ਕੱਚੇ ਮਾਲ ਦੀ ਉੱਚੀ ਲਾਗਤ ਨਾਲ 15 ਫੀਸਦੀ ਘਟ ਸਕਦਾ ਹੈ ਸੀਮੈਂਟ ਕੰਪਨੀਆਂ ਦਾ ਮੁਨਾਫਾ
Tuesday, Sep 27, 2022 - 11:05 AM (IST)
ਮੁੰਬਈ–ਸੀਮੈਂਟ ਕੰਪਨੀਆਂ ਦਾ ਮੁਨਾਫਾ ਮਜ਼ਬੂਤ ਮੰਗ ਦੇ ਬਾਵਜੂਦ ਕੱਚੇ ਮਾਲ ਦੀਆਂ ਕੀਮਤਾਂ ’ਚ ਉਛਾਲ ਕਾਰਨ 15 ਫੀਸਦੀ ਘਟ ਸਕਦਾ ਹੈ। ਰੇਟਿੰਗ ਏਜੰਸੀ ਕ੍ਰਿਸਿਲ ਨੇ ਜਾਰੀ ਰਿਪੋਰਟ ’ਚ ਹਾਲਾਂਕਿ ਕਿਹਾ ਕਿ ਕਰਜ਼ਾ ਦ੍ਰਿਸ਼ ਦੇ ਲਿਹਾਜ ਨਾਲ ਉੱਚ ਮੰਗ ਨਾਲ ਸੀਮੈਂਟ ਉਦਯੋਗ ਨੂੰ ਕੁੱਝ ਰਾਹਤ ਮਿਲੇਗੀ। ਰਿਪੋਰਟ ਮੁਤਾਬਕ ਸੀਮੈਂਟ ਨਿਰਮਾਤਾਵਾਂ ਦਾ ਆਪ੍ਰੇਟਿੰਗ ਲਾਭ ਚਾਲੂ ਵਿੱਤੀ ਸਾਲ ’ਚ ਸਾਲਾਨਾ ਆਧਾਰ ’ਤੇ 15 ਫੀਸਦੀ ਘਟ ਕੇ 900 ਤੋਂ 925 ਰੁਪਏ ਪ੍ਰਤੀ ਟਨ ਰਹਿ ਸਕਦਾ ਹੈ। ਇਸ ’ਚ ਪਿਛਲੇ ਵਿੱਤੀ ਸਾਲ ਵੀ 9 ਫੀਸਦੀ ਦੀ ਕਮੀ ਆਈ ਸੀ।
ਏਜੰਸੀ ਨੇ ਕਿਹਾ ਕਿ ਮੰਗ ਕਾਰਨ ਵਧੇਰੇ ਆਮਦਨ ਦੀ ਪ੍ਰਾਪਤੀ ਕੋਲਾ, ਪੇਟਕੋਕ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਦੀ ਭਰਪਾਈ ਲਈ ਲੋੜੀਂਦੀ ਨਹੀਂ ਹੋਵੇਗੀ। ਕੱਚੇ ਮਾਲ ਦੀ ਉੱਚੀ ਕੀਮਤ ਨੇ ਉਤਪਾਦਨ ਦੀ ਔਸਤ ਲਾਗਤ ਨੂੰ ਵਧਾ ਦਿੱਤਾ ਹੈ। ਕ੍ਰਿਸਿਲ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਸੀਮੈਂਟ ਮੰਗ ’ਚ 17 ਫੀਸਦੀ ਦਾ ਵਾਧਾ ਹਾਲਾਂਕਿ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ ਕਮਜ਼ੋਰ ਤੁਲਣਾਤਮਕ ਆਧਾਰ ਦਾ ਨਤੀਜਾ ਹੈ ਪਰ ਇਹ ਚੰਗੀ ਖਬਰ ਹੈ। ਆਉਣ ਵਾਲੀਆਂ ਤਿਮਾਹੀਆਂ ’ਚ ਇਸ ’ਚ ਕਮੀ ਹੋਵੇਗੀ ਅਤੇ ਪੂਰੇ ਵਿੱਤੀ ਸਾਲ ’ਚ ਇਹ 8 ਤੋਂ 10 ਫੀਸਦੀ ਰਹਿ ਸਕਦੀ ਹੈ। ਇਸ ਦੇ ਬਾਵਜੂਦ ਇਹ ਵਿੱਤੀ ਸਾਲ 2018-19 ਤੋਂ ਬਾਅਦ ਸਭ ਤੋਂ ਵੱਧ ਹੋਵੇਗੀ।