IPO ਨਾਲ ਬਾਜ਼ਾਰ ''ਚ ਜਲਦ ਦਸਤਕ ਦੇਣ ਜਾ ਰਹੀ ਹੈ ਹੁਣ ਪਾਲਿਸੀ ਬਾਜ਼ਾਰ

Monday, Aug 02, 2021 - 03:39 PM (IST)

IPO ਨਾਲ ਬਾਜ਼ਾਰ ''ਚ ਜਲਦ ਦਸਤਕ ਦੇਣ ਜਾ ਰਹੀ ਹੈ ਹੁਣ ਪਾਲਿਸੀ ਬਾਜ਼ਾਰ

ਨਵੀਂ ਦਿੱਲੀ- ਪਾਲਿਸੀ ਬਾਜ਼ਾਰ ਦੀ ਮੂਲ ਕੰਪਨੀ ਪੀ. ਬੀ. ਫਿਨਟੈਕ ਨੇ ਆਈ. ਪੀ. ਓ. ਲਈ ਸੇਬੀ ਨੂੰ ਖਰੜਾ ਸੌਂਪ ਦਿੱਤਾ ਹੈ। ਇਸ ਆਈ. ਪੀ. ਓ. ਰਾਹੀਂ ਕੰਪਨੀ ਨੇ 6,017 ਕਰੋੜ ਰੁਪਏ ਜੁਟਾਉਣ ਦਾ ਟੀਚਾ ਰੱਖਿਆ ਹੈ। ਪਾਲਿਸੀ ਬਾਜ਼ਾਰ ਦੀ ਦੂਜੀ ਕੰਪਨੀ ਪੈਸਾ ਬਾਜ਼ਾਰ ਹੈ। ਦੋਵੇਂ ਆਨਲਾਈਨ ਪਲੇਟਫਾਰਮ ਹਨ।

ਪੀਬੀ ਫਿਨਟੈਕ ਨਵੀਆਂ ਫਿਨਟੈਕ ਕੰਪਨੀਆਂ ਦੀ ਸੂਚੀ ਵਿਚ ਸ਼ਾਮਲ ਹੋ ਗਈ ਹੈ, ਜੋ ਆਈ. ਪੀ. ਓ. ਲਾਂਚ ਕਰਨ ਦੀ ਯੋਜਨਾ ਬਣਾ ਰਹੀਆਂ ਹਨ। ਇਸ ਵਿਚ ਪੇਟੀਐੱਮ, ਮੋਬਿਕਵਿਕ, ਨਾਇਕਾ ਵਰਗੀਆਂ ਕੰਪਨੀਆਂ ਹਨ। ਜ਼ੋਮੈਟੋ ਦਾ ਇਸ਼ੂ ਆ ਚੁੱਕਾ ਹੈ ਜਦੋਂ ਕਿ ਹੋਰ ਕੰਪਨੀਆਂ ਅਜੇ ਸ਼ੇਅਰ ਬਾਜ਼ਾਰ ਵਿਚ ਆਉਣੀਆਂ ਹਨ। ਪੇਟੀਐੱਮ ਤੇ ਮੋਬਿਕਵਿਕ ਨੇ ਵੀ ਸੇਬੀ ਕੋਲ ਦਸਤਾਵੇਜ਼ ਜਮ੍ਹਾਂ ਕਰਵਾਏ ਹਨ।

ਪਾਲਿਸੀ ਬਾਜ਼ਾਰ ਦੀ ਪੇਰੈਂਟ ਕੰਪਨੀ ਪੀ. ਬੀ. ਫਿਨਟੈਕ ਤੇ ਇਸ ਦੇ ਹਿੱਸੇਦਾਰ ਮਿਲ ਕੇ 6,017 ਕਰੋੜ ਰੁਪਏ ਜੁਟਾਉਣਾ ਚਾਹੁੰਦੇ ਹਨ। ਇਸ ਵਿਚ 3,750 ਕਰੋੜ ਰੁਪਏ ਨਵੇਂ ਸ਼ੇਅਰਾਂ ਜ਼ਰੀਏ ਜੁਟਾਏ ਜਾਣੇ ਹਨ, ਜਦੋਂ ਕਿ 2,267 ਕਰੋੜ ਰੁਪਏ ਆਫਰ ਫਾਰ ਸੇਲ (ਓ. ਐੱਫ. ਐੱਸ.) ਜ਼ਰੀਏ ਜੁਟਾਇਆ ਜਾਵੇਗਾ। ਓ. ਐੱਫ. ਐੱਸ. ਵਿਚ ਐੱਸ. ਐੱਫ. ਵੀ. ਸਭ ਤੋਂ ਵੱਡੀ ਪ੍ਰਾਈਵੇਟ ਇਕੁਇਟੀ ਫਰਮ ਹੈ ਜੋ ਸ਼ੇਅਰ ਵੇਚੇਗੀ। ਇਸ ਤੋਂ ਇਲਾਵਾ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਯਾਸ਼ੀਸ਼ ਦਾਹੀਯਾ ਵੀ ਆਪਣੇ ਕੁਝ ਸ਼ੇਅਰ ਵੇਚਣਗੇ।

ਕੰਪਨੀ ਨੇ ਕਿਹਾ ਕਿ ਇਸ਼ੂ ਜ਼ਰੀਏ ਜੁਟਾਏ ਪੈਸੇ ਦਾ ਇਸਤੇਮਾਲ ਗਾਹਕਾਂ ਆਧਾਰ ਵਧਾਉਣ ਲਈ ਨਵੇਂ ਮੌਕਿਆਂ 'ਤੇ ਖ਼ਰਚ ਹੋਵੇਗਾ। ਇਸ ਵਿਚ ਆਫਲਾਈਨ ਮੌਜੂਦਗੀ ਵੀ ਹੋਵੇਗੀ। ਰਣਨੀਤਕ ਨਿਵੇਸ਼ ਹੋਵੇਗਾ ਅਤੇ ਕੁਝ ਕੰਪਨੀਆਂ ਨੂੰ ਖ਼ਰੀਦਣ ਦੀ ਵੀ ਯੋਜਨਾ ਹੈ। ਇਸ ਤੋਂ ਇਲਾਵਾ ਭਾਰਤ ਤੋਂ ਬਾਹਰ ਵੀ ਕੰਪਨੀ ਆਪਣਾ ਕਾਰੋਬਾਰ ਵਧਾਉਣ 'ਤੇ ਗੌਰ ਕਰੇਗੀ। ਕੰਪਨੀ ਨੂੰ ਮਾਰਚ 2019 ਵਿਚ 150 ਕਰੋੜ ਰੁਪਏ, ਮਾਰਚ 2020 ਵਿਚ 304 ਕਰੋੜ ਅਤੇ ਮਾਰਚ 2021 ਵਿਚ 347 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਸੇਬੀ ਨੂੰ ਸੌਂਪੇ ਗਏ ਖਰੜੇ ਵਿਚ ਕੰਪਨੀ ਨੇ ਕਿਹਾ ਹੈ ਕਿ ਸਾਡਾ ਅਨੁਮਾਨ ਹੈ ਕਿ ਅੱਗੇ ਚੱਲ ਕੇ ਸਾਡੀ ਲਾਗਤ ਵਧੇਗੀ ਅਤੇ ਸਾਡਾ ਘਾਟਾ ਲਗਾਤਾਰ ਬਣਿਆ ਰਹੇਗਾ।


author

Sanjeev

Content Editor

Related News