ਮਹਿੰਗਾਈ ਦੀ ਮਾਰ, ਆਲੂ-ਟਮਾਟਰ ਦੇ ਤੇਵਰ ਤਿੱਖੇ, ਪਿਆਜ਼ ਰੁਆਉਣ ਨੂੰ ਬੇਕਰਾਰ, ਹਰਾ ਧਨੀਆ 400 ਤੋਂ ਪਾਰ

Saturday, Sep 12, 2020 - 08:56 AM (IST)

ਮਹਿੰਗਾਈ ਦੀ ਮਾਰ, ਆਲੂ-ਟਮਾਟਰ ਦੇ ਤੇਵਰ ਤਿੱਖੇ, ਪਿਆਜ਼ ਰੁਆਉਣ ਨੂੰ ਬੇਕਰਾਰ, ਹਰਾ ਧਨੀਆ 400 ਤੋਂ ਪਾਰ

ਨਵੀਂ ਦਿੱਲੀ (ਇੰਟ.) : ਕੋਰੋਨਾ ਨੇ ਜਿਥੇ ਲੋਕਾਂ ਦੀ ਸਿਹਤ ਅਤੇ ਵਿੱਤੀ ਸਿਹਤ ਖ਼ਰਾਬ ਕਰ ਦਿੱਤੀ ਹੈ, ਉਥੇ ਹੀ ਮਹਿੰਗਾਈ ਕੋਹੜ 'ਚ ਖਾਰਿਸ਼ ਦਾ ਕੰਮ ਕਰ ਰਹੀ ਹੈ। ਆਮ ਲੋਕਾਂ ਦੀ ਥਾਲੀ 'ਚ ਸਬਜ਼ੀਆਂ ਹੁਣ ਘੱਟ ਹੋਣ ਲੱਗੀਆਂ ਹਨ। ਇਸ ਦਾ ਸਭ ਤੋਂ ਵੱਡਾ ਕਾਰਣ ਜ਼ਰੂਰੀ ਚੀਜ਼ਾਂ 'ਚ ਸ਼ਾਮਲ ਸਬਜ਼ੀਆਂ ਦੀਆਂ ਕੀਮਤਾਂ 'ਚ ਬੇਲਗਾਮ ਵਾਧਾ ਹੈ। ਆਲੂ-ਟਮਾਟਰ ਦੇ ਤੇਵਰ ਤਿੱਖੇ ਹੋ ਰਹੇ ਹਨ ਯਾਨੀ ਇਨ੍ਹਾਂ ਦੇ ਭਾਅ ਚੜ੍ਹ ਰਹੇ ਹਨ, ਉਥੇ ਹੀ ਪਿਆਜ਼ ਵੀ ਲੋਕਾਂ ਨੂੰ ਰੁਆਉਣ ਲਈ ਬੇਕਰਾਰ ਹੈ। ਹੁਣ ਰਹੀ-ਸਹੀ ਕਸਰ ਹਰਾ ਧਨੀਆ ਕੱਢ ਰਿਹਾ ਹੈ। ਹਰੇ ਧਨੀਏ ਦੇ ਭਾਅ 400 ਰੁਪਏ ਤੋਂ ਪਾਰ ਪਹੁੰਚ ਗਏ ਹਨ।

ਬੀਤੇ ਇਕ ਮਹੀਨੇ ਦੌਰਾਨ ਪਿਆਜ਼ ਦੀਆਂ ਕੀਮਤਾਂ ਦੁੱਗਣੀਆਂ ਹੋ ਚੁੱਕੀਆਂ ਹਨ। ਟਮਾਟਰ ਕਈ ਥਾਵਾਂ 'ਤੇ ਸੈਂਕੜਾ ਲਗਾ ਰਿਹਾ ਹੈ, ਆਲੂ ਅਰਧ ਸੈਂਕੜਾ ਪੂਰਾ ਕਰ ਚੁੱਕਾ ਹੈ ਅਤੇ ਪਿਆਜ਼ ਵੀ ਮਹਿੰਗਾ ਹੋ ਰਿਹਾ ਹੈ। ਖ਼ਪਤਕਾਰ ਮਾਮਲੇ, ਖ਼ੁਰਾਕ ਅਤੇ ਜਨਤਕ ਵੰਡ ਮੰਤਰਾਲਾ ਦੀ ਵੈੱਬਸਾਈਟ ਮੁਤਾਬਕ 10 ਸਤੰਬਰ ਨੂੰ ਆਲੂ 20 ਤੋਂ 60, ਪਿਆਜ਼ 13 ਤੋਂ 60 ਅਤੇ ਟਮਾਟਰ 50 ਤੋਂ 100 ਰੁਪਏ ਵਿਕ ਰਿਹਾ ਸੀ। ਉਥੇ ਹੀ ਹਰੀਆਂ ਸਬਜ਼ੀਆਂ ਵੀ ਹੁਣ ਲਾਲ ਹੋ ਰਹੀਆਂ ਹਨ। ਪਿਛਲੇ ਇਕ ਹਫ਼ਤੇ 'ਚ ਤੋਰੀ, ਭਿੰਡੀ, ਪਰਵਲ ਦੇ ਭਾਅ 'ਚ 20 ਤੋਂ 40 ਫ਼ੀਸਦੀ ਤੱਕ ਵਾਧਾ ਹੋਇਆ ਹੈ।

