ਜੁਲਾਈ ਦੇ ਪਹਿਲੇ ਹਫ਼ਤੇ ਬਿਜਲੀ ਦੀ ਖ਼ਪਤ ਕੋਵਿਡ ਤੋਂ ਪਹਿਲਾਂ ਦੇ ਪੱਧਰ ''ਤੇ ਪਹੁੰਚੀ

Sunday, Jul 11, 2021 - 03:31 PM (IST)

ਨਵੀਂ ਦਿੱਲੀ- ਦੇਸ਼ ਵਿਚ ਬਿਜਲੀ ਖ਼ਪਤ ਜੁਲਾਈ ਦੇ ਪਹਿਲੇ ਹਫ਼ਤੇ ਪਿਛਲੇ ਸਾਲ ਇਸੇ ਮਿਆਦ ਦੇ ਮੁਕਾਬਲੇ ਤਕਰੀਬਨ 18 ਫ਼ੀਸਦੀ ਵੱਧ ਕੇ 30.33 ਅਰਬ ਯੂਨਿਟ ਰਹੀ ਅਤੇ ਕੋਵਿਡ ਤੋਂ ਪਹਿਲਾਂ ਦੇ ਪੱਧਰ 'ਤੇ ਪਹੁੰਚ ਗਈ। ਇਸ ਦਾ ਮੁੱਖ ਕਾਰਨ ਕੋਵਿਡ ਦੀ ਦੂਜੀ ਲਹਿਰ ਪਿੱਛੋਂ ਪਾਬੰਦੀਆਂ ਵਿਚ ਢਿੱਲ ਤੇ ਮਾਨਸੂਨ ਵਿਚ ਦੇਰੀ ਹੈ।

ਬਿਜਲੀ ਮੰਤਰਾਲਾ ਅਨੁਸਾਰ, ਦੇਸ਼ ਵਿਚ ਬਿਜਲੀ ਖ਼ਪਤ ਪਿਛਲੇ ਸਾਲ ਜੁਲਾਈ ਦੇ ਪਹਿਲੇ ਹਫ਼ਤੇ ਵਿਚ 25.72 ਅਰਬ ਯੂਨਿਟ ਸੀ। ਸਾਲ 2019 ਜੁਲਾਈ ਦੇ ਪਹਿਲੇ ਹਫ਼ਤੇ ਦੇਸ਼ ਵਿਚ ਬਿਜਲੀ ਖ਼ਪਤ 26.63 ਅਰਬ ਯੂਨਿਟ ਦਰਜ ਕੀਤੀ ਗਈ ਸੀ। ਇਸ ਦਾ ਮਤਲਬ ਹੈ ਕਿ ਬਿਜਲੀ ਖ਼ਪਤ ਸਾਲਾਨਾ ਆਧਾਰ 'ਤੇ ਨਾ ਸਿਰਫ਼ ਵਧੀ ਹੈ ਸਗੋਂ ਕੋਵਿਡ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ 'ਤੇ ਵੀ ਪਹੁੰਚ ਗਈ ਹੈ।

ਮੰਤਰਾਲਾ ਅਨੁਸਾਰ, ਜੁਲਾਈ 2020 ਵਿਚ ਬਿਜਲੀ ਖ਼ਪਤ 112.14 ਅਰਬ ਯੂਨਿਟ ਸੀ, ਜਦੋਂ ਕਿ 2019 ਜੁਲਾਈ ਦੀ ਬਿਜਲੀ 116.48 ਅਰਬ ਯੂਨਿਟ ਸੀ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੁਲਾਈ ਦੇ ਪਹਿਲੇ ਹਫ਼ਤੇ ਵਿਚ ਬਿਜਲੀ ਦੀ ਮੰਗ ਅਤੇ ਖ਼ਪਤ ਵਿਚ ਸੁਧਾਰ ਮੁੱਖ ਤੌਰ 'ਤੇ ਮਾਨਸੂਨ ਵਿਚ ਦੇਰੀ ਅਤੇ ਸੂਬਿਆਂ ਵੱਲੋਂ ਲਾਕਡਾਊਨ ਪਾਬੰਦੀਆਂ ਵਿਚ ਢਿੱਲ ਦੇਣ ਨਾਲ ਆਰਥਿਕ ਸਰਗਮੀਆਂ ਵਿਚ ਸੁਧਾਰ ਕਾਰਨ ਹੋਇਆ ਹੈ। 

ਉਨ੍ਹਾਂ ਕਿਹਾ ਕਿ ਜੁਲਾਈ ਦੇ ਪਹਿਲੇ ਹਫ਼ਤੇ ਵਿਚ ਬਿਜਲੀ ਦੀ ਮੰਗ ਅਤੇ ਖ਼ਪਤ ਕੋਵਿਡ ਤੋਂ ਪਹਿਲਾਂ ਦੇ ਪੱਧਰ 'ਤੇ ਵਾਪਸ ਆ ਗਈ ਹੈ। ਇਸ ਤੋਂ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਸ ਖੇਤਰ ਵਿਚ ਮਜਬੂਤ ਸੁਧਾਰ ਹੋਵੇਗਾ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਬਿਜਲੀ ਦੀ ਵਪਾਰਕ ਤੇ ਉਦਯੋਗਿਕ ਮੰਗ ਵਿਚ ਜੁਲਾਈ ਤੋਂ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਮੰਤਰਾਲਾ ਅਨੁਸਾਰ, ਜੁਲਾਈ ਦੇ ਪਹਿਲੇ ਹਫ਼ਤੇ ਵਿਚ ਬਿਜਲੀ ਦੀ ਮੰਗ 200.57 ਗੀਗਾਵਾਟ ਨਾਲ ਹੁਣ ਤੱਕ ਦੇ ਉੱਚ ਪੱਧਰ 'ਤੇ ਪਹੁੰਚ ਗਈ। ਨਵੇਂ ਅੰਕੜਿਆਂ ਅਨੁਸਾਰ, ਦੇਸ਼ ਵਿਚ 7 ਜੁਲਾਈ 2021 ਨੂੰ ਬਿਜਲੀ ਦੀ ਖਪਤ 450.8 ਕਰੋੜ ਯੂਨਿਟ ਰਿਕਾਰਡ ਕੀਤੀ ਗਈ, ਜੋ ਕਿ ਅੱਜ ਤੱਕ ਦੀ ਬਿਜਲੀ ਦੀ ਸਭ ਤੋਂ ਵੱਧ ਖਪਤ ਹੈ।


Sanjeev

Content Editor

Related News