ਵੱਡੀ ਰਾਹਤ! PPF, RD ਜਾਂ ਲਈ ਹੈ ਇਹ ਸਕੀਮ, ਤਾਂ ਜੂਨ ਤੱਕ ਹੋ ਜਾਓ ਬੇਫਿਕਰ
Friday, Apr 10, 2020 - 12:39 AM (IST)
ਨਵੀਂ ਦਿੱਲੀ : ਸਰਕਾਰ ਨੇ ਵਿੱਤੀ ਸਾਲ 2019-20 ਤੇ ਅਪ੍ਰੈਲ 2020 ਲਈ ਵੱਖ-ਵੱਖ ਛੋਟੀਆਂ ਬਚਤ ਸਕੀਮਾਂ ਵਿਚ ਘੱਟੋ-ਘੱਟ ਰਕਮ ਨਿਵੇਸ਼ ਨਾ ਕਰਨ 'ਤੇ ਜੁਰਮਾਨਾ ਚਾਰਜ ਮਾਫ ਕਰ ਦਿੱਤਾ ਹੈ।
ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਡਾਕਘਰ ਵਿਚ ਪਬਲਿਕ ਪ੍ਰੋਵੀਡੈਂਟ ਫੰਡ (ਪੀ. ਪੀ. ਐੱਫ.), RD, ਸੁਕੰਨਿਆ ਸਮ੍ਰਿਧੀ ਆਦਿ ਕੋਈ ਸਕੀਮ ਲਈ ਹੈ ਪਰ ਲਾਕਡਾਊਨ ਹੋਣ ਕਾਰਨ ਤੁਸੀਂ ਵਿੱਤੀ ਸਾਲ 2019-20 ਤੇ ਅਪ੍ਰੈਲ 2020 ਲਈ ਇਸ ਵਿਚ ਪੈਸੇ ਨਹੀਂ ਜਮ੍ਹਾ ਕਰਾ ਸਕੇ ਹੋ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। 30 ਜੂਨ, 2020 ਤੱਕ ਜੁਰਮਾਨਾ ਅਤੇ ਰਿਵਾਈਵਲ ਫੀਸ ਮਾਫ ਕਰ ਦਿੱਤੀ ਗਈ ਹੈ।
ਵਿਭਾਗ ਨੇ ਸਰਕੂਲਰ ਜਾਰੀ ਕਰ ਕਿਹਾ ਹੈ, "ਜੇਕਰ ਕਿਸੇ ਗਾਹਕ ਵੱਲੋਂ 31 ਮਾਰਚ ਨੂੰ ਖਤਮ ਹੋਏ ਵਿੱਤੀ ਸਾਲ 2019-20 ਤੇ ਅਪ੍ਰੈਲ 2020 ਵਿਚ ਪੀ. ਪੀ. ਐੱਫ, RD ਤੇ ਕਿਸੇ ਹੋਰ ਛੋਟੀ ਬਚਤ ਸਕੀਮ ਵਿਚ ਜ਼ਰੂਰੀ ਨਿਵੇਸ਼ ਜਮ੍ਹਾ ਕਰਵਾਉਣਾ ਰਹਿੰਦਾ ਹੈ ਤਾਂ ਉਹ 30 ਜੂਨ ਤੱਕ ਜਮ੍ਹਾ ਕਰਾ ਸਕਦੇ ਹਨ ਅਤੇ ਇਸ ਲਈ ਕੋਈ ਜੁਰਮਾਨਾ ਚਾਰਜ ਨਹੀਂ ਕੀਤਾ ਜਾਵੇਗਾ।" ਵਿੱਤ ਮੰਤਰਾਲਾ ਨੇ ਇਹ ਫੈਸਲਾ ਇਸ ਲਈ ਲਿਆ ਹੈ ਕਿਉਂਕਿ ਦੇਸ਼ ਭਰ ਵਿਚ ਲਾਕਡਾਊਨ ਕਾਰਨ ਬਹੁਤ ਸਾਰੇ ਨਿਵੇਸ਼ਕ ਸਮੇਂ ਸਿਰ ਆਪਣੇ ਖਾਤਿਆਂ ਵਿਚ ਪੈਸੇ ਜਮ੍ਹਾ ਨਹੀਂ ਕਰ ਸਕੇ ਹਨ।
ਮਈ ਵਿਚ ਜਮ੍ਹਾ ਨਾ ਕਰਵਾਉਣ 'ਤੇ ਕੀ ਹੋਵੇਗਾ?
ਹਾਲਾਂਕਿ, ਜੇਕਰ ਤੁਸੀਂ ਮਈ ਮਹੀਨੇ ਲਈ ਸਮੇਂ ਸਿਰ ਡਾਕਘਰ ਦੀ ਜੋ ਕੋਈ ਵੀ PPF ਵਰਗੀ ਛੋਟੀ ਬਚਤ ਸਕੀਮ ਲਈ ਹੈ ਉਸ ਵਿਚ ਪੈਸੇ ਜਮ੍ਹਾ ਨਹੀਂ ਕਰਾਓਗੇ ਤਾਂ ਫਿਰ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ। ਰਾਹਤ ਸਿਰਫ 31 ਮਾਰਚ ਨੂੰ ਖਤਮ ਹੋਏ ਵਿੱਤੀ ਸਾਲ 2019-20 ਤੇ ਅਪ੍ਰੈਲ 2020 ਲਈ ਦਿੱਤੀ ਗਈ ਹੈ। ਪੀ. ਪੀ. ਐੱਫ. ਵਿਚ ਜੇਕਰ ਤੁਸੀਂ ਇਕ ਵਿੱਤੀ ਸਾਲ ਵਿਚ ਘੱਟੋ-ਘੱਟ 500 ਰੁਪਏ ਦਾ ਨਿਵੇਸ਼ ਨਹੀਂ ਕਰਦੇ ਹੋ ਤਾਂ ਤੁਹਾਡਾ ਖਾਤਾ ਉੱਥੇ ਹੀ ਰੁਕ ਜਾਂਦਾ ਹੈ ਅਤੇ 50 ਰੁਪਏ ਦਾ ਜੁਰਮਾਨਾ ਭਰ ਕੇ ਦੁਬਾਰਾ ਚਾਲੂ ਹੁੰਦਾ ਹੈ। ਇਸੇ ਤਰ੍ਹਾਂ ਜੇਕਰ ਤੁਸੀਂ ਹਰ ਮਹੀਨੇ 10 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਵਾਲੀ RD ਕਰਾ ਰੱਖੀ ਹੈ ਤਾਂ ਉਸ ਦਾ ਨਿਵੇਸ਼ ਸਮੇਂ ਸਿਰ ਜਮ੍ਹਾ ਨਾ ਕਰਵਾਉਣ 'ਤੇ 100 ਰੁਪਏ ਜੁਰਮਾਨਾ ਫੀਸ ਲੱਗਦੀ ਹੈ।