ਅਸਮਾਨ ਛੂਹਣ ਲੱਗੇ ਸਬਜ਼ੀਆਂ ਦੇ ਭਾਅ, ਛੇਤੀ ਰਾਹਤ ਦੀ ਉਮੀਦ ਨਹੀਂ

Wednesday, Sep 28, 2022 - 04:43 PM (IST)

ਅਸਮਾਨ ਛੂਹਣ ਲੱਗੇ ਸਬਜ਼ੀਆਂ ਦੇ ਭਾਅ, ਛੇਤੀ ਰਾਹਤ ਦੀ ਉਮੀਦ ਨਹੀਂ

ਨਵੀਂ ਦਿੱਲੀ- ਦੇਸ਼ ’ਚ ਪਿਛਲੇ ਕੁੱਝ ਦਿਨਾਂ ਤੋਂ ਜਾਰੀ ਭਾਰੀ ਮੀਂਹ ਨਾਲ ਸਬਜ਼ੀਆਂ ਦੇ ਰੇਟਾਂ ’ਚ ਭਾਰੀ ਵਾਧਾ ਹੋਇਆ ਹੈ। ਟਮਾਟਰ, ਫੁੱਲ ਗੋਭੀ, ਲੌਕੀ, ਕਰੇਲਾ ਸਮੇਤ ਲਗਭਗ ਸਾਰੀਆਂ ਸਬਜ਼ੀਆਂ ਦੇ ਰੇਟ 25 ਤੋਂ 50 ਫੀਸਦੀ ਤੱਕ ਵਧ ਗਏ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਹਰਿਆਣਾ, ਪੰਜਾਬ, ਹਿਮਾਚਲ ਅਤੇ ਰਾਜਸਥਨ ਸਮੇਤ ਕੁੱਝ ਹੋਰ ਸੂਬਿਆਂ ’ਚ ਪਏ ਮੀਂਹ ਨੇ ਸਬਜ਼ੀਆਂ ਦੀ ਫਸਲ ਨੂੰ ਤਬਾਹ ਕਰ ਦਿੱਤਾ ਹੈ। ਇਸ ਕਾਰਨ ਸਪਲਾਈ ਘੱਟ ਹੋ ਗਈ ਹੈ। ਸਭ ਤੋਂ ਜ਼ਿਆਦਾ ਵਾਧਾ ਮਟਰ ਦੀਆਂ ਕੀਮਤਾਂ ’ਚ ਹੋਇਆ ਹੈ। ਇਸ ਦਾ ਭਾਅ ਕਰੀਬ 100 ਰੁਪਏ ਪ੍ਰਤੀ ਕਿਲੋ ਤੱਕ ਵਧ ਗਿਆ ਹੈ। ਕੁੱਝ ਦਿਨ ਪਹਿਲਾਂ ਇਹ 130 ਤੋਂ 150 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਸੀ। ਹੁਣ ਮਟਰ ਦਾ ਭਾਅ 250 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਹਾਲਾਂਕਿ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਪਿਆਜ਼, ਆਲੂ ਅਤੇ ਸੇਬ, ਨਾਸ਼ਪਤੀ ਅਤੇ ਕੇਲੇ ਵਰਗੇ ਫਲਾਂ ਦੀਆਂ ਕੀਮਤਾਂ ’ਚ ਜ਼ਿਆਦਾ ਬਦਲਾਅ ਨਹੀਂ ਹੋਇਆ ਹੈ। ਹਰਿਆਣਾ, ਪੰਜਾਬ, ਹਿਮਾਚਲ, ਰਾਜਸਥਾਨ ਸਮੇਤ ਦੇਸ਼ ਦੇ ਕਈ ਸਬਜ਼ੀ ਉਤਪਾਦਕ ਸੂਬਿਆਂ ਵਿਚ ਭਾਰੀ ਮੀਂਹ ਕਾਰਨ ਇਸ ਸੀਜ਼ਨ ਸਬਜ਼ੀ ਦੀ ਫਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਹਰਿਆਣਾ ਅਤੇ ਪੰਜਾਬ ’ਚ ਕਈ ਥਾਈਂ ਪਾਣੀ ਭਰ ਚੁੱਕਾ ਹੈ, ਇਸ ਲਈ ਹਾਲੇ ਫਿਲਹਾਲ ਸਬਜ਼ੀਆਂ ਦੇ ਰੇਟ ਘੱਟ ਹੋਣ ਦੇ ਆਸਾਰ ਨਹੀਂ ਹਨ।

