ਤਾਲਿਬਾਨ ਦੇ ਕਬਜ਼ੇ ਦਾ ਪ੍ਰਭਾਵ, ਭਾਰਤ ''ਚ ਮਹਿੰਗੇ ਹੋ ਸਕਦੇ ਨੇ ਡਰਾਈ ਫਰੂਟਸ!
Tuesday, Aug 17, 2021 - 10:35 AM (IST)
ਨਵੀਂ ਦਿੱਲੀ- ਤਾਲਿਬਾਨ ਨੇ ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਹੈ। ਇਸ ਦਾ ਸਿੱਧਾ ਅਸਰ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਵਪਾਰ 'ਤੇ ਪਵੇਗਾ। ਜਿਸ ਦੀ ਵਜ੍ਹਾ ਨਾਲ ਡਰਾਈ ਫਰੂਟਸ ਯਾਨੀ ਸੁੱਕੇ ਮੇਵੇ ਮਹਿੰਗੇ ਹੋ ਸਕਦੇ ਹਨ। ਭਾਰਤ ਨੇ ਅਫਗਾਨਿਸਤਾਨ ਵਿਚ ਲਗਭਗ 3 ਅਰਬ ਡਾਲਰ (22,251 ਕਰੋੜ ਰੁਪਏ) ਦਾ ਨਿਵੇਸ਼ ਕੀਤਾ ਹੈ। ਦੱਖਣੀ ਏਸ਼ੀਆ ਵਿਚ ਅਫਗਾਨਿਸਤਾਨ ਭਾਰਤ ਲਈ ਸਭ ਤੋਂ ਵੱਡਾ ਬਾਜ਼ਾਰ ਰਿਹਾ ਹੈ।
ਵਿੱਤੀ ਸਾਲ 2020-21 ਵਿਚ ਦੋਹਾਂ ਦੇਸ਼ਾਂ ਵਿਚਕਾਰ 1.4 ਅਰਬ ਡਾਲਰ ਯਾਨੀ 10,387 ਕਰੋੜ ਰੁਪਏ ਦਾ ਵਪਾਰ ਹੋਇਆ ਹੈ, ਜਦੋਂ ਕਿ 2019-20 ਵਿਚ ਵਿਚ ਇਹ 1.5 ਅਰਬ ਡਾਲਰ (11,131 ਕਰੋੜ ਰੁਪਏ) ਦਾ ਸੀ। ਵਿੱਤੀ ਸਾਲ 2020-21 ਵਿਚ ਭਾਰਤ ਨੇ ਅਫਗਾਨਿਸਤਾਨ ਨੂੰ ਤਕਰੀਬਨ 6,129 ਕਰੋੜ ਰੁਪਏ ਦੇ ਉਤਪਾਦ ਬਰਾਮਦ ਕੀਤੇ, ਜਦੋਂ ਕਿ 3,783 ਕਰੋੜ ਰੁਪਏ ਦੇ ਉਤਪਾਦ ਦਰਾਮਦ ਕੀਤੇ ਸਨ।
ਭਾਰਤ ਅਫਗਾਨਿਸਤਾਨ ਤੋਂ ਕਿਸ਼ਮਿਸ਼. ਅਖਰੋਟ, ਬਦਾਮ, ਅੰਜੀਰ, ਪਿਸਤਾ ਵਰਗੇ ਮੇਵੇ ਦਰਾਮਦ ਕਰਦਾ ਹੈ। ਇਸ ਤੋਂ ਇਲਾਵਾ ਅਨਾਰ, ਸੇਬ, ਚੈਰੀ, ਹੀਂਗ, ਤਰਬੂਜ, ਖਰਬੂਜਾ ਜੀਰਾ ਤੇ ਕੇਸਰ ਦੀ ਦਰਾਮਦ ਵੀ ਕਰਦਾ ਹੈ।
ਉੱਥੇ ਹੀ, ਭਾਰਤ ਅਫਗਾਨਿਸਤਾਨ ਨੂੰ ਕਣਕ, ਕੌਫੀ, ਇਲਾਇਚੀ, ਕਾਲੀ ਮਿਰਚ, ਤੰਬਾਕੂ, ਨਾਰੀਅਲ ਅਤੇ ਹੋਰ ਇਸ ਤਰ੍ਹਾਂ ਦੇ ਕਈ ਉਤਪਾਦ ਭੇਜਦਾ ਰਿਹਾ ਹੈ। ਭਾਰਤ ਕੱਪੜੇ, ਮੱਛੀ ਤੋਂ ਬਣੇ ਉਤਪਾਦ, ਵੇਜੀਟੇਬਲ ਘਿਓ, ਵੇਜੀਟੇਬਲ ਆਇਲ ਵੀ ਬਰਾਮਦ ਕਰਦਾ ਰਿਹਾ ਹੈ, ਨਾਲ ਹੀ ਵਣਸਪਤੀ, ਰਸਾਇਣ ਉਤਪਾਦ, ਸਾਬਣ, ਦਵਾਈਆਂ ਤੇ ਇਲੈਕਟ੍ਰੀਕਲ ਸਾਮਾਨ ਅਤੇ ਹੋਰ ਕਈ ਉਤਪਾਦ ਭੇਜਦਾ ਰਿਹਾ ਹੈ। ਪਿਛਲੇ ਦੋ ਦਹਾਕਿਆਂ ਦੌਰਾਨ ਭਾਰਤ ਨੇ ਅਫਗਾਨਿਸਤਾਨ ਦੇ ਵਿਕਾਸ ਲਈ ਬਹੁਤ ਕੁਝ ਕੀਤਾ ਹੈ। ਅਫਗਾਨਿਸਤਾਨ ਦੀ ਸੰਸਦ ਦਾ ਨਿਰਮਾਣ ਵੀ ਭਾਰਤ ਨੇ ਹੀ ਕਰਵਾਇਆ ਹੈ। ਹਾਲਾਂਕਿ, ਮਾਹਰ ਹੁਣ ਤਾਲਿਬਾਨ ਦੇ ਕਬਜ਼ੇ ਕਾਰਨ ਅਫਗਾਨਿਸਤਾਨ ਨਾਲ ਵਪਾਰ ਖ਼ਤਮ ਹੋਣ ਦਾ ਖ਼ਦਸ਼ਾ ਪ੍ਰਗਟਾ ਰਹੇ ਹਨ।