‘ਸਰਕਾਰ ਦੇ ਵਧਦੇ ਘਾਟੇ ਨੂੰ ਘੱਟ ਕਰਨ ਲਈ ਨੋਟ ਛਾਪਣਾ ਸਹੀ ਕਦਮ ਨਹੀਂ : ਪਿਨਾਕੀ ਚੱਕਰਵਰਤੀ’

Monday, Jul 05, 2021 - 11:16 AM (IST)

‘ਸਰਕਾਰ ਦੇ ਵਧਦੇ ਘਾਟੇ ਨੂੰ ਘੱਟ ਕਰਨ ਲਈ ਨੋਟ ਛਾਪਣਾ ਸਹੀ ਕਦਮ ਨਹੀਂ : ਪਿਨਾਕੀ ਚੱਕਰਵਰਤੀ’

ਨਵੀਂ ਦਿੱਲੀ (ਭਾਸ਼ਾ) - ਭਾਰਤ ’ਚ ਕਈ ਵਾਰ ਇਹ ਚਰਚਾ ਹੋ ਚੁੱਕੀ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੂੰ ਨੋਟ ਛਾਪਣ ’ਤੇ ਵਿਚਾਰ ਕਰਨਾ ਚਾਹੀਦਾ ਹੈ। ਕਈ ਮਾਹਿਰ ਕਹਿ ਚੁੱਕੇ ਹਨ ਕਿ ਰਿਜ਼ਰਵ ਬੈਂਕ ਨੋਟ ਛਾਪ ਕੇ ਭਾਰਤ ਦੀ ਅਰਥਵਿਵਸਥਾ ਨੂੰ ਮਦਦ ਦੇ ਸਕਦਾ ਹੈ।

ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਦੇ ਇਨਫੈਕਸ਼ਨ ਦਾ ਕਹਿਰ ਘੱਟ ਹੋਣ ਤੋਂ ਬਾਅਦ ਹੁਣ ਚਰਚਾ ਇਸ ਗੱਲ ’ਤੇ ਹੋ ਰਹੀ ਹੈ ਕਿ ਕੀ ਵਿੱਤੀ ਘਾਟੇ ਨੂੰ ਘੱਟ ਕਰਨ ਲਈ ਆਰ. ਬੀ. ਆਈ. ਨੂੰ ਨੋਟ ਛਾਪਣ ’ਤੇ ਵਿਚਾਰ ਕਰਨਾ ਚਾਹੀਦਾ ਹੈ?

ਅੱਜ ਪ੍ਰਸਿੱਧ ਅਰਥਸ਼ਾਸਤਰੀ ਪਿਨਾਕੀ ਚੱਕਰਵਰਤੀ ਨੇ ਕਿਹਾ ਕਿ ਨੋਟ ਛਾਪਣਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਭਾਰਤ ’ਚ ਕੋਰੋਨਾ ਦੀ ਤੀਸਰੀ ਲਹਿਰ ਦਾ ਇਨਫੈਕਸ਼ਨ ਗੰਭੀਰ ਰੂਪ ਲੈਣ ਦੇ ਆਸਾਰ ਨਹੀਂ ਹਨ ਅਤੇ ਇਸ ਵਜ੍ਹਾ ਨਾਲ ਇਸ ਦੀ ਆਰਥਿਕ ਰਿਕਵਰੀ ਤੇਜ਼ ਰਹਿ ਸਕਦੀ ਹੈ।

ਨੈਸ਼ਨਲ ਇੰਸਟੀਚਿਊਟ ਆਫ ਪਬਲਿਕ ਫਾਇਨਾਂਸ ਐਂਡ ਪਾਲਿਸੀ ਦੇ ਨਿਰਦੇਸ਼ਕ ਚੱਕਰਵਰਤੀ ਨੇ ਕਿਹਾ ਕਿ ਮਹਿੰਗਾਈ ਦੀ ਵਧਦੀ ਦਰ ਚਿੰਤਾ ਦਾ ਵਿਸ਼ਾ ਹੈ ਪਰ ਇਸ ਸਮੇਂ ਮਹਿੰਗਾਈ ਦਰ ਨੂੰ ਇਕ ਪੱਧਰ ’ਤੇ ਸਥਿਰ ਕਰਨ ਦੀ ਜ਼ਰੂਰਤ ਹੈ ਜੋ ਭਾਰਤੀ ਰਿਜ਼ਰਵ ਬੈਂਕ ਦੇ ਘੇਰੇ ’ਚ ਹੀ ਆਉਂਦਾ ਹੈ।

