਧਰ 'ਤੇ ਹਨ, ਇਸ ਲਈ ਕੀਮਤਾਂ ਨੂੰ ਸਥਿਰ ਕਰਨ ਦੀ ਜ਼ਰੂਰਤ ਹੈ ਤਾਂ ਜੋ ਕਿਸਾਨਾਂ ਅਤੇ ਖਪਤਕਾਰਾਂ ਦੋਹਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ।


author

Sanjeev

Content Editor

Related News