ਦਿਵਾਲੀ ਤੋਂ ਪਹਿਲਾਂ ਪੈਟਰੋਲ 'ਤੇ ਰਾਹਤ ਮਿਲਣੀ ਸ਼ੁਰੂ, ਹੋਇਆ ਸਸਤਾ

09/24/2017 3:48:16 PM

ਨਵੀਂ ਦਿੱਲੀ (ਬਿਊਰੋ)— ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵੱਧ ਰਹੀਆਂ ਪੈਟਰੋਲ ਦੀਆਂ ਕੀਮਤਾਂ ਨੇ ਲੋਕਾਂ 'ਚ ਸਰਕਾਰ ਪ੍ਰਤੀ ਭਾਰੀ ਨਾਰਾਜ਼ਗੀ ਪੈਦਾ ਕੀਤੀ ਹੈ। ਰੋਜ਼ਾਨਾ ਕੀਮਤਾਂ ਵਧਣ ਤੋਂ ਬਾਅਦ ਹੁਣ ਪੈਟਰੋਲ ਦੀਆਂ ਕੀਮਤਾਂ 'ਚ ਕਮੀ ਆਉਣੀ ਸ਼ੁਰੂ ਹੋ ਗਈ ਹੈ। ਪਿਛਲੇ ਦੋ ਦਿਨਾਂ ਤੋਂ ਹੁਣ ਤਕ ਪੈਟਰੋਲ 13 ਪੈਸੇ ਸਸਤਾ ਹੋ ਚੁੱਕਾ ਹੈ। ਜਲੰਧਰ 'ਚ ਇੰਡੀਅਨ ਆਇਲ ਦੇ ਪੈਟਰੋਲ ਪੰਪ 'ਤੇ 19 ਸਤੰਬਰ ਤੋਂ 21 ਤਰੀਕ ਤਕ ਪੈਟਰੋਲ ਦੀ ਕੀਮਤ 75.55 ਰੁਪਏ ਪ੍ਰਤੀ ਲੀਟਰ ਸੀ, ਜੋ 22 ਤਰੀਕ ਨੂੰ 5 ਪੈਸੇ ਘੱਟ ਕੇ 75.50 ਰੁਪਏ 'ਤੇ ਅਤੇ 23 ਸਤੰਬਰ ਨੂੰ 5 ਪੈਸੇ ਹੋਰ ਘੱਟ ਕੇ 75.45 ਰੁਪਏ 'ਤੇ ਆ ਗਈ ਯਾਨੀ ਦੋ ਦਿਨਾਂ 'ਚ ਪੈਟਰੋਲ 10 ਪੈਸੇ ਸਸਤਾ ਹੋਇਆ। 24 ਸਤੰਬਰ ਨੂੰ ਪੈਟਰੋਲ ਦੀ ਕੀਮਤ 'ਚ 3 ਪੈਸੇ ਦੀ ਗਿਰਾਵਟ ਦਰਜ ਕੀਤੀ ਗਈ ਅਤੇ 75.42 ਰੁਪਏ ਪ੍ਰਤੀ ਲੀਟਰ 'ਤੇ ਆ ਗਿਆ। ਐਤਵਾਰ ਤਕ ਪੈਟਰੋਲ ਦੀ ਕੀਮਤ 13 ਪੈਸੇ ਘੱਟ ਚੁੱਕੀ ਹੈ। ਹਾਲਾਂਕਿ ਇਹ ਬਹੁਤ ਛੋਟੀ ਜਿਹੀ ਰਾਹਤ ਹੈ ਪਰ ਜੇਕਰ ਇਸੇ ਤਰ੍ਹਾਂ ਗਿਰਾਵਟ ਜਾਰੀ ਰਹੀ ਤਾਂ ਦਿਵਾਲੀ ਤਕ ਪੈਟਰੋਲ ਹੋਰ ਵੀ ਸਸਤਾ ਹੋ ਸਕਦਾ ਹੈ। 
ਉੱਥੇ ਹੀ, ਇਸ ਦੌਰਾਨ ਡੀਜ਼ਲ 'ਚ ਰੁਝਾਨ ਵਧਦਾ-ਘਟਦਾ ਹੀ ਦਿਸਿਆ। 19 ਸਤੰਬਰ ਨੂੰ ਇਸ ਦੀ ਕੀਮਤ 58.92 ਰੁਪਏ ਪ੍ਰਤੀ ਲੀਟਰ ਸੀ, ਜੋ 20 ਸਤੰਬਰ ਨੂੰ 58.86 ਰੁਪਏ ਦਰਜ ਕੀਤੀ ਗਈ। 21, 22 ਅਤੇ 23 ਸਤੰਬਰ ਨੂੰ ਡੀਜ਼ਲ ਦੀ ਕੀਮਤ 58.76 ਰੁਪਏ ਪ੍ਰਤੀ ਲੀਟਰ ਰਹੀ, ਜਦੋਂ ਕਿ 24 ਸਤੰਬਰ ਨੂੰ ਇਸ 'ਚ 3 ਪੈਸੇ ਦੀ ਤੇਜ਼ੀ ਦੇਖੀ ਗਈ ਅਤੇ ਇਹ 58.79 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਦਾਅਵਾ ਕੀਤਾ ਸੀ ਕਿ ਕੀਮਤਾਂ ਪਹਿਲਾਂ ਹੀ ਡਿੱਗਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਗਿਰਾਵਟ ਜਾਰੀ ਰਹੇਗੀ। 


Related News