ਇਹ ਵੀ ਪੜ੍ਹੋ-ਨਵੇਂ ਹੇਠਲੇ ਪੱਧਰ 'ਤੇ ਰੁਪਿਆ, ਡਾਲਰ ਦੇ ਮੁਕਾਬਲੇ 81.90 ਤੱਕ ਪਹੁੰਚਿਆ
ਟਮਾਟਰ 20 ਰੁਪਏ ਪ੍ਰਤੀ ਕਿਲੋ ਹੋਇਆ ਮਹਿੰਗਾ
ਮੀਂਹ ਕਾਰਨ ਫਸਲ ਖਰਾਬ ਹੋਣ ਦਾ ਅਸਰ ਟਮਾਟਰ ਦੀ ਕੀਮਤ ’ਤੇ ਵੀ ਹੋਇਆ ਹੈ। ਪਹਿਲਾਂ 40 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਟਮਾਟਰ ਹੁਣ 60 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਬੀਨਸ ਅਤੇ ਖੀਰੇ ਦੀਆਂ ਪ੍ਰਚੂਨ ਕੀਮਤਾਂ ’ਚ ਵੀ ਤੇਜ਼ੀ ਆਈ ਹੈ। ਬੀਨਸ ਦਾ ਭਾਅ ਹੁਣ 110 ਰੁਪਏ ਪ੍ਰਤੀ ਕਿਲੋ ਤੱਕ ਹੋ ਗਿਆ ਹੈ ਜਦ ਕਿ ਖੀਰਾ 50-60 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ।

ਇਹ ਵੀ ਪੜ੍ਹੋ-ਬਾਜ਼ਾਰ 'ਚ ਮੰਦੀ ਜਾਰੀ, ਸੈਂਸੈਕਸ 450 ਅੰਕ ਟੁੱਟਿਆ, ਨਿਫਟੀ 16875 ਦੇ ਹੇਠਾਂ
ਗੋਭੀ 100 ਤੋਂ ਪਾਰ
ਇਸ ਵਾਰ ਫੁੱਲਗੋਭੀ ਦਾ ਰੇਟ ਸ਼ੁਰੂ ਤੋਂ ਹੀ ਤੇਜ਼ ਰਿਹਾ ਹੈ। ਹੁਣ ਮੀਂਹ ਨੇ ਅੱਗ ’ਚ ਘਿਓ ਦਾ ਕੰਮ ਕੀਤਾ ਹੈ। ਕੁੱਝ ਦਿਨ ਪਹਿਲਾਂ ਤੱਕ 70-80 ਰੁਪਏ ਪ੍ਰਤੀ ਕਿਲੋ ਵਿਕ ਰਹੀ ਗੋਭੀ ਹੁਣ 100 ਤੋਂ 120 ਰੁਪਏ ਪ੍ਰਤੀ ਕਿਲੋ ਤੱਕ ਹੋ ਗਈ ਹੈ। ਕਰੇਲੇ ਦਾ ਭਾਅ ਵੀ ਹੁਣ 20 ਰੁਪਏ ਵਧ ਕੇ 60 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਗਾਜਰ ਦੀਆਂ ਕੀਮਤਾਂ ’ਚ ਵੀ ਵਾਧਾ ਹੋਇਆ ਹੈ। 50 ਰੁਪਏ ਪ੍ਰਤੀ ਕਿਲੋ ਵਿਕਣ ਵਾਲੀ ਗਾਜਰ ਹੁਣ 70 ਰੁਪਏ ਤੱਕ ਪਹੁੰਚ ਗਈ ਹੈ। ਮੂਲੀ ਦੀਆਂ ਕੀਮਤਾਂ ’ਚ ਵੀ ਵਾਧਾ ਹੋਇਆ ਹੈ ਅਤੇ ਇਨ੍ਹਾਂ ਦਾ ਭਾਅ ਹੁਣ ਲਗਭਗ ਦੁੱਗਣਾ ਹੋ ਗਿਆ। ਮੂਲੀ 60 ਤੋਂ 80 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਹੀ ਹੈ। ਪਹਿਲਾਂ ਇਸ ਦਾ ਭਾਅ 40 ਰੁਪਏ ਪ੍ਰਤੀ ਕਿਲੋ ਸੀ।
ਨਿੰਬੂ ਦੇ ਰੇਟ ਵੀ ਵਧੇ
ਨਿੰਬੂ ਦੇ ਰੇਟ ਵੀ ਹੁਣ 25-30 ਰੁਪਏ ਤੋਂ ਵਧ ਕੇ 40 ਰੁਪਏ ਪ੍ਰਤੀ 250 ਗ੍ਰਾਮ ਹੋ ਗਏ ਹਨ। ਵਪਾਰੀਆਂ ਨੇ ਦੱਸਿਆ ਕਿ ਧਨੀਏ ਦੀ ਕੀਮਤ ਵੀ ਪਹਿਲਾਂ 20 ਰੁਪਏ ਪ੍ਰਤੀ 100 ਗ੍ਰਾਮ ਸੀ ਜੋ ਹੁਣ ਵਧ ਕੇ 30 ਰੁਪਏ ਹੋ ਗਈ ਹੈ। ਨਾਲ ਹੀ ਮਿਰਚ ਦੀ ਕੀਮਤ ਵੀ ਵਧ ਗਈ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News