ਆਮ ਆਦਮੀ ਨੂੰ ਹਾਲੇ ਹੋਰ ਸਤਾਏਗੀ ਮਹਿੰਗਾਈ
ਆਲੂ, ਪਿਆਜ਼, ਟਮਾਟਰ ਅਤੇ ਹਰੀਆਂ ਸਬਜ਼ੀਆਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਆਮ ਆਦਮੀ ਨੂੰ ਹਾਲੇ ਮਹਿੰਗਾਈ ਤੋਂ ਰਾਹਤ ਨਹੀਂ ਮਿਲਣ ਵਾਲੀ ਹੈ। ਹਾਲੇ 3 ਮਹੀਨੇ ਹੋਰ ਮਹਿੰਗਾਈ ਦੀ ਮਾਰ ਪੈ ਸਕਦੀ ਹੈ। ਅਜਿਹਾ ਖਦਸ਼ਾ ਐੱਸ. ਬੀ. ਆਈ. ਇਕੋਰੈਪ ਦੀ ਤਾਜ਼ੀ ਰਿਪੋਰਟ 'ਚ ਪ੍ਰਗਟਾਇਆ ਗਿਆ ਹੈ। ਰਿਪੋਰਟ ਮੁਤਾਬਕ ਪ੍ਰਚੂਨ ਮਹਿੰਗਾਈ ਦਰ ਹੁਣ ਦਸੰਬਰ ਤੋਂ ਬਾਅਦ ਹੀ 4 ਫ਼ੀਸਦੀ ਤੋਂ ਹੇਠਾਂ ਆਏਗੀ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਸ 'ਚ ਇਸ ਸਮੇਂ ਆਇਆ ਉਛਾਲ ਕੋਰੋਨਾ ਕਾਰਣ ਸਪਲਾਈ ਚੇਨ ਦਾ ਟੁੱਟਣਾ ਹੈ। ਨਾਲ ਹੀ ਸਰਕਾਰ ਵਲੋਂ ਕੀਤੀ ਗਈ ਭਾਰੀ ਖ਼ਰੀਦ ਨਾਲ ਵੀ ਕੀਮਤਾਂ ਵਧੀਆਂ ਹਨ।

ਰਿਪੋਰਟ ਮੁਤਾਬਕ ਅਗਸਤ ਦਾ ਖ਼ਪਤਕਾਰ ਮੁੱਲ ਸੂਚਕ ਅੰਕ 'ਤੇ ਆਧਾਰਿਤ ਮੁਦਰਾ ਦੇ ਫੈਲਾਅ ਦਾ ਅੰਕੜਾ 7 ਫ਼ੀਸਦੀ ਜਾਂ ਉਸ ਤੋਂ ਉੱਪਰ ਬਣਿਆ ਰਹਿ ਸਕਦਾ ਹੈ। ਇਹ ਅੰਕੜਾ ਸੋਮਵਾਰ ਨੂੰ ਯਾਨੀ 14 ਸਤੰਬਰ ਨੂੰ ਜਾਰੀ ਹੋਵੇਗਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਕੋਵਿਡ-19 ਦੀ ਇਨਫੈਕਸ਼ਨ ਹੁਣ ਪੇਂਡੂ ਇਲਾਕਿਆਂ 'ਚ ਜਿਸ ਤਰ੍ਹਾਂ ਵਧ ਰਿਹਾ ਹੈ, ਉਸ ਨਾਲ ਇਹ ਮੰਨਣਾ ਔਖਾ ਹੈ ਕਿ ਸਪਲਾਈ ਚੇਨ ਛੇਤੀ ਫਿਰ ਤੋਂ ਨਾਰਮਲ ਹੋਵੇਗੀ। ਇਸ ਸਥਿਤੀ 'ਚ ਮੁਦਰਾ ਦਾ ਫੈਲਾਅ ਵਧਣ ਦਾ ਹੀ ਖ਼ਤਰਾ ਹੈ। ਦੱਸ ਦਈਏ ਕਿ ਭਾਰਤੀ ਰਿਜ਼ਰਵ ਬੈਂਕ ਨੂੰ ਮੁਦਰਾ ਦੇ ਫੈਲਾਅ ਨੂੰ ਹੱਦ ਤੋਂ ਹੱਦ 2 ਫ਼ੀਸਦੀ ਘੱਟ-ਵੱਧ ਨਾਲ 4 ਫ਼ੀਸਦੀ ਦੇ ਲਗਭਗ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।


author

cherry

Content Editor

Related News