ਉਨ੍ਹਾਂ ਕਿਹਾ, ‘‘ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਵਿੱਤੀ ਘਾਟੇ ਨੂੰ ਘੱਟ ਕਰਨ ਲਈ ਨੋਟ ਛਾਪਣ ਦੇ ਬਦਲ ਸੁਝਾਏ ਜਾਣ ਲੱਗੇ ਸਨ, ਮੈਨੂੰ ਨਹੀਂ ਲੱਗਦਾ ਕਿ ਭਾਰਤੀ ਰਿਜ਼ਰਵ ਬੈਂਕ ਨੂੰ ਨੋਟ ਛਾਪਣ ਵਰਗਾ ਕੋਈ ਕਦਮ ਚੁੱਕਣਾ ਚਾਹੀਦਾ ਹੈ।’’

ਆਰ. ਬੀ. ਆਈ. ਦੇ ਕੋਲ ਕਈ ਬਦਲ

ਪਿਛਲੀਆਂ ਕਈ ਤਿਮਾਹੀਆਂ ਤੋਂ ਇਹ ਚਰਚਾ ਚੱਲ ਰਹੀ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੂੰ ਭਾਰਤ ਦੀ ਅਰਥਵਿਵਸਥਾ ਨੂੰ ਮਦਦ ਦੇਣ ਲਈ ਨੋਟ ਛਾਪਣੇ ਚਾਹੀਦੇ ਹਨ । ਇਸ ਦੇ ਨਾਲ ਹੀ ਕੇਂਦਰ ਸਰਕਾਰ ਦੇ ਵਿੱਤੀ ਘਾਟੇ ਨੂੰ ਘੱਟ ਕਰਣ ਲਈ ਵੀ ਨੋਟ ਛਾਪਣ ਦਾ ਬਦਲ ਸੁਝਾਇਆ ਜਾ ਰਿਹਾ ਹੈ। ਆਰ. ਬੀ. ਆਈ. ਦੇ ਵਿੱਤੀ ਘਾਟੇ ਦੇ ਮੋਨੇਟਾਈਜੇਸ਼ਨ ਦਾ ਮਤਲੱਬ ਇਹ ਹੈ ਕਿ ਕੇਂਦਰੀ ਬੈਂਕ ਸਰਕਾਰ ਦੇ ਖਰਚੇ ਲਈ ਨੋਟ ਛਾਪਣ ਦੀ ਵਿਵਸਥਾ ਕਰ ਰਿਹਾ ਹੈ।

ਜੀ. ਡੀ. ਪੀ. ਗ੍ਰੋਥ ਬਿਹਤਰ ਰਹੇਗੀ

ਨੋਟ ਛਾਪਣਾ ਅਸਲ ’ਚ ਕਿਸੇ ਐਮਰਜੈਂਸੀ ਦੀ ਸਥਿਤੀ ’ਚ ਕੇਂਦਰ ਸਰਕਾਰ ਦੇ ਹੱਥ ’ਚ ਮੌਜੂਦ ਪੈਸੇ ਨੂੰ ਪਹਿਲਾਂ ਹੀ ਖਰਚ ਕਰ ਲੈਣ ਵਰਗਾ ਹੈ। ਚੱਕਰਵਰਤੀ ਨੇ ਕਿਹਾ ਕਿ ਭਾਰਤ ਦੀ ਮੌਜੂਦਾ ਮੈਕਰੋਇਕਾਨਮਿਕਸ ਹਲਾਤਾਂ ਦੇ ਹਿਸਾਬ ਨਾਲ ਜੀ. ਡੀ. ਪੀ. ਗ੍ਰੋਥ ਦੀ ਬਿਹਤਰ ਉਮੀਦ ਹੈ ਅਤੇ ਇਹ ਕੋਰੋਨਾ ਇਨਫੈਕਸ਼ਨ ਦੇ ਪਹਿਲੇ ਦੌਰ ਦੇ ਮੁਕਾਬਲੇ ਜ਼ਿਆਦਾ ਬਿਹਤਰ ਸਥਿਤੀ ’ਚ ਹੈ।

ਚੱਕਰਵਰਤੀ ਨੇ ਕਿਹਾ, ‘‘ਮੈਨੂੰ ਅਜਿਹਾ ਲੱਗਦਾ ਹੈ ਕਿ ਦੇਸ਼ ’ਚ ਰਿਕਵਰੀ ’ਚ ਤੇਜ਼ੀ ਆ ਸਕਦੀ ਹੈ ਅਤੇ ਕੋਰੋਨਾ ਸੰਕਟ ਦੇ ਤੀਸਰੇ ਪੜਾਅ ’ਚ ਜ਼ਿਆਦਾ ਗੰਭੀਰ ਸਥਿਤੀ ਨਹੀਂ ਰਹੇਗੀ।’’


author

Harinder Kaur

Content Editor

